‘ਸੋਨੀਆ ਗਾਂਧੀ ਨੂੰ ਕਦੇ ਮੇਰੀ ਮਦਦ…’, ਰਾਹੁਲ ਗਾਂਧੀ ਦੀ ਤਾਰੀਫ਼ ‘ਤੇ ਕੈਪਟਨ ਦਾ ਆ ਗਿਆ ਵੱਡਾ ਬਿਆਨ

ਚੰਡੀਗੜ੍ਹ : ਕਾਂਗਰਸੀ ਆਗੂ ਰਾਹੁਲ ਗਾਂਧੀ ਵੱਲੋਂ ਭਾਜਪਾ ‘ਚ ਆਪਣੇ ਮਨਪਸੰਦ ਆਗੂ ਵਜੋਂ ਕੈਪਟਨ ਅਮਰਿੰਦਰ ਸਿੰਘ ਦਾ ਨਾਂ ਲਏ ਜਾਣ ‘ਤੇ ਭਾਜਪਾ ਆਗੂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸਿਆਸਤ ਅਤੇ ਨਿੱਜੀ ਰਿਸ਼ਤਿਆਂ ਨੂੰ ਕਦੇ ਵੀ ਇਕੱਠੇ ਨਹੀਂ ਜੋੜਨਾ ਚਾਹੀਦਾ। ਉਨ੍ਹਾਂ ਕਿਹਾ ਕਿ ਉਹ ਸੋਨੀਆ ਗਾਂਧੀ, ਰਾਹੁਲ ਗਾਂਧੀ ਅਤੇ ਪ੍ਰਿਯੰਕਾ ਗਾਂਧੀ ਨਾਲ ਨਿੱਜੀ ਤੌਰ ‘ਤੇ ਅੱਜ ਵੀ ਚੰਗੇ ਸੰਬੰਧ ਰੱਖਦੇ ਹਨ, ਪਰ ਉਨ੍ਹਾਂ ਦੀ ਸਿਆਸਤ ਭਾਜਪਾ ਨਾਲ ਹੈ ਅਤੇ ਉਹ ਪੂਰੀ ਨਿਸ਼ਠਾ ਨਾਲ ਭਾਜਪਾ ‘ਚ ਹੀ ਕੰਮ ਕਰਦੇ ਰਹਿਣਗੇ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ 1980 ‘ਚ ਉਹ ਕਾਂਗਰਸ ਵੱਲੋਂ ਪਟਿਆਲਾ ਤੋਂ ਸੰਸਦ ਮੈਂਬਰ ਸਨ, ਜਦੋਂ ਕਿ ਉਨ੍ਹਾਂ ਦੀ ਮਾਤਾ ਭਾਜਪਾ ਦੀ ਸੰਸਦ ਮੈਂਬਰ ਸੀ। ਇਸ ਦੇ ਬਾਵਜੂਦ ਪਰਿਵਾਰਕ ਰਿਸ਼ਤਿਆਂ ‘ਤੇ ਕਦੇ ਕੋਈ ਅਸਰ ਨਹੀਂ ਪਿਆ। ਉਨ੍ਹਾਂ ਕਿਹਾ ਕਿ ਉਹ ਸੋਨੀਆ ਗਾਂਧੀ ਅਤੇ ਉਨ੍ਹਾਂ ਦੇ ਪਰਿਵਾਰ ਦਾ ਨਿੱਜੀ ਤੌਰ ‘ਤੇ ਬਹੁਤ ਸਤਿਕਾਰ ਕਰਦੇ ਹਨ।
ਉਨ੍ਹਾਂ ਕਿਹਾ ਕਿ ਜੇਕਰ ਕਦੇ ਸੋਨੀਆ ਗਾਂਧੀ ਨੂੰ ਕਿਸੇ ਨਿੱਜੀ ਕੰਮ ‘ਚ ਮੇਰੀ ਮਦਦ ਦੀ ਲੋੜ ਪਵੇ ਤਾਂ ਮੈਂ ਤੁਰੰਤ ਪਹੁੰਚਾਂਗਾ। ਮੈਂ ਨਹੀਂ ਮੰਨਦਾ ਕਿ ਸਿਆਸਤ ਅਤੇ ਦੋਸਤੀ ਨੂੰ ਇਕੱਠੇ ਮਿਲਾ ਕੇ ਦੇਖਣਾ ਚਾਹੀਦਾ ਹੈ। ਰਾਹੁਲ ਗਾਂਧੀ ਵੱਲੋਂ ਆਪਣੇ ਬਾਰੇ ਕੀਤੀ ਗਈ ਟਿੱਪਣੀ ‘ਤੇ ਕੈਪਟਨ ਨੇ ਕਿਹਾ ਕਿ ਉਹ ਇਸ ਲਈ ਉਨ੍ਹਾਂ ਦੇ ਧੰਨਵਾਦੀ ਹਨ। ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਖ਼ੁਦ ਵੀ ਜਾਣਦੇ ਹਨ ਕਿ ਉਹ ਭਾਜਪਾ ‘ਚ ਹਨ ਅਤੇ ਅੱਗੇ ਵੀ ਭਾਜਪਾ ‘ਚ ਰਹਿ ਕੇ ਹੀ ਆਪਣਾ ਰਾਜਨੀਤਿਕ ਫਰਜ਼ ਨਿਭਾਉਣਗੇ। ਕਾਂਗਰਸ ਨਾਲ ਕਿਸੇ ਨਾਰਾਜ਼ਗੀ ਦੇ ਸਵਾਲ ‘ਤੇ ਕੈਪਟਨ ਅਮਰਿੰਦਰ ਸਿੰਘ ਨੇ ਸਪੱਸ਼ਟ ਕੀਤਾ ਕਿ ਉਨ੍ਹਾਂ ਨੂੰ ਗਾਂਧੀ ਪਰਿਵਾਰ ਨਾਲ ਕੋਈ ਗਿਲਾ-ਸ਼ਿਕਵਾ ਨਹੀਂ ਹੈ।
ਉਨ੍ਹਾਂ ਕਿਹਾ ਕਿ ਕਾਂਗਰਸ ਨੇ ਉਨ੍ਹਾਂ ਨੂੰ ਦੋ ਵਾਰ ਸੰਸਦ ਮੈਂਬਰ, 6 ਵਾਰ ਵਿਧਾਇਕ ਅਤੇ ਦੋ ਵਾਰ ਪੰਜਾਬ ਦਾ ਮੁੱਖ ਮੰਤਰੀ ਬਣਨ ਦਾ ਮੌਕਾ ਦਿੱਤਾ। ਇਸ ਲਈ ਉਨ੍ਹਾਂ ਦੇ ਮਨ ‘ਚ ਕੋਈ ਪਛਤਾਵਾ ਜਾਂ ਨਾਰਾਜ਼ਗੀ ਨਹੀਂ ਹੈ। ਪੰਜਾਬ ਕਾਂਗਰਸ ‘ਚ ਚੱਲ ਰਹੇ ਅੰਦਰੂਨੀ ਵਿਵਾਦ ਬਾਰੇ ਟਿੱਪਣੀ ਕਰਨ ਤੋਂ ਉਨ੍ਹਾਂ ਇਨਕਾਰ ਕਰ ਦਿੱਤਾ। ਉਨ੍ਹਾਂ ਕਿਹਾ ਕਿ ਹੁਣ ਉਹ ਭਾਜਪਾ ਦੇ ਆਗੂ ਹਨ ਅਤੇ ਕਿਸੇ ਹੋਰ ਪਾਰਟੀ ਦੇ ਅੰਦਰੂਨੀ ਮਾਮਲਿਆਂ ‘ਤੇ ਕੋਈ ਟਿੱਪਣੀ ਨਹੀਂ ਕਰਨਾ ਚਾਹੁੰਦੇ। ਦਿੱਲੀ ‘ਚ ਹੋਏ Gen Z ਪ੍ਰਦਰਸ਼ਨਾਂ ਬਾਰੇ ਪੁੱਛੇ ਜਾਣ ‘ਤੇ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਭਰੋਸਾ ਹੈ ਕਿ ਸਰਕਾਰ ਇਨ੍ਹਾਂ ਪ੍ਰਦਰਸ਼ਨਾਂ ਦੇ ਕਾਰਨਾਂ ਦੀ ਸਮੀਖਿਆ ਕਰੇਗੀ ਅਤੇ ਲੋੜੀਂਦੇ ਕਦਮ ਚੁੱਕੇਗੀ।