ਜਲੰਧਰ-ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਜਲੰਧਰ ਤੋਂ ਕਾਂਗਰਸ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਨੇ ਪੰਜਾਬ ‘ਚ ‘ਪੱਗੜੀ ਸੰਭਾਲ ਯਾਤਰਾ’ ਕੱਢਣ ਦਾ ਐਲਾਨ ਕੀਤਾ ਹੈ। ਚੰਨੀ ਮੁਤਾਬਕ ਇਸ ਯਾਤਰਾ ਦਾ ਮਕਸਦ ਪੰਜਾਬ ਦੇ ਨੌਜਵਾਨਾਂ ਨੂੰ ਨਸ਼ੇ ਅਤੇ ਗੈਂਗਸਟਰਵਾਦ ਤੋਂ ਦੂਰ ਰਹਿਣ ਲਈ ਜਾਗਰੂਕ ਕਰਨਾ ਅਤੇ ਸੂਬੇ ’ਚ ਸਮਾਜਿਕ ਜਾਗਰੂਕਤਾ ਦਾ ਸੰਦੇਸ਼ ਪਹੁੰਚਾਉਣਾ ਹੈ।
ਚੰਨੀ ਨੇ ਕਿਹਾ ਕਿ ਉਹ ਪੰਜਾਬ ‘ਚ ਲਗਭਗ 2000 ਨੌਜਵਾਨਾਂ ਨੂੰ ਨਾਲ ਲੈ ਕੇ ਇਸ ਮੁਹਿੰਮ ਨੂੰ ਅੱਗੇ ਵਧਾਉਣਗੇ। ਯਾਤਰਾ ਦੌਰਾਨ ਨੌਜਵਾਨਾਂ ਅਤੇ ਆਮ ਲੋਕਾਂ ਨਾਲ ਸੰਪਰਕ ਕਰਕੇ ਨਸ਼ੇ ਖ਼ਿਲਾਫ਼ ਜਾਗਰੂਕਤਾ ਪੈਦਾ ਕੀਤੀ ਜਾਵੇਗੀ। ਇਸ ਦੇ ਨਾਲ ਹੀ ਪੰਜਾਬ ’ਚ ਵਧ ਰਹੇ ਗੈਂਗਸਟਰਵਾਦ ਨੂੰ ਲੈ ਕੇ ਵੀ ਲੋਕਾਂ ਤੱਕ ਸੰਦੇਸ਼ ਪਹੁੰਚਾਉਣ ਦੀ ਯੋਜਨਾ ਹੈ। ਇਸ ਮੁਹਿੰਮ ਤਹਿਤ 2000 ਤੋਂ ਵੱਧ ਸਾਈਕਲ ਸਵਾਰਾਂ ਨੂੰ ਸ਼ਾਮਲ ਕੀਤਾ ਜਾਵੇਗਾ, ਜੋ ਪੰਜਾਬ ਦੇ ਵੱਖ-ਵੱਖ ਹਿੱਸਿਆਂ ’ਚ ਪਹੁੰਚ ਕੇ ਨਸ਼ੇ ਖ਼ਿਲਾਫ਼ ਜਾਗਰੂਕਤਾ ਮੁਹਿੰਮ ਚਲਾਉਣਗੇ।
ਚੰਨੀ ਨੇ ਪਾਰਟੀ ਆਗੂਆਂ ਨਾਲ ਵਿਚਾਰ-ਵਟਾਂਦਰੇ ਦੌਰਾਨ ਦਿਵਾਲੀ ਤੋਂ ਬਾਅਦ ਸਾਈਕਲ ਰੈਲੀਆਂ ਕਰਨ ਦਾ ਸੁਝਾਅ ਦਿੱਤਾ ਹੈ। ਪ੍ਰਸਤਾਵਿਤ ਪ੍ਰੋਗਰਾਮ ਤਹਿਤ ਰੈਲੀਆਂ ਸ੍ਰੀ ਚਮਕੌਰ ਸਾਹਿਬ ਤੋਂ ਤਲਵੰਡੀ ਸਾਬੋ ਅਤੇ ਸ੍ਰੀ ਅੰਮ੍ਰਿਤਸਰ ਸਾਹਿਬ ਤੱਕ ਆਯੋਜਿਤ ਕੀਤੇ ਜਾਣ ਦੀ ਜਾਣਕਾਰੀ ਸਾਹਮਣੇ ਆਈ ਹੈ। ਚੰਨੀ ਮੁਤਾਬਕ ਯਾਤਰਾ ਨੂੰ ਲਗਭਗ 3 ਤੋਂ 4 ਦਿਨਾਂ ’ਚ ਪੂਰਾ ਕਰਨ ਦੀ ਯੋਜਨਾ ਹੈ।















