ਸਚਿਨ ਪਾਇਲਟ ਦੀ ਪੰਜਾਬ ਕਾਂਗਰਸ ਇੰਚਾਰਜ ਵਜੋਂ ਨਿਯੁਕਤੀ ‘ਤੇ ਰਾਜਾ ਵੜਿੰਗ ਦਾ ਵੱਡਾ ਬਿਆਨ

ਚੰਡੀਗੜ੍ਹ : ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਅੰਮ੍ਰਿਤਸਰ ਤੋਂ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਅਤੇ ਸਾਬਕਾ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਨੇ ਦਿੱਲੀ ਸਥਿਤ ਕਾਂਗਰਸ ਹੈੱਡਕੁਆਰਟਰ ਵਿਖੇ ਪੰਜਾਬ ਦੇ ਨਵੇਂ ਨਿਯੁਕਤ ਕੀਤੇ ਗਏ ਇੰਚਾਰਜ ਸਚਿਨ ਪਾਇਲਟ ਨਾਲ ਮੁਲਾਕਾਤ ਕੀਤੀ। ਵੜਿੰਗ ਨੇ ਕਿਹਾ ਕਿ ਪਾਇਲਟ ਦੇਸ਼ ਦੇ ਹਮੇਸ਼ਾ ਹੀ ਇਕ ਬੇਹੱਦ ਲੋਕਪ੍ਰਿਯ ਅਤੇ ਮੰਗ ਵਾਲੇ ਆਗੂ ਰਹੇ ਹਨ। ਉਨ੍ਹਾਂ ਦੱਸਿਆ ਕਿ ਜਦੋਂ ਉਹ ਇੰਡੀਅਨ ਯੂਥ ਕਾਂਗਰਸ ਦੇ ਪ੍ਰਧਾਨ ਸਨ, ਉਸ ਸਮੇਂ ਰਾਹੁਲ ਗਾਂਧੀ ਅਤੇ ਪ੍ਰਿਯੰਕਾ ਗਾਂਧੀ ਵਾਡਰਾ ਤੋਂ ਬਾਅਦ ਸਚਿਨ ਪਾਇਲਟ ਦੀ ਸਭ ਤੋਂ ਵੱਧ ਮੰਗ ਰਹਿੰਦੀ ਸੀ। ਆਗੂਆਂ ਨੇ ਪਾਇਲਟ ਨੂੰ ਜਨਮਦਿਨ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਫੁੱਲ ਭੇਂਟ ਕਰ ਕੇ ਉਨ੍ਹਾਂ ਦੀ ਨਵੀਂ ਜ਼ਿੰਮੇਵਾਰੀ ਲਈ ਵੀ ਵਧਾਈ ਦਿੱਤੀ। ਬਾਅਦ ’ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਪੰਜਾਬ ’ਚ ਕਾਂਗਰਸ ਦੀ ਪੂਰੀ ਲੀਡਰਸ਼ਿਪ ਅਤੇ ਪਾਰਟੀ ਦਾ ਹਰ ਵਰਕਰ ਪੂਰੀ ਤਰ੍ਹਾਂ ਇਕਜੁੱਟ ਹੈ ਤੇ ਬਹੁਤ ਜਲਦ ਪੂਰੀ ਲੀਡਰਸ਼ਿਪ ਇੱਕੋ ਮੰਚ ’ਤੇ ਨਜ਼ਰ ਆਵੇਗੀ। ਪਾਇਲਟ ਦੀ ਆਮਦ ਨਾਲ ਪਾਰਟੀ ਨੂੰ ਨਵੀਂ ਮਜ਼ਬੂਤੀ ਮਿਲੇਗੀ ਅਤੇ ਆਉਣ ਵਾਲੇ ਸਮੇਂ ’ਚ ਕਾਂਗਰਸ ਦੇ ਆਗੂ ਇੱਕ ਮੰਚ ’ਤੇ ਇਕੱਠੇ ਹੋ ਕੇ ਪੰਜਾਬ ਲਈ ਲੜਾਈ ਲੜਨਗੇ।
ਉਨ੍ਹਾਂ ਕਿਹਾ ਕਿ ਪਾਰਟੀ ’ਚ ਥੋੜੇ-ਮੋਟੇ ਮਨ-ਮੁਟਾਅ ਹੋ ਸਕਦੇ ਹਨ ਪਰ ਇਸ ਨੂੰ ਨਾਰਾਜ਼ਗੀ ਨਹੀਂ ਕਿਹਾ ਜਾ ਸਕਦਾ। ਉਨ੍ਹਾਂ ਦੱਸਿਆ ਕਿ ਉਹ ਸਚਿਨ ਪਾਇਲਟ ਨੂੰ ਜਨਮ ਦਿਨ ਦੀ ਵਧਾਈ ਦੇਣ ਲਈ ਮਿਲਣ ਗਏ ਸਨ ਅਤੇ ਇਸ ਦੌਰਾਨ ਪੰਜਾਬ ਕਾਂਗਰਸ ਦੇ ਇੰਚਾਰਜ ਵਜੋਂ ਉਨ੍ਹਾਂ ਨਾਲ ਪਹਿਲੀ ਵਾਰ ਮੁਲਾਕਾਤ ਵੀ ਹੋਈ। ਜਦੋਂ ਵੀ ਉਹ ਸਚਿਨ ਪਾਇਲਟ ਨੂੰ ਮਿਲਦੇ ਹਨ ਤਾਂ ਉਨ੍ਹਾਂ ਨਾਲ ਵਿਚਾਰ-ਵਟਾਂਦਰਾ ਕਰਦੇ ਹਨ ਅਤੇ ਉਨ੍ਹਾਂ ਦਾ ਮਾਰਗਦਰਸ਼ਨ ਲੈਂਦੇ ਹਨ। ਪੰਜਾਬ ਵਰਗੇ ਸੂਬੇ ’ਚ ਨੌਜਵਾਨਾਂ ਨਾਲ ਜੁੜੇ ਮੁੱਦਿਆਂ ਨੂੰ ਸਮਝਣ ਅਤੇ ਉਨ੍ਹਾਂ ਤੱਕ ਪਹੁੰਚ ਬਣਾਉਣ ’ਚ ਪਾਇਲਟ ਦਾ ਤਜਰਬਾ ਕਾਂਗਰਸ ਲਈ ਫ਼ਾਇਦੇਮੰਦ ਰਹੇਗਾ। ਔਜਲਾ ਨੇ ਕਿਹਾ ਕਿ ਪੰਜਾਬ ਕਾਂਗਰਸ ਦੀ ਕਮਾਨ ਪਾਇਲਟ ਨੂੰ ਮਿਲਣਾ ਖ਼ੁਸ਼ੀ ਦੀ ਗੱਲ ਹੈ। ਉਨ੍ਹਾਂ ਉਮੀਦ ਪ੍ਰਗਟਾਈ ਕਿ ਪਾਇਲਟ ਆਪਣੇ ਤਜਰਬੇ ਨਾਲ ਪਾਰਟੀ ਨੂੰ ਅੱਗੇ ਲੈ ਕੇ ਜਾਣਗੇ।
ਪੰਜਾਬ ਕਾਂਗਰਸ ਦੀ ਅੰਦਰੂਨੀ ਧੜੇਬੰਦੀ ਤੇ ਆਗੂਆਂ ਵਿਚਾਲੇ ਚੱਲ ਰਹੇ ਮਤਭੇਦਾਂ ਬਾਰੇ ਸਵਾਲ ਕੀਤਾ ਗਿਆ ਤਾਂ ਔਜਲਾ ਨੇ ਸਪੱਸ਼ਟ ਕੀਤਾ ਕਿ ਕਾਂਗਰਸ ’ਚ ਆਗੂਆਂ ਨੂੰ ਆਪਣੇ ਵਿਚਾਰ ਰੱਖਣ ਦੀ ਆਜ਼ਾਦੀ ਹੈ। ਲੋਕਤੰਤਰ ’ਚ ਵਿਚਾਰਾਂ ਦਾ ਵਖਰੇਵਾਂ ਹੋਣਾ ਸੁਭਾਵਿਕ ਹੈ ਪਰ ਆਖ਼ਰਕਾਰ ਸਾਰਿਆਂ ਨੂੰ ਇਕ ਸਿਸਟਮ ਅੰਦਰ ਰਹਿ ਕੇ ਹੀ ਕੰਮ ਕਰਨਾ ਪੈਂਦਾ ਹੈ। ਕਾਂਗਰਸ ’ਚ ਹਰ ਆਗੂ ਦੀ ਆਪਣੀ ਗੱਲ ਅਤੇ ਆਪਣਾ ਵਿਚਾਰ ਹੋ ਸਕਦਾ ਹੈ ਪਰ ਪਾਰਟੀ ਦੇ ਫ਼ੈਸਲੇ ਤੇ ਲੀਡਰਸ਼ਿਪ ਨਾਲ ਸਾਰੇ ਖੜ੍ਹੇ ਹਨ।