ਨਵੀਂ ਦਿੱਲੀ – ਦਿੱਲੀ ਹਾਈ ਕੋਰਟ ਨੇ ਕਿਹਾ ਹੈ ਕਿ ਵਿਆਹ ਸੰਸਥਾ ਕਾਫ਼ੀ ਵਿਰੋਧਾਭਾਸੀ ਹੈ ਅਤੇ ਜੇ ਪਤੀ-ਪਤਨੀ ਵਿਚਕਾਰ ਝਗੜਿਆਂ ਦਾ ਜਲਦ ਹੱਲ ਨਾ ਕੀਤਾ ਜਾਵੇ ਤਾਂ ਜੀਵਨਸਾਥੀ ਹੀ ‘ਜੀਅ ਦਾ ਜੰਜਾਲ’ ਬਣ ਜਾਂਦਾ ਹੈ। ਅਦਾਲਤ ਨੇ ਕਿਹਾ ਕਿ ਪਤੀ-ਪਤਨੀ ਦਾ ਰਿਸ਼ਤਾ ਮਨੁੱਖ ਦੇ ਸਭ ਤੋਂ ਖੂਬਸੂਰਤ ਰਿਸ਼ਤਿਆਂ ’ਚੋਂ ਇਕ ਹੈ ਪਰ ਜਦੋਂ ਵਿਆਹੁਤਾ ਰਿਸ਼ਤੇ ’ਚ ਕੁਝ ਗਲਤ ਹੋ ਜਾਂਦਾ ਹੈ ਤਾਂ ਇਹ ਰਿਸ਼ਤਾ ਸਭ ਤੋਂ ਭਿਆਨਕ ਹੋ ਜਾਂਦਾ ਹੈ।
ਜਸਟਿਸ ਵਿਮਲ ਕੁਮਾਰ ਯਾਦਵ ਨੇ ਇਹ ਟਿੱਪਣੀਆਂ ਇਕ ਵਿਅਕਤੀ ਦੀ ਅਪੀਲ ਮਨਜ਼ੂਰ ਕਰਦੇ ਹੋਏ ਕੀਤੀਆਂ। ਹੇਠਲੀ ਅਦਾਲਤ ਨੇ ਉਸ ਨੂੰ ਪਤਨੀ ਦੇ ਮੂੰਹ ’ਚ ਬੇਗਾਨ ਸਪ੍ਰੇਅ ਪਾ ਕੇ ਉਸ ਦੀ ਹੱਤਿਆ ਦੀ ਕੋਸ਼ਿਸ਼ ਦੇ ਮਾਮਲੇ ’ਚ 3 ਸਾਲ ਕੈਦ ਦੀ ਸਜ਼ਾ ਸੁਣਾਈ ਸੀ। ਹਾਈ ਕੋਰਟ ਨੇ ਮਾਮਲੇ ’ਚ ਨਫੇ ਸਿੰਘ ਨੂੰ ਬਰੀ ਕਰਦੇ ਹੋਏ ਕਿਹਾ ਕਿ ਇਸਤਗਾਸਾ ਧਿਰ ਭਾਰਤੀ ਦੰਡ ਸੰਹਿਤਾ (ਆਈ. ਪੀ. ਸੀ.) ਦੀ ਧਾਰਾ 307 ਤਹਿਤ ਇਰਾਦੇ ਤੇ ਜਾਣਕਾਰੀ ਦੇ ਸਬੰਧ ’ਚ ਲੋੜੀਂਦੇ ਠੋਸ ਸਬੂਤ ਪੇਸ਼ ਕਰਨ ’ਚ ਅਸਫਲ ਰਹੀ।
ਅਦਾਲਤ ਨੇ ਵਿਅਕਤੀ ਨੂੰ ਸ਼ੱਕ ਦਾ ਲਾਭ ਦਿੰਦੇ ਹੋਏ ਕਿਹਾ ਕਿ ਰਿਕਾਰਡ ’ਤੇ ਪੇਸ਼ ਕੀਤੇ ਗਏ ਇਸ ਤਰ੍ਹਾਂ ਦੇ ਕਮਜ਼ੋਰ ਸਬੂਤਾਂ ਦੇ ਆਧਾਰ ’ਤੇ ਕਾਰਵਾਈ ਕਰਨਾ ਬੇਹੱਦ ਅਸੁਰੱਖਿਅਤ ਹੋਵੇਗਾ। ਨਫੇ ਸਿੰਘ ਅਤੇ ਪੀੜਤ ਔਰਤ ਨੇ ਸਾਲ 2000 ’ਚ ਵਿਆਹ ਕੀਤਾ ਸੀ ਪਰ ਇਕ ਸਾਲ ’ਚ ਹੀ ਉਨ੍ਹਾਂ ਦੇ ਸਬੰਧ ਖਰਾਬ ਹੋ ਗਏ। ਦਾਇਰ ਕੀਤੇ ਗਏ ਮੁਕੱਦਮੇ ਅਨੁਸਾਰ 2001 ’ਚ ਘਰੇਲੂ ਝਗੜੇ ਦੌਰਾਨ ਪਤੀ ਨੇ ਪਹਿਲਾਂ ਪਤਨੀ ਨੂੰ ਗਲਾਸ ’ਚ ਕੀਟਨਾਸ਼ਕ ਪੀਣ ਲਈ ਮਜਬੂਰ ਕਰਨ ਦੀ ਕਥਿਤ ਕੋਸ਼ਿਸ਼ ਕੀਤੀ ਅਤੇ ਜਦੋਂ ਉਹ ਸਫਲ ਨਾ ਹੋਇਆ ਤਾਂ ਉਸ ਨੇ ਡੱਬੇ ’ਚੋਂ ਸਿੱਧੇ ਪਤਨੀ ਦੇ ਗਲੇ ’ਚ ਕੀਟਨਾਸ਼ਕ ਪਾ ਦਿੱਤਾ।
ਇਸ ਮਾਮਲੇ ‘ਚ ਵਿਅਕਤੀ ਅਤੇ ਉਸ ਦੀ ਮਾਂ ਖ਼ਿਲਾਫ਼ ਐੱਫਆਈਆਰ ਦਰਜ ਕੀਤੀ ਗਈ ਸੀ। ਹੇਠਲੀ ਅਦਾਲਤ ਨੇ ਉਸ ਦੀ ਮਾਂ ਨੂੰ ਬਰੀ ਕਰ ਦਿੱਤਾ, ਜਦੋਂ ਕਿ ਸਿੰਘ ਨੂੰ ਕਤਲ ਦੀ ਕੋਸ਼ਿਸ਼ ਦਾ ਦੋਸ਼ੀ ਠਹਿਰਾਇਆ ਸੀ। ਵਿਅਕਤੀ ਨੇ ਆਪਣੇ ਖ਼ਿਲਾਫ਼ ਲਗਾਏ ਗਏ ਦੋਸ਼ਾਂ ਤੋਂ ਇਨਕਾਰ ਕੀਤਾ ਅਤੇ ਕਿਹਾ ਕਿ ਉਸ ਦੀ ਪਤਨੀ ਵੱਖਰੇ ਮਕਾਨ ‘ਚ ਉਸ ਨਾਲ ਰਹਿਣਾ ਚਾਹੁੰਦੀ ਸੀ ਅਤੇ ਉਸ ਦੀ ਵਿਧਵਾ ਮਾਂ ਨੂੰ ਨਾਲ ਨਹੀਂ ਰੱਖਣਾ ਚਾਹੁੰਦੀ ਸੀ, ਜਿਸ ਨੂੰ ਲੈ ਕੇ ਵਿਵਾਹਿਕ ਵਿਵਾਦ ਹੋਇਆ ਸੀ।















