ਕਰਨਾਟਕ ਤੇ ਗੁਜਰਾਤ ‘ਚ 21 ਥਾਈਂ ED ਦੇ ਛਾਪੇ ! ਜਾਣੋ ਕਿਉਂ ਹੋਈ ਕਾਰਵਾਈ

ਨੈਸ਼ਨਲ ਡੈਸਕ- ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਵੈਟਰਨਰੀ ਅਫਸਰ ਭਰਤੀ ਪ੍ਰੀਖਿਆ ਘਪਲੇ ਮਾਮਲੇ ’ਚ ਮੰਗਲਵਾਰ ਨੂੰ ਮਨੀ ਲਾਂਡਰਿੰਗ ਜਾਂਚ ਦੇ ਹੇਠ ਕਰਨਾਟਕ ਲੋਕ ਸੇਵਾ ਕਮਿਸ਼ਨ (ਕੇ.ਪੀ.ਐੱਸ.ਸੀ.) ਦੇ ਕੰਪਲੈਕਸ, ਇਸ ਦੇ ਮੁਅੱਤਲ ਚੇਅਰਮੈਨ ਸ਼ਿਵਸ਼ੰਕਰੱਪਾ ਐੱਸ. ਸਾਹੂਕਾਰ, ਮੈਂਬਰ ਸ਼ਾਂਤਾ ਹੋਸਮਾਨੀ ਅਤੇ ਕੁਝ ਹੋਰ ਲੋਕਾਂ ਦੇ ਕੰਪਲੈਕਸਾਂ ’ਤੇ ਛਾਪੇ ਮਾਰੇ।
ਅਧਿਕਾਰੀਆਂ ਨੇ ਦੱਸਿਆ ਕਿ ਕਰਨਾਟਕ ਅਤੇ ਗੁਜਰਾਤ ’ਚ 21 ਥਾਵਾਂ ’ਤੇ ਛਾਪੇਮਾਰੀ ਕੀਤੀ ਗਈ। ਅਧਿਕਾਰੀਆਂ ਨੇ ਦੱਸਿਆ ਕਿ ਸੰਘੀ ਜਾਂਚ ਏਜੰਸੀ ਨੇ ਇਨ੍ਹਾਂ ਕਥਿਤ ਬੇਨਿਯਮੀਆਂ ਦੇ ਸਬੰਧ ’ਚ ਮਨੀ ਲਾਂਡਰਿੰਗ ਨਿਵਾਰਣ ਐਕਟ (ਪੀ. ਐੱਮ. ਐੱਲ. ਏ.) ਹੇਠ ਮਾਮਲਾ ਦਰਜ ਕਰਨ ਤੋਂ ਬਾਅਦ ਇਹ ਕਾਰਵਾਈ ਸ਼ੁਰੂ ਕੀਤੀ। ਈ. ਡੀ. ਅਧਿਕਾਰੀਆਂ ਨੇ ਦੱਸਿਆ ਕਿ ਏਜੰਸੀ ਨੇ ਬੈਂਗਲੁਰੂ ਪੁਲਸ ਦੇ ਵਿਧਾਨ ਸੌਧ ਥਾਣੇ ’ਚ ਦਰਜ 4 ਐੱਫ. ਆਈ. ਆਰਜ਼ ਦਾ ਨੋਟਿਸ ਲਿਆ ਹੈ। ਇਨ੍ਹਾਂ ਐੱਫ. ਆਈ. ਆਰਜ਼ ’ਚ ਵੈਟਰਨਰੀ ਅਫਸਰਾਂ ਦੀ ਅੰਤਿਮ ਚੋਣ ’ਚ ਬੇਨਿਯਮੀਆਂ ਦੇ ਦੋਸ਼ ਲਗਾਏ ਗਏ ਹਨ।
ਦੋਸ਼ ਹੈ ਕਿ ਕੁਝ ਵਿਚੋਲਿਆਂ ਨੇ ਸ਼ਿਕਾਇਤਕਰਤਾ ਸਮੇਤ ਉਮੀਦਵਾਰਾਂ ਨੂੰ ਫੋਨ ਕੀਤਾ ਅਤੇ ਚੋਣ ਲਈ ਪ੍ਰਤੀ ਉਮੀਦਵਾਰ 70 ਤੋਂ 80 ਲੱਖ ਰੁਪਏ ਦੀ ਰਿਸ਼ਵਤ ਦੀ ਮੰਗ ਕੀਤੀ। ਅਧਿਕਾਰੀਆਂ ਨੇ ਦੱਸਿਆ ਕਿ ਮਾਮਲੇ ਦੇ ਸ਼ਿਕਾਇਤਕਰਤਾ ਨੇ ਇਨ੍ਹਾਂ ਵਿਚੋਲਿਆਂ ਦੀ ਆਡੀਓ ਰਿਕਾਰਡਿੰਗ ਪੁਲਸ ਨੂੰ ਸੌਂਪੀ ਹੈ।