ਜਲੰਧਰ : ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਭਾਜਪਾ ਤੇ ਸ਼੍ਰੋਮਣੀ ਅਕਾਲੀ ਦਲ ਵਿਚਾਲੇ ਸੰਭਾਵਤ ਗੱਠਜੋੜ ਨੂੰ ਲੈ ਕੇ ਅੰਦਰਖਾਤੇ ਚਰਚਾ ਤੇਜ਼ ਹੋਣ ਦੀ ਖ਼ਬਰ ਹੈ। ਭਾਜਪਾ ਜਿੱਥੇ ਜਨਤਕ ਤੌਰ ’ਤੇ ਸਾਰੀਆਂ 117 ਸੀਟਾਂ ’ਤੇ ਚੋਣ ਲੜਨ ਦੀ ਤਿਆਰੀ ਜ਼ਾਹਿਰ ਰਹੀ ਹੈ, ਉੱਥੇ ਹੀ ਦੋਵਾਂ ਧਿਰਾਂ ਵਿਚਾਲੇ 70-47 ਦੇ ਸੰਭਾਵਤ ਸੀਟ ਵੰਡ ਦੇ ਫ਼ਾਰਮੂਲੇ ’ਤੇ ਵਿਚਾਰ-ਵਟਾਂਦਰਾ ਹੋਣ ਦੀ ਗੱਲ ਸਾਹਮਣੇ ਆ ਰਹੀ ਹੈ। ਸੂਤਰਾਂ ਅਨੁਸਾਰ ਅਕਾਲੀ ਦਲ 70 ਸੀਟਾਂ ਨਾਲ ਗੱਠਜੋੜ ਵਿਚ ‘ਵੱਡੇ ਭਰਾ’ ਦੀ ਭੂਮਿਕਾ ਚਾਹੁੰਦਾ ਹੈ, ਜਦੋਂਕਿ ਭਾਜਪਾ ਦੇ ਅੰਦਰੂਨੀ ਧੜੇ ਵੱਲੋਂ 47 ਸੀਟਾਂ ਤੋਂ ਵੱਧ ਅਤੇ ਲੱਗਭਗ ਬਰਾਬਰ ਦੀ ਹਿੱਸੇਦਾਰੀ ਦੀ ਵਕਾਲਤ ਕੀਤੀ ਜਾ ਰਹੀ ਹੈ। ਅਜਿਹੀ ਸਥਿਤੀ ’ਚ ਗੱਠਜੋੜ ਦੀ ਤਸਵੀਰ ਸਾਫ਼ ਹੋਣ ਤੋਂ ਪਹਿਲਾਂ ਸੀਟਾਂ ਦੀ ਵੰਡ ਦੋਵਾਂ ਪਾਰਟੀਆਂ ਵਿਚਾਲੇ ਸਭ ਤੋਂ ਵੱਡਾ ਪੇਚ ਬਣੀ ਹੋਈ ਹੈ। ਭਾਜਪਾ ਦੇ ਭਰੋਸੇਯੋਗ ਸੂਤਰਾਂ ਦਾ ਇਹ ਵੀ ਕਹਿਣਾ ਹੈ ਕਿ ਸਤੰਬਰ ਮਹੀਨੇ ਦੇ ਅੱਧ ਤੱਕ ਦੋਵਾਂ ਸਿਆਸੀ ਧਿਰਾਂ ਵਿਚਾਲੇ ਸਹਿਮਤੀ ਬਣਨ ਦੀ ਪੂਰੀ ਸੰਭਾਵਨਾ ਹੈ।
ਸੀਟ ਵੰਡ ਨੂੰ ਲੈ ਕੇ ਇਕ ਗੇੜ ਦੀ ਗੱਲਬਾਤ ਮੁਕੰਮਲ
ਸੂਤਰਾਂ ਅਨੁਸਾਰ ਭਾਜਪਾ ਦੇ ਸੀਨੀਅਰ ਨੇਤਾਵਾਂ ਅਤੇ ਅਕਾਲੀ ਦਲ ਦੀ ਲੀਡਰਸ਼ਿਪ ਵਿਚਾਲੇ ਸੀਟਾਂ ਦੀ ਵੰਡ ਨੂੰ ਲੈ ਕੇ ਪਹਿਲੇ ਗੇੜ ਦੀ ਬੈਠਕ ਹੋ ਚੁੱਕੀ ਹੈ ਅਤੇ ਆਉਣ ਵਾਲੇ ਦਿਨਾਂ ਵਿਚ ਦੋਵਾਂ ਧਿਰਾਂ ਵਿਚਾਲੇ ਇਕ ਹੋਰ ਗੇੜ ਦੀ ਬੈਠਕ ਹੋਣ ਦੀ ਉਮੀਦ ਹੈ। ਸੂਤਰਾਂ ਦਾ ਕਹਿਣਾ ਹੈ ਕਿ ਇਸ ਵਾਰ ਗੱਲਬਾਤ ਸਿਰਫ਼ ਗੱਠਜੋੜ ਦੀ ਸੰਭਾਵਨਾ ਤੱਕ ਹੀ ਸੀਮਤ ਨਹੀਂ ਹੈ, ਸਗੋਂ ਦੋਵੇਂ ਪਾਰਟੀਆਂ ਕਿੰਨੀਆਂ ਸੀਟਾਂ ’ਤੇ ਚੋਣ ਲੜਨਗੀਆਂ, ਕਿਹੜੀਆਂ-ਕਿਹੜੀਆਂ ਸੀਟਾਂ ਕਿਸ ਦੇ ਖ਼ਾਤੇ ’ਚ ਜਾਣਗੀਆਂ ਅਤੇ ਚੋਣ ਜਿੱਤਣ ਦੀ ਸਥਿਤੀ ’ਚ ਸੱਤਾ ਦੀ ਕਮਾਨ ਕਿਸ ਦੇ ਹੱਥ ਹੋਵੇਗੀ–ਇਨ੍ਹਾਂ ਤਿੰਨ ਅਹਿਮ ਮੁੱਦਿਆਂ ’ਤੇ ਮੰਥਨ ਕੀਤਾ ਜਾ ਰਹਾ ਹੈ।
ਕਿਹੜੀ ਸੀਟ ਕਿਸ ਦੇ ਖ਼ਾਤੇ ’ਚ, ਸਭ ਤੋਂ ਵੱਡਾ ਪੇਚ!
ਗੱਠਜੋੜ ਦੀ ਸਥਿਤੀ ਵਿਚ ਦੂਜਾ ਵੱਡਾ ਸਵਾਲ ਵਿਧਾਨ ਸਭਾ ਸੀਟਾਂ ਦੀ ਚੋਣ ਦਾ ਹੋਵੇਗਾ। ਪਿਛਲੇ ਸਮੇਂ ਵਿਚ ਭਾਜਪਾ ਤੇ ਅਕਾਲੀ ਦਲ ਦੀ ਜੋੜੀ ਵਿਚ ਭਾਜਪਾ ਮੁੱਖ ਤੌਰ ’ਤੇ ਸ਼ਹਿਰੀ ਖੇਤਰਾਂ ਦੀਆਂ ਸੀਟਾਂ ’ਤੇ ਚੋਣ ਲੜਦੀ ਸੀ, ਜਦਕਿ ਅਕਾਲੀ ਦਲ ਦਾ ਜ਼ੋਰ ਮੁੱਖ ਤੌਰ ’ਤੇ ਦਿਹਾਤੀ ਪੰਜਾਬ ਵਿਚ ਹੁੰਦਾ ਸੀ ਪਰ ਇਸ ਵਾਰ ਹਾਲਾਤ ਬਦਲ ਚੁੱਕੇ ਹਨ। ਭਾਜਪਾ ਹੁਣ ਪੇਂਡੂ ਖੇਤਰਾਂ ਵਿਚ ਵੀ ਆਪਣਾ ਸੰਗਠਨ ਅਤੇ ਸਿਆਸੀ ਆਧਾਰ ਵਧਾਉਣ ਦਾ ਦਾਅਵਾ ਕਰਦੀ ਹੈ। ਇਸ ਲਈ ਪਾਰਟੀ ਦੇ ਅੰਦਰੋਂ ਇਹ ਮੰਗ ਉੱਠ ਰਹੀ ਹੈ ਕਿ ਉਸ ਨੂੰ ਸਿਰਫ਼ ਰਵਾਇਤੀ ਸ਼ਹਿਰੀ ਸੀਟਾਂ ਤੱਕ ਸੀਮਤ ਨਾ ਰੱਖਿਆ ਜਾਵੇ। ਅਜਿਹੀ ਸਥਿਤੀ ’ਚ ਦੋਵਾਂ ਧਿਰਾਂ ਲਈ ਇਹ ਤੈਅ ਕਰਨਾ ਆਸਾਨ ਨਹੀਂ ਹੋਵੇਗਾ ਕਿ ਕਿਹੜੀ ਸੀਟ ’ਤੇ ਕਿਸ ਦਾ ਉਮੀਦਵਾਰ ਜ਼ਿਆਦਾ ਮਜ਼ਬੂਤ ਹੈ ਅਤੇ ਕਿਸ ਸੀਟ ’ਤੇ ਗੱਠਜੋੜ ਦਾ ਵੋਟ ਆਸਾਨੀ ਨਾਲ ਟਰਾਂਸਫ਼ਰ ਹੋ ਸਕਦਾ ਹੈ।
ਮੁੱਖ ਮੰਤਰੀ ਦੇ ਚਿਹਰੇ ’ਤੇ ਵੀ ਫਸੇਗਾ ਪੇਚ!
ਸਿਆਸੀ ਮਾਹਿਰਾਂ ਅਨੁਸਾਰ ਗੱਠਜੋੜ ਹੋਣ ਦੀ ਸਥਿਤੀ ’ਚ ਤੀਜਾ ਤੇ ਸਭ ਤੋਂ ਸੰਵੇਦਨਸ਼ੀਲ ਮੁੱਦਾ ਮੁੱਖ ਮੰਤਰੀ ਅਹੁਦੇ ਦਾ ਹੋਵੇਗਾ। ਆਮ ਤੌਰ ’ਤੇ ਵੱਧ ਸੀਟਾਂ ’ਤੇ ਚੋਣ ਲੜਨ ਵਾਲੀ ਪਾਰਟੀ ਦਾ ਮੁੱਖ ਮੰਤਰੀ ਅਹੁਦੇ ਦਾ ਦਾਅਵਾ ਮਜ਼ਬੂਤ ਮੰਨਿਆ ਜਾ ਸਕਦਾ ਹੈ। ਇਸ ਲਿਹਾਜ਼ ਨਾਲ ਜੇਕਰ ਅਕਾਲੀ ਦਲ 70 ਸੀਟਾਂ ’ਤੇ ਚੋਣ ਲੜਦਾ ਹੈ ਤਾਂ ਮੁੱਖ ਮੰਤਰੀ ਅਹੁਦੇ ’ਤੇ ਉਸ ਦਾ ਦਾਅਵਾ ਕੁਦਰਤੀ ਤੌਰ ’ਤੇ ਮਜ਼ਬੂਤ ਹੋਵੇਗਾ। ਸੂਤਰਾਂ ਅਨੁਸਾਰ ਅਕਾਲੀ ਦਲ ਵੱਲੋਂ ਸੁਖਬੀਰ ਸਿੰਘ ਬਾਦਲ ਨੂੰ ਮੁੱਖ ਮੰਤਰੀ ਦੇ ਚਿਹਰੇ ਵਜੋਂ ਅੱਗੇ ਕਰਨ ਦੀ ਇੱਛਾ ਜ਼ਾਹਿਰ ਕੀਤੀ ਜਾ ਰਹੀ ਹੈ। ਹਾਲਾਂਕਿ ਭਾਜਪਾ ਅੰਦਰ ਇਸ ਗੱਲ ਨੂੰ ਲੈ ਕੇ ਇਕ ਰਾਏ ਨਹੀਂ ਹੈ ਕਿ ਚੋਣਾਂ ਤੋਂ ਪਹਿਲਾਂ ਕਿਸੇ ਇਕ ਚਿਹਰੇ ਨੂੰ ਮੁੱਖ ਮੰਤਰੀ ਅਹੁਦੇ ਦਾ ਉਮੀਦਵਾਰ ਐਲਾਨ ਕਰਨਾ ਪਾਰਟੀ ਲਈ ਸਿਆਸੀ ਤੌਰ ’ਤੇ ਫ਼ਾਇਦੇਮੰਦ ਹੋਵੇਗਾ ਜਾਂ ਨਹੀਂ। ਇਸ ਦੇ ਨਾਲ ਹੀ ਉਪ-ਮੁੱਖ ਮੰਤਰੀ ਦੇ ਅਹੁਦੇ ਅਤੇ ਸਰਕਾਰ ਵਿਚ ਹਿੱਸੇਦਾਰੀ ਨੂੰ ਲੈ ਕੇ ਵੀ ਅੰਦਰਖਾਤੇ ਚਰਚਾ ਹੋਣ ਦੀ ਗੱਲ ਸਾਹਮਣੇ ਆ ਰਹੀ ਹੈ।
ਕਿਸ ਦੇ ਵੋਟ ਕਿਸ ਨਾਲ ਜਾਣਗੇ, ਇਹੀ ਅਸਲੀ ਪ੍ਰੀਖਿਆ
ਗੱਠਜੋੜ ਦੀ ਸਥਿਤੀ ਵਿਚ ਵੋਟਾਂ ਦਾ ਟਰਾਂਸਫ਼ਰ ਸਭ ਤੋਂ ਵੱਡੀ ਚੁਣੌਤੀ ਹੋਵੇਗਾ। ਭਾਜਪਾ ਦਾ ਮਜ਼ਬੂਤ ਆਧਾਰ ਮੁੱਖ ਤੌਰ ’ਤੇ ਸ਼ਹਿਰੀ ਅਤੇ ਕੁਝ ਖ਼ਾਸ ਸਮਾਜਿਕ ਵਰਗਾਂ ਵਿਚ ਰਿਹਾ ਹੈ, ਜਦਕਿ ਅਕਾਲੀ ਦਲ ਦਾ ਰਵਾਇਤੀ ਪ੍ਰਭਾਵ ਪੇਂਡੂ ਖੇਤਰਾਂ ਅਤੇ ਪੰਥਕ ਸਿਆਸਤ ਨਾਲ ਜੁੜੇ ਵੋਟਰਾਂ ਵਿਚ ਮੰਨਿਆ ਜਾਂਦਾ ਹੈ। ਦੋਵੇਂ ਪਾਰਟੀਆਂ ਜੇਕਰ ਆਪਣੇ-ਆਪਣੇ ਵੋਟ ਬੈਂਕ ਨੂੰ ਇਕ-ਦੂਜੇ ਦੇ ਉਮੀਦਵਾਰ ਦੇ ਪੱਖ ਵਿਚ ਪੂਰੀ ਤਰ੍ਹਾਂ ਟਰਾਂਸਫ਼ਰ ਕਰਵਾਉਣ ਵਿਚ ਸਫ਼ਲ ਰਹੀਆਂ ਤਾਂ ਗੱਠਜੋੜ ਦਾ ਗਣਿਤ ਮਜ਼ਬੂਤ ਹੋ ਸਕਦਾ ਹੈ ਪਰ ਵੋਟਾਂ ਦਾ ਪੂਰਾ ਤਬਾਦਲਾ ਨਾ ਹੋਣ ਦੀ ਸਥਿਤੀ ਵਿਚ ਕਾਗਜ਼ਾਂ ’ਤੇ ਨਜ਼ਰ ਆ ਰਿਹਾ 32 ਫ਼ੀਸਦੀ ਦਾ ਅੰਕੜਾ ਜ਼ਮੀਨ ’ਤੇ ਓਨਾ ਪ੍ਰਭਾਵਸ਼ਾਲੀ ਸਾਬਤ ਨਹੀਂ ਹੋਵੇਗਾ।
• ਭਾਜਪਾ ਦੇ ਇਕ ਧੜੇ ਵੱਲੋਂ ਲੱਗਭਗ ਬਰਾਬਰ ਸੀਟ ਵੰਡ ਦੀ ਵਕਾਲਤ
• ਭਾਜਪਾ ਹੁਣ ਦਿਹਾਤੀ ਪੰਜਾਬ ਵਿਚ ਵੀ ਆਪਣਾ ਆਧਾਰ ਵਧਣ ਦਾ ਦਾਅਵਾ ਕਰ ਰਹੀ ਹੈ
• 2024 ਦੀਆਂ ਲੋਕ ਸਭਾ ਚੋਣਾਂ ਵਿਚ ਭਾਜਪਾ ਨੂੰ 18.56% ਅਤੇ ਅਕਾਲੀ ਦਲ ਨੂੰ ਮਿਲੀਆਂ ਸਨ 13.42% ਵੋਟਾਂ
• ਦੋਵਾਂ ਧਿਰਾਂ ਦਾ ਸਾਂਝਾ ਵੋਟ ਸ਼ੇਅਰ ਬਣਦਾ ਹੈ ਲੱਗਭਗ 32%
2024 ਦੇ ਵੋਟ ਗਣਿਤ ਨੇ ਵਧਾਈ ਗਠਜੋੜ ਦੀ ਉਮੀਦ : ਦੋਵਾਂ ਪਾਰਟੀਆਂ ਵਿਚਾਲੇ ਗੱਲਬਾਤ ਦਾ ਸਭ ਤੋਂ ਵੱਡਾ ਆਧਾਰ ਚੋਣ ਗਣਿਤ ਮੰਨਿਆ ਜਾ ਰਿਹਾ ਹੈ। 2024 ਦੀਆਂ ਲੋਕ ਸਭਾ ਚੋਣਾਂ ਵਿਚ ਭਾਜਪਾ ਨੂੰ ਪੰਜਾਬ ਵਿਚ ਲੱਗਭਗ 18.56 ਫ਼ੀਸਦੀ ਵੋਟਾਂ ਮਿਲੀਆਂ ਸਨ ਅਤੇ ਪਾਰਟੀ 23 ਵਿਧਾਨ ਸਭਾ ਹਲਕਿਆਂ ਵਿਚ ਅੱਗੇ ਰਹੀ ਸੀ, ਜਦਕਿ ਅਕਾਲੀ ਦਲ ਦਾ ਵੋਟ ਸ਼ੇਅਰ ਲੱਗਭਗ 13.42 ਫ਼ੀਸਦੀ ਰਿਹਾ। ਦੋਵਾਂ ਦੇ ਵੋਟਾਂ ਨੂੰ ਜੋੜਨ ’ਤੇ ਇਹ ਅੰਕੜਾ ਲੱਗਭਗ 32 ਫ਼ੀਸਦੀ ਬਣਦਾ ਹੈ। ਇਹੀ ਗਣਿਤ ਦੋਵਾਂ ਪਾਰਟੀਆਂ ਦੇ ਰਣਨੀਤੀਕਾਰਾਂ ਨੂੰ ਗੱਠਜੋੜ ਦੀਆਂ ਸੰਭਾਵਨਾਵਾਂ ’ਤੇ ਮੁੜ ਵਿਚਾਰ ਕਰਨ ਲਈ ਪ੍ਰੇਰਿਤ ਕਰ ਰਿਹਾ ਹੈ। ਹਾਲਾਂਕਿ ਚੋਣ ਸਿਆਸਤ ਵਿਚ ਸਿਰਫ਼ ਵੋਟ ਫੀਸਦੀ ਜੋੜਨ ਨਾਲ ਸੀਟਾਂ ਨਹੀਂ ਜੁੜਦੀਆਂ। ਸਭ ਤੋਂ ਵੱਡਾ ਸਵਾਲ ਇਹ ਹੋਵੇਗਾ ਕਿ ਕੀ ਭਾਜਪਾ ਅਤੇ ਅਕਾਲੀ ਦਲ ਦੇ ਵੋਟਰ ਇਕ-ਦੂਜੇ ਦੇ ਉਮੀਦਵਾਰ ਨੂੰ ਉਸੇ ਤਰ੍ਹਾਂ ਵੋਟ ਪਾਉਣਗੇ, ਜਿਸ ਤਰ੍ਹਾਂ ਉਹ ਆਪਣੀ ਪਾਰਟੀ ਦੇ ਉਮੀਦਵਾਰ ਨੂੰ ਪਾਉਂਦੇ ਹਨ?
‘117 ਸੀਟਾਂ’ ਦਾ ਦਾਅਵਾ ਜਾਂ ਗੱਠਜੋੜ ਦੀ ਰਣਨੀਤੀ?
ਭਾਜਪਾ ਜਨਤਕ ਤੌਰ ’ਤੇ ਸਾਰੀਆਂ 117 ਵਿਧਾਨ ਸਭਾ ਸੀਟਾਂ ’ਤੇ ਚੋਣ ਲੜਨ ਦੀ ਤਿਆਰੀ ਦਾ ਦਾਅਵਾ ਕਰ ਰਹੀ ਹੈ ਪਰ ਜੇਕਰ ਅੰਦਰਖਾਤੇ ਚੱਲ ਰਹੀ ਗੱਲਬਾਤ ਕਿਸੇ ਸਮਝੌਤੇ ’ਤੇ ਪਹੁੰਚਦੀ ਹੈ ਤਾਂ ਇਹ ਰਣਨੀਤੀ ਬਦਲ ਸਕਦੀ ਹੈ। ਫਿਲਹਾਲ ਤਿੰਨ ਸਵਾਲ ਸਭ ਤੋਂ ਅਹਿਮ ਹਨ–ਸੀਟਾਂ ਦੀ ਵੰਡ ਕਿੰਨੀ ਹੋਵੇਗੀ, ਕਿਹੜੀ ਸੀਟ ਕਿਸ ਦੇ ਖ਼ਾਤੇ ’ਚ ਜਾਵੇਗੀ ਅਤੇ ਮੁੱਖ ਮੰਤਰੀ ਦਾ ਚਿਹਰਾ ਕੌਣ ਹੋਵੇਗਾ? ਇਨ੍ਹਾਂ ਤਿੰਨਾਂ ਸਵਾਲਾਂ ਦਾ ਜਵਾਬ ਹੀ ਤੈਅ ਕਰੇਗਾ ਕਿ ਪੰਜਾਬ ਵਿਚ ਭਾਜਪਾ ਤੇ ਅਕਾਲੀ ਦਲ ਮੁੜ ਸਿਆਸੀ ਭਾਈਵਾਲ ਬਣਦੇ ਹਨ ਜਾਂ ਦੋਵੇਂ ਪਾਰਟੀਆਂ ਵੱਖ-ਵੱਖ ਮੈਦਾਨ ਵਿਚ ਉਤਰਦੀਆਂ ਹਨ।















