ਅਖਿਲੇਸ਼ ਯਾਦਵ ਵਲੋਂ ਕੀਤੀਆਂ ਗਈਆਂ ਅਸ਼ਲੀਲ ਟਿੱਪਣੀਆਂ ‘ਤੇ ਭੜਕੀ ਮਾਇਆਵਤੀ, ਕਿਹਾ-ਮੁਆਫ਼ੀ ਮੰਗਣ

ਲਖਨਊ : ਬਹੁਜਨ ਸਮਾਜ ਪਾਰਟੀ (ਬਸਪਾ) ਦੀ ਪ੍ਰਧਾਨ ਅਤੇ ਉੱਤਰ ਪ੍ਰਦੇਸ਼ ਦੀ ਸਾਬਕਾ ਮੁੱਖ ਮੰਤਰੀ ਮਾਇਆਵਤੀ ਨੇ ਸ਼ਨੀਵਾਰ ਨੂੰ ਸਮਾਜਵਾਦੀ ਪਾਰਟੀ (ਸਪਾ) ਦੇ ਮੁਖੀ ਅਖਿਲੇਸ਼ ਯਾਦਵ ‘ਤੇ ਨਿਸ਼ਾਨਾ ਸਾਧਦੇ ਕਿਹਾ ਕਿ ਉਨ੍ਹਾਂ ਨੂੰ ਰਾਸ਼ਟਰੀ ਲੋਕ ਦਲ (ਆਰਐਲਡੀ) ਦੇ ਪ੍ਰਧਾਨ ਅਤੇ ਕੇਂਦਰੀ ਮੰਤਰੀ ਜਯੰਤ ਚੌਧਰੀ ਬਾਰੇ ਕੀਤੀਆਂ ਗਈਆਂ ਅਸ਼ਲੀਲ ਟਿੱਪਣੀਆਂ ਲਈ ਪੂਰੇ ਜਾਟ ਭਾਈਚਾਰੇ ਤੋਂ ਮੁਆਫੀ ਮੰਗਣੀ ਚਾਹੀਦੀ ਹੈ। ਯੂਪੀ ਦੇ ਉਪ ਮੁੱਖ ਮੰਤਰੀ ਕੇਸ਼ਵ ਪ੍ਰਸਾਦ ਮੌਰਿਆ ਨੇ ਸਪਾ ਮੁਖੀ ਅਖਿਲੇਸ਼ ਯਾਦਵ ‘ਤੇ ਹਮਲਾ ਕਰਦੇ ਕਿਹਾ ਕਿ ਉਨ੍ਹਾਂ ਨੂੰ ਕੇਂਦਰੀ ਮੰਤਰੀ ਜਯੰਤ ਚੌਧਰੀ ਤੋਂ ਤੁਰੰਤ ਮੁਆਫੀ ਮੰਗਣੀ ਚਾਹੀਦੀ ਹੈ।
‘ਐਕਸ’ ‘ਤੇ ਇੱਕ ਪੋਸਟ ਵਿੱਚ ਮਾਇਆਵਤੀ ਨੇ ਕਿਹਾ ਕਿ ਅਖਿਲੇਸ਼ ਯਾਦਵ ਦਾ ਆਪਣੇ ਸਾਬਕਾ ਸਹਿਯੋਗੀ ਬਾਰੇ ਜਨਤਕ ਬਿਆਨ, “ਅਸੀਂ ਉਨ੍ਹਾਂ ਨੂੰ ਚਵਾਨੀ ਤੋਂ ਰੁਪਏ ਵਿੱਚ ਬਣਾ ਦਿੱਤਾ ਹੈ” ਪੂਰੀ ਤਰ੍ਹਾਂ ਅਸ਼ਲੀਲ, ਬੇਇੱਜ਼ਤ ਅਤੇ ਸ਼ਰਮਨਾਕ ਹੈ। ਉਨ੍ਹਾਂ ਕਿਹਾ ਕਿ ਅਖਿਲੇਸ਼ ਨੂੰ ਆਰਐਲਡੀ ਅਤੇ ਇਸਦੇ ਨੇਤਾ ਦੇ ਨਾਲ-ਨਾਲ ਸਾਬਕਾ ਪ੍ਰਧਾਨ ਮੰਤਰੀ ਚੌਧਰੀ ਚਰਨ ਸਿੰਘ ਦੇ ਪਰਿਵਾਰ ਦਾ ਅਪਮਾਨ ਕਰਨ ਲਈ ਪੂਰੇ ਜਾਟ ਭਾਈਚਾਰੇ ਤੋਂ ਮੁਆਫੀ ਮੰਗਣੀ ਚਾਹੀਦੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਸਪਾ ਦਾ ਆਚਰਣ, ਚਰਿੱਤਰ ਅਤੇ ਚਿਹਰਾ ਵਿਰੋਧੀ ਪਾਰਟੀਆਂ ਨੂੰ ਨਹੀਂ ਸਗੋਂ ਸਹਿਯੋਗੀ ਪਾਰਟੀਆਂ ਪ੍ਰਤੀ ਵੀ ਤੰਗ ਸੋਚ ਵਾਲਾ ਅਤੇ ਜਾਤੀਵਾਦੀ ਰਿਹਾ ਹੈ। ਇਸ ਨਾਲ ਅਕਸਰ ਭਾਜਪਾ ਨੂੰ ਰਾਜਨੀਤਿਕ ਤੌਰ ‘ਤੇ ਫਾਇਦਾ ਹੋਇਆ ਅਤੇ ਧਰਮ ਨਿਰਪੱਖ ਤਾਕਤਾਂ ਨੂੰ ਕਮਜ਼ੋਰ ਹੋਈਆਂ ਹਨ।
ਮਾਇਆਵਤੀ ਨੇ ਕਿਹਾ ਕਿ ਸਪਾ ਦੇ ਇਸੇ ਰਵੱਈਏ ਕਾਰਨ 1993 ਵਿੱਚ ਬਣੇ ਸਪਾ-ਬਸਪਾ ਗੱਠਜੋੜ ਟੁੱਟ ਗਿਆ ਅਤੇ 2 ਜੂਨ, 1995 ਨੂੰ ਲਖਨਊ ਸਟੇਟ ਗੈਸਟ ਹਾਊਸ ਘਟਨਾ ਵੀ ਵਾਪਰੀ। ਉਨ੍ਹਾਂ ਕਿਹਾ ਕਿ ਬਸਪਾ ਨੇ 2019 ਵਿੱਚ ਲੋਕ ਸਭਾ ਚੋਣਾਂ ਲਈ ਅਖਿਲੇਸ਼ ਯਾਦਵ ਦੇ ਭਰੋਸੇ ਦੇ ਆਧਾਰ ‘ਤੇ ਦੁਬਾਰਾ ਗੱਠਜੋੜ ਬਣਾਇਆ ਸੀ ਪਰ ਚੋਣ ਨਤੀਜੇ ਅਨੁਕੂਲ ਨਾ ਆਉਣ ਤੋਂ ਬਾਅਦ ਇਹ ਵੀ ਸਪਾ ਦੇ ਹੰਕਾਰੀ ਅਤੇ ਸਵਾਰਥੀ ਰਵੱਈਏ ਕਾਰਨ ਟੁੱਟ ਗਿਆ। ਮਾਇਆਵਤੀ ਨੇ ਦੋਸ਼ ਲਗਾਇਆ ਕਿ ਸਪਾ ਗੱਠਜੋੜ ਦੀ ਵਰਤੋਂ ਸਿਰਫ਼ ਆਪਣਾ ਕੰਮ ਕਰਵਾਉਣ ਲਈ ਕਰਦੀ ਹੈ ਅਤੇ ਕੰਮ ਹੋਣ ਮਗਰੋਂ ਇਹ ਦੂਜੀਆਂ ਪਾਰਟੀਆਂ ਵਿਰੁੱਧ ਅਪਮਾਨਜਨਕ ਭਾਸ਼ਾ ਦੀ ਵਰਤੋਂ ਕਰਦੀ ਹੈ।
ਦੱਸ ਦੇਈਏ ਕਿ ਹਾਲ ਹੀ ਵਿੱਚ ਸਪਾ ਮੁਖੀ ਅਖਿਲੇਸ਼ ਯਾਦਵ ਨੇ ਬਿਨਾਂ ਕਿਸੇ ਦਾ ਨਾਮ ਲਏ ਤੰਜ ਕੱਸਿਆ ਸੀ ਕਿ ਗੱਠਜੋੜ ਵਿੱਚ ਪਤਾ ਨਹੀਂ ਕਿਥੋਂ-ਕਿਥੋਂ ਲੋਕ ਆਏ ਹਨ, ਜਿਨ੍ਹਾਂ ਨੂੰ ਉਨ੍ਹਾਂ ਨੇ “ਚਵਾਨੀ ਤੋਂ ਰੁਪਏ ਬਣਾ ਦਿੱਤਾ” ਪਰ ਇਸ ਦੇ ਬਾਵਜੂਦ ਉਹ ਪਾਰਟੀ ਛੱਡ ਕੇ ਚੱਲੇ ਗਏ। 2022 ਦੀਆਂ ਵਿਧਾਨ ਸਭਾ ਚੋਣਾਂ ਲਈ ਸਮਾਜਵਾਦੀ ਪਾਰਟੀ (ਸਪਾ) ਨਾਲ ਗੱਠਜੋੜ ਕਰਨ ਵਾਲੀਆਂ ਕਈ ਪਾਰਟੀਆਂ ਬਾਅਦ ਵਿੱਚ ਰਾਸ਼ਟਰੀ ਲੋਕਤੰਤਰੀ ਗੱਠਜੋੜ (ਐਨਡੀਏ) ਦਾ ਹਿੱਸਾ ਬਣ ਗਈਆਂ। ਇਨ੍ਹਾਂ ਵਿੱਚੋਂ ਸਭ ਤੋਂ ਪ੍ਰਮੁੱਖ ਰਾਸ਼ਟਰੀ ਲੋਕ ਦਲ ਹੈ। ਆਰਐਲਡੀ ਮੁਖੀ ਅਤੇ ਕੇਂਦਰੀ ਮੰਤਰੀ ਜਯੰਤ ਸਿੰਘ ਚੌਧਰੀ ਨੇ ‘ਐਕਸ’ ‘ਤੇ ਪੋਸਟ ਵਿੱਚ ਸਪਾ ਮੁਖੀ ਦੇ ਬਿਆਨ ‘ਤੇ ਜਵਾਬੀ ਹਮਲਾ ਕਰਦਿਆਂ ਕਿਹਾ, “ਸਿਆਸਤ ਦੀ ਲੜਾਈ ਵਿਚ ਕੁਝ ਸਸਤੇ ਸ਼ਬਦ ਕਹਿੰਦੇ ਸਨ ਤਾਂ ਮੇਰਾ ਨਾਮ ਲੈ ਕੇ ਬੋਲ ਦਿੰਦੇ, ਕੋਈ ਗੱਲ ਨਹੀਂ ਸੀ…।’