ਹੁਸ਼ਿਆਰਪੁਰ-ਹੁਸ਼ਿਆਰਪੁਰ ਵਿਖੇ ਦਾਣਾ ਮੰਡੀ ਰਹੀਮਪੁਰ ’ਚ ਕੁਝ ਵਿਅਕਤੀਆਂ ਵੱਲੋਂ ਗੋਲ਼ੀਆਂ ਚਲਾਈਆਂ ਮਾਰ ਕੇ ਕਤਲ ਕੀਤੇ ਮਨਪ੍ਰੀਤ ਸਿੰਘ ਦੇ ਮਾਮਲੇ ਵਿਚ ਵੱਡੀ ਅਪਡੇਟ ਸਾਹਮਣੇ ਆਈ ਹੈ। ਸੈਦਪੁਰ ਵਾਸੀ ਮਨਪ੍ਰੀਤ ਸਿੰਘ ਕਤਲ ਮਾਮਲੇ ‘ਚ ਪੁਲਸ ਨੇ ਇਕ ਮੁਲਜ਼ਮ ਜਸਪਾਲ ਵਾਸੀ ਕਾਠੇ ਨੂੰ ਗ੍ਰਿਫ਼ਤਾਰ ਕਰਨ ’ਚ ਸਫ਼ਲਤਾ ਹਾਸਲ ਕੀਤੀ ਹੈ।
ਮਨਪ੍ਰੀਤ ਦੇ ਕਤਲ ਦੇ ਮਾਮਲੇ ’ਚ ਥਾਣਾ ਇੰਡਸਟ੍ਰੀਅਲ ਫੋਕਲ ਪੁਆਇੰਟ ਪੁਲਸ ਨੇ 3 ਵਿਅਕਤੀਆਂ ਅਤੇ ਉਨ੍ਹਾਂ ਦੇ ਇਕ ਅਣਪਛਾਤੇ ਸਾਥੀ ਖ਼ਿਲਾਫ਼ ਮਾਮਲਾ ਦਰਜ ਕੀਤਾ ਸੀ। ਉੱਥੇ ਹੀ ਪੁਲਸ ਨੇ ਕਤਲ ‘ਚ ਵਰਤੀ ਗਈ ਗੱਡੀ ਵੀ ਬਰਾਮਦ ਕਰ ਲਈ ਹੈ। ਪੁਲਸ ਕੋਲ ਦਰਜ ਕਰਵਾਈ ਸ਼ਿਕਾਇਤ ਵਿਚ ਸ਼ਰਨਜੀਤ ਸਿੰਘ ਪੁੱਤਰ ਸਾਧੂ ਸਿੰਘ (ਨਿਵਾਸੀ ਸੈਦਪੁਰ, ਥਾਣਾ ਚੱਬੇਵਾਲ) ਨੇ ਦੱਸਿਆ ਸੀ ਕਿ ਉਸ ਦੇ ਪੁੱਤਰ ਮਨਪ੍ਰੀਤ ਸਿੰਘ ਉਰਫ਼ ਮਾਪੀ ਦਾ ਕਤਲ ਦਾਣਾ ਮੰਡੀ ਵਿਚ ਉਸ ਸਮੇਂ ਕਰ ਦਿੱਤਾ ਗਿਆ, ਜਦੋਂ ਉਹ ਆਪਣੇ ਇਕ ਦੋਸਤ ਅਤੇ ਇਕ ਹੋਰ ਲੜਕੇ ਨਾਲ ਗੇਟ ਨੰਬਰ 2 ਵੱਲ ਜਾ ਰਿਹਾ ਸੀ।
ਪੁਲਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ’ਤੇ ਅਤਿੰਦਰ ਪਾਲ ਸਿੰਘ ਪੁੱਤਰ ਅਜੀਤ ਸਿੰਘ (ਨਿਵਾਸੀ ਢੱਡਿਆਲਾ, ਥਾਣਾ ਟਾਂਡਾ), ਅਮਨਜੀਤ ਸਿੰਘ ਪੁੱਤਰ ਸੁੱਚਾ ਸਿੰਘ (ਨਿਵਾਸੀ ਭੱਠੇ) ਅਤੇ ਜਸਪਾਲ ਸਿੰਘ ਪੁੱਤਰ ਮੱਖਣ ਸਿੰਘ (ਨਿਵਾਸੀ ਕਾਠੇ, ਥਾਣਾ ਬੁਲ੍ਹੋਵਾਲ) ਅਤੇ ਉਨ੍ਹਾਂ ਦੇ ਇਕ ਅਣਪਛਾਤੇ ਸਾਥੀ ਖ਼ਿਲਾਫ਼ ਮਾਮਲਾ ਦਰਜ ਕੀਤਾ ਸੀ। ਬਾਅਦ ਵਿਚ ਇਕ ਗੈਂਗ ਨੇ ਸੋਸ਼ਲ ਮੀਡੀਆ ‘ਤੇ ਇਸ ਕਤਲ ਦੀ ਜ਼ਿੰਮੇਵਾਰੀ ਲਈ ਸੀ ਅਤੇ ਕਈ ਤਰ੍ਹਾਂ ਦੇ ਦੋਸ਼ ਲਗਾਏ ਸਨ। ਪੁਲਸ ਨੇ ਇਨ੍ਹਾਂ ਵਿਚੋਂ ਇਕ ਮੁਲਜ਼ਮ ਜਸਪਾਲ ਨੂੰ ਸਿੰਗੜੀਵਾਲਾ ਬਾਈਪਾਸ ਨੇੜੇ ਰੇਲਵੇ ਲਾਈਨਾਂ ਕੋਲੋਂ ਗ੍ਰਿਫ਼ਤਾਰ ਕਰ ਲਿਆ ਅਤੇ ਉਸ ਕੋਲੋਂ ਕਤਲ ਵਿਚ ਵਰਤੀ ਗਈ ਗੱਡੀ ਵੀ ਬਰਾਮਦ ਕਰ ਲਈ।
ਜਾਣਕਾਰੀ ਦਿੰਦੇ ਥਾਣਾ ਇੰਡਸਟ੍ਰੀਅਲ ਫੋਕਲ ਪੁਆਇੰਟ ਪੁਰਹੀਰਾਂ ਦੇ ਐੱਸ. ਐੱਚ. ਓ. ਨੇ ਦੱਸਿਆ ਕਿ ਜਿਸ ਦਿਨ ਇਹ ਘਟਨਾ ਵਾਪਰੀ ਸੀ, ਉਸੇ ਦਿਨ ਪੁਲਸ ਨੇ ਮੁਲਜ਼ਮਾਂ ਦੀ ਭਾਲ ਲਈ ਵੱਖ-ਵੱਖ ਟੀਮਾਂ ਬਣਾ ਦਿੱਤੀਆਂ ਸਨ ਅਤੇ ਪੁਲਸ ਨੂੰ ਇਕ ਮੁਲਜ਼ਮ ਨੂੰ ਕਾਬੂ ਕਰਨ ‘ਚ ਸਫ਼ਲਤਾ ਮਿਲੀ ਹੈ। ਉਨ੍ਹਾਂ ਕਿਹਾ ਕਿ ਬਾਕੀ ਮੁਲਜ਼ਮਾਂ ਨੂੰ ਵੀ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।















