ਰੂਸ ‘ਚ ਭਾਰਤੀ ਨੌਜਵਾਨ ਨੂੰ ਪੁਲਸ ਨੇ ਕੀਤਾ ਗ੍ਰਿਫ਼ਤਾਰ ! ਪਤਨੀ ਨੇ ਰੋ-ਰੋ ਕੇ CM ਯੋਗੀ ਅੱਗੇ ਲਾਈ ਮਦਦ ਦੀ ਗੁਹਾਰ

ਜੌਨਪੁਰ- ਉੱਤਰ ਪ੍ਰਦੇਸ਼ ‘ਚ ਜੌਨਪੁਰ ਜ਼ਿਲ੍ਹੇ ਦੇ ਮਛਲੀਸ਼ਹਿਰ ਖੇਤਰ ਦੀ ਰਹਿਣ ਵਾਲੀ ਸਨੇਹਾ ਗੁਪਤਾ ਨੇ ਰੂਸ ਤੋਂ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਤੋਂ ਮਦਦ ਦੀ ਗੁਹਾਰ ਲਗਾਈ ਹੈ। ਸਨੇਦਾ ਦਾ ਇਕ ਭਾਵੁਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ, ਜਿਸ ‘ਚ ਉਸ ਨੇ ਆਪਣੇ ਪਤੀ ਚੰਦਨ ਗੁਪਤਾ ਦੀ ਗ੍ਰਿਫ਼ਤਾਰੀ ਦਾ ਦਾਅਵਾ ਕਰਦੇ ਹੋਏ ਉਸ ਦੀ ਰਿਹਾਈ ਅਤੇ ਪਰਿਵਾਰ ਦੀ ਸੁਰੱਖਿਆ ਲਈ ਸਰਕਾਰ ਨੂੰ ਤੁਰੰਤ ਦਖ਼ਲ ਦੇਣ ਦੀ ਅਪੀਲ ਕੀਤੀ ਹੈ।
ਸਨੇਹਾ ਅਨੁਸਾਰ, ਉਸ ਦੇ ਪਤੀ ਚੰਦਨ ਗੁਪਤਾ ਪਿਛਲੇ ਕਰੀਬ 3 ਸਾਲਾਂ ਤੋਂ ਰੂਸ ‘ਚ ਰਹਿ ਕੇ ਇਕ ਭਾਰਤੀ ਕੰਪਨੀ ‘ਚ ਕੰਮ ਕਰ ਰਹੇ ਹਨ ਅਤੇ ਉਨ੍ਹਾਂ ਕੋਲ ਜਾਇਜ਼ ਵਰਕ ਵੀਜ਼ਾ ਹੈ। ਦੋਸ਼ ਹੈ ਕਿ ਸਥਾਨਕ ਪੁਲਸ ਨੇ ਉਨ੍ਹਾਂ ਨੂੰ ਕਿਸੇ ਸਪੱਸ਼ਟ ਕਾਰਨ ਦੀ ਜਾਣਕਾਰੀ ਦਿੱਤੇ ਬਿਨਾਂ ਹਿਰਾਸਤ ‘ਚ ਲੈ ਕੇ ਜੇਲ੍ਹ ਭੇਜ ਦਿੱਤਾ ਹੈ। ਪਤੀ ਦੀ ਗ੍ਰਿਫ਼ਤਾਰੀ ਦੇ ਕਾਰਨਾਂ ਅਤੇ ਉਨ੍ਹਾਂ ਦੀ ਮੌਜੂਦਾ ਸਥਿਤੀ ਦੀ ਸਪੱਸ਼ਟ ਜਾਣਕਾਰੀ ਨਹੀਂ ਮਿਲ ਪਾਉਣ ਕਾਰਨ ਪਰਿਵਾਰ ਬੇਹੱਦ ਚਿੰਤਤ ਹੈ। ਸਨੇਹਾ ਨੇ ਵੀਡੀਓ ‘ਚ ਖ਼ਦਸ਼ਾ ਜਤਾਇਆ ਹੈ ਕਿ ਉਸ ਦੇ ਪਤੀ ਨੂੰ ਜ਼ਬਰਨ ਰੂਸੀ ਫ਼ੌਜ ‘ਚ ਭੇਜਿਆ ਜਾ ਸਕਦਾ ਹੈ। ਹਾਲਾਂਕਿ, ਇਸ ਸੰਬੰਧ ‘ਚ ਅਜੇ ਕਿਸੇ ਅਧਿਕਾਰਤ ਏਜੰਸੀ ਵਲੋਂ ਪੁਸ਼ਟੀ ਸਾਹਮਣੇ ਨਹੀਂ ਆਈ ਹੈ। ਉਸ ਦੀ ਅਪੀਲ ਤੋਂ ਬਾਅਦ ਪਰਿਵਾਰ ਅਤੇ ਸਥਾਨਕ ਲੋਕਾਂ ‘ਚ ਵੀ ਚਿੰਤਾ ਵਧ ਗਈ ਹੈ।
ਸਨੇਹਾ ਆਪਣੇ 10 ਸਾਲਾ ਬੇਟੇ ਨਾਲ ਰੂਸ ‘ਚ ਹੀ ਰਹਿ ਰਹੀ ਹੈ। ਪਤੀ ਦੇ ਹਿਰਾਸਤ ‘ਚ ਲਏ ਜਾਣ ਤੋਂ ਬਾਅਦ ਉਹ ਆਪਣੇ ਅਤੇ ਬੱਚਿਆਂ ਦੀ ਸੁਰੱਖਿਆ ਨੂੰ ਲੈ ਕੇ ਵੀ ਚਿੰਤਤ ਹੈ। ਉਸ ਨੇ ਭਾਰਤ ਸਰਕਾਰ, ਵਿਦੇਸ਼ ਮੰਤਰਾਲਾ ਅਤੇ ਭਾਰਤੀ ਦੂਤਘਰ ਨੂੰ ਮਾਮਲੇ ‘ਚ ਤੁਰੰਤ ਦਖ਼ਲ ਦੇ ਕੇ ਚੰਦਨ ਗੁਪਤਾ ਦੀ ਸਥਿਤੀ ਦੀ ਜਾਣਕਾਰੀ ਉਪਲੱਬਧ ਕਰਵਾਉਣ ਅਤੇ ਪਰਿਵਾਰ ਨੂੰ ਜ਼ਰੂਰੀ ਮਦਦ ਦੇਣ ਦੀ ਮੰਗ ਕੀਤੀ ਹੈ।
ਸਨੇਹਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੂੰ ਵੀ ਮਾਮਲੇ ਦਾ ਨੋਟਿਸ ਲੈਣ ਦੀ ਅਪੀਲ ਕੀਤੀ ਹੈ। ਪਰਿਵਾਰ ਦੀ ਮੰਗ ਹੈ ਕਿ ਚੰਦਨ ਗੁਪਤਾ ਦੀ ਗ੍ਰਿਫ਼ਤਾਰੀ ਦੇ ਕਾਰਨਾਂ ਦੀ ਨਿਰਪੱਖ ਜਾਂਚ ਕਰਵਾਈ ਜਾਵੇ ਅਤੇ ਜੇਕਰ ਉਨ੍ਹਾਂ ਨੂੰ ਕਿਸੇ ਤਰ੍ਹਾਂ ਦੀ ਕਾਨੂੰਨੀ ਮਦਦ ਦੀ ਲੋੜ ਹੈ ਤਾਂ ਭਾਰਤੀ ਦੂਤਘਰ ਦੇ ਮਾਧਿਅਮ ਨਾਲ ਮਦਦ ਉਪਲੱਬਧ ਕਰਵਾਈ ਜਾਵੇ।