ਬੰਗਾ -ਪਿਛਲੇ ਇਕ ਮਹੀਨੇ ਤੋਂ ਕਿਰਾਏ ਦੇ ਮਕਾਨ ਵਿਚ ਆਪਣੇ ਪ੍ਰਵਾਸੀ ਮਾਤਾ ਪਿਤਾ ਨਾਲ ਰਹਿ ਰਹੇ ,ਇਕ ਪ੍ਰਵਾਸੀ ਨਾਬਾਲਗ ਲੜਕੇ ਵੱਲੋਂ 7 ਸਾਲਾ ਕੁੜੀ ਨੂੰ ਖੇਡਣ ਦੇ ਬਹਾਨੇ ਬੁਲਾ ਕੇ ਉਸ ਨਾਲ ਜਬਰੀ ਸਰੀਰਕ ਸੰਬੰਧ ਬਣਾਏ ਗਏ। ਮਿਲੀ ਜਾਣਕਾਰੀ ਮੁਤਾਬਕ ਪ੍ਰਵਾਸੀ ਪਰਿਵਾਰ ਇਕ ਮਹੀਨੇ ਤੋਂ ਕਿਰਾਏ ’ਤੇ ਮਕਾਨ ਲੈ ਕੇ ਉਕਤ ਘਰ ਦੇ ਚੁਬਾਰੇ ਵਿਚ ਰਹਿ ਰਿਹਾ ਹੈ ਅਤੇ ਹੇਠਾਂ ਘਰ ਦੇ ਮਾਲਕ ਰਹਿ ਰਹੇ ਹਨ।
ਬੀਤੇ ਦਿਨ ਦੇਰ ਸ਼ਾਮ ਪ੍ਰਵਾਸੀ ਕਿਰਾਏਦਾਰ ਦੇ ਨਾਬਾਲਗ ਲੜਕੇ ਦੁਆਰਾ ਘਰ ਦੇ ਮਾਲਕ ਦੀ ਨਾਬਾਲਗ ਕੁੜੀ ਨੂੰ ਖੇਡਣ ਦੇ ਬਹਾਨੇ ਚੁਬਾਰੇ ’ਤੇ ਬੁਲਾਇਆ ਅਤੇ ਫਿਰ ਉਸ ਨਾਲ ਜ਼ਬਰਦਸਤੀ ਸਰੀਰਕ ਸੰਬੰਧ ਬਣਾਉਣੇ ਸ਼ੁਰੂ ਕਰ ਦਿੱਤੇ। ਜਿਸ ਦੀ ਭਿਣਕ ਵਿਦੇਸ਼ ’ਚ ਬੈਠੀ ਨਾਬਾਲਗਾ ਦੀ ਦਾਦੀ ਨੂੰ ਲੱਗੀ, ਜਿਸ ਨੇ ਵਿਦੇਸ਼ ਤੋਂ ਹੀ ਆਪਣੇ ਗੁਆਂਢ ਰਹਿੰਦੇ ਪਰਿਵਾਰ ਨੂੰ ਫੋਨ ’ਤੇ ਦੱਸਿਆ ਕਿ ਉਨ੍ਹਾਂ ਦੇ ਘਰ ਚੁਬਾਰੇ ਵਿਚ ਕਿਰਾਏ ’ਤੇ ਰਹਿੰਦੇ ਪ੍ਰਵਾਸੀ ਪਰਿਵਾਰ ਦਾ ਨਾਬਾਲਗ ਲੜਕਾ ਉਨ੍ਹਾਂ ਦੀ ਨਾਬਾਲਗ ਕੁੜੀ ਨੂੰ ਆਪਣੇ ਨਾਲ ਚੁਬਾਰੇ ਵਿਚ ਲੈ ਗਿਆ ਹੈ ਅਤੇ ਕਾਫ਼ੀ ਟਾਈਮ ਬੀਤ ਚੁੱਕਾ ਹੈ ਅਤੇ ਕੁੜੀ ਚੁਬਾਰੇ ਤੋਂ ਹੇਠਾਂ ਨਹੀਂ ਆਈ, ਨੂੰ ਜਾ ਕੇ ਦੇਖਣ ਲਈ ਕਿਹਾ।
ਜੋ ਗੁਆਂਢਣ ਉਨ੍ਹਾਂ ਦਾ ਫੋਨ ਸੁਣਦੇ ਹੀ ਉਨ੍ਹਾਂ ਦੇ ਘਰ ਚੁਬਾਰੇ ‘ਚ ਗਈ ਅਤੇ ਹੈਰਾਨ ਹੋ ਗਈ, ਜਿਸ ਨੇ ਨਾਬਾਲਗਾ ਨੂੰ ਸਾਰੀ ਗੱਲ ਪੁੱਛੀ ਤਾਂ ਨਾਬਾਲਗਾ ਨੇ ਵੀ ਆਪਣੇ ਨਾਲ ਵਾਪਰੇ ਸਾਰੇ ਘਟਨਾਕ੍ਰਮ ਦੀ ਗੱਲ ਉਸ ਨੂੰ ਦੱਸੀ। ਜਿਸ ਤੋਂ ਬਾਅਦ ਗੁਆਂਢਣ ਦੁਆਰਾ ਵਿਦੇਸ਼ ਬੈਠੀ ਨਾਬਾਲਗ ਕੁੜੀ ਦੀ ਦਾਦੀ ਅਤੇ ਘਰ ਬੈਠੀ ਬਜ਼ੁਰਗ ਨਾਲ ਸਲਾਹ ਮਸ਼ਵਰਾ ਕਰਨ ਉਪਰੰਤ ਇਸ ਦੀ ਸ਼ਿਕਾਇਤ ਪੁਲਸ ਨੂੰ ਦਿੱਤੀ। ਜੋ ਸ਼ਿਕਾਇਤ ਮਿਲਦੇ ਹੀ ਪੁਲਸ ਅਧੀਕਾਰੀ ਸਮੇਤ ਪੁਲਸ ਪਾਰਟੀ ਮੌਕੇ ‘ਤੇ ਪੁੱਜ ਗਏ ਅਤੇ ਨਾਬਾਲਗਾ ਨੂੰ ਨਾਲ ਲੈ ਕੇ ਉਸ ਦੀ ਡਾਕਟਰੀ ਜਾਂਚ ਉਪਰੰਤ ਗੁਆਂਢ ਵਿਚ ਰਹਿੰਦੀ ਔਰਤ ਦੇ ਬਿਆਨਾਂ ’ਤੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ।















