ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਧਿਆਪਕਾਂ ਨੂੰ ਵਿਦਿਆਰਥੀਆਂ ਨੂੰ ਨਸ਼ੇ ਦੀ ਬੁਰਾਈ ਦੇ ਪ੍ਰਤੀ ਜਾਗਰੂਕ ਕਰਨ ਅਤੇ ਉਨ੍ਹਾਂ ਦੇ ‘ਸਕ੍ਰੀਨ ਟਾਈਮ’ ਨੂੰ ਘੱਟ ਕਰਨ ‘ਚ ਮਦਦ ਦੀ ਅਪੀਲ ਕੀਤੀ। ਪੀਐੱਮ ਮੋਦੀ ਨੇ ਅਧਿਆਪਕ ਦਿਵਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਰਾਸ਼ਟਰੀ ਪੁਰਸਕਾਰ ਨਾਲ ਸਨਮਾਨਤ ਅਧਿਆਪਕਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਸਮਾਜ ਦੇ ਸਾਰੇ ਲੋਕਾਂ ਨੂੰ ਵਿਦਿਆਰਥੀਆਂ ਨੂੰ ਰਚਨਾਤਮਕ ਗਤੀਵਿਧੀਆਂ ਵੱਲ ਪ੍ਰੇਰਿਤ ਕਰਨਾ ਚਾਹੀਦਾ।
ਉਨ੍ਹਾਂ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਅਧਿਆਪਕਾਂ ਨੂੰ ਵਿਦਿਆਰਥੀਆਂ ਦੇ ਅਕਾਦਮਿਕ ਪ੍ਰਦਰਸ਼ਨ ਤੋਂ ਅੱਗੇ ਵਧ ਕੇ ਉਨ੍ਹਾਂ ਦੇ ਰਵੱਈਆਏ ਅਤੇ ਰੋਜ਼ਾਨਾ ਦੇ ਜੀਵਨ ‘ਤੇ ਵੀ ਧਿਆਨ ਦੇਣਾ ਚਾਹੀਦਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸੰਯੁਕਤ ਪਰਿਵਾਰਾਂ ਦੀ ਗਿਣਤੀ ‘ਚ ਕਮੀ ਆਉਣ ਕਾਰਨ ਬੱਚਿਆਂ ਦੇ ਜੀਵਨ ‘ਚ ਅਧਿਆਪਕਾਂ ਦੀ ਭੂਮਿਕਾ ਹੁਣ ਹੋਰ ਵੱਧ ਮਹੱਤਵਪੂਰਨ ਹੋ ਗਈ ਹੈ।
ਪੀਐੱਮ ਮੋਦੀ ਨੇ ਨਸ਼ੇ ਦੀ ਸਮੱਸਿਆ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਕੁਝ ਵੱਡੇ ਸ਼ਹਿਰਾਂ ਅਤੇ ਯੂਨੀਵਰਸਿਟੀਆਂ ‘ਚ ਇਹ ਪਤਾ ਲਗਾਉਣਾ ਮੁਸ਼ਕਲ ਹੁੰਦਾ ਹੈ ਕਿ ਕੋਈ ਇਸ ਦੀ ਲਪੇਟ ‘ਚ ਆ ਗਿਆ ਹੈ ਜਾਂ ਨਹੀਂ, ਕਿਉਂਕਿ ਇਹ ਪਤਾ ਹੀ ਨਹੀਂ ਲੱਗਦਾ ਕਿ ਕੌਣ ਕਿਸ ਨੂੰ ਕੀ ਦੇ ਰਿਹਾ ਹੈ। ਉਨ੍ਹਾਂ ਕਿਹਾ,”ਅਜਿਹੀਆਂ ਸਥਿਤੀਆਂ ‘ਚ ਅਧਿਆਪਕਾਂ ਨੂੰ ਜਾਗਰੂਕਤਾ ਫੈਲਾਉਣ ਦੀ ਪਹਿਲ ਕਰਨੀ ਚਾਹੀਦੀ ਹੈ ਅਤੇ ਜੇਕਰ ਕਿਸੇ ਬੱਚੇ ਦੇ ਰਵੱਈਏ ‘ਚ ਕੋਈ ਤਬਦੀਲੀ ਦਿਖਾਈ ਦੇਵੇ ਤਾਂ ਉਸ ‘ਤੇ ਵੀ ਬਾਰੀਕੀ ਨਾਲ ਨਜ਼ਰ ਰੱਖਣੀ ਚਾਹੀਦੀ ਹੈ।” ਪੀਐੱਮ ਮੋਦੀ ਨੇ ਕਿਹਾ,”ਤੁਹਾਨੂੰ ਕਿਸੇ ਵਿਦਿਆਰਥੀ ਦੇ ਬਚਪਨ ਨੂੰ ਖਤਮ ਨਹੀਂ ਹੋਣ ਦੇਣਾ ਚਾਹੀਦਾ। ਵਿਦਿਆਰਥੀਆਂ ਦੇ ਜੀਵਨ ‘ਚ ਬਚਪਨ ਨੂੰ ਜ਼ਿੰਦਾ ਬਣਾਏ ਰੱਖਣ ‘ਚ ਅਧਿਆਪਕ ਸਭ ਤੋਂ ਵੱਡਾ ਯੋਗਦਾਨ ਦੇ ਸਕਦੇ ਹਨ।” ਇਸ ਗੱਲਬਾਤ ਦਾ ਵੀਡੀਓ ਸ਼ਨੀਵਾਰ ਨੂੰ ਜਾਰੀ ਕੀਤਾ ਗਿਆ।















