ਭਿਆਨਕ ਹਾਦਸੇ ਨੇ ਤਬਾਹ ਕੀਤਾ ਪਰਿਵਾਰ ! ਚੰਬਾ ਦੀ ਖੱਡ ‘ਚ ਕਾਰ ਡਿੱਗਣ ਨਾਲ 5 ਜੀਆਂ ਦੀ ਗਈ ਜਾਨ

ਸ਼ਿਮਲਾ : ਹਿਮਾਚਲ ਪ੍ਰਦੇਸ਼ ਦੇ ਚੰਬਾ ਜ਼ਿਲ੍ਹੇ ਵਿੱਚ ਸੋਮਵਾਰ ਦੇਰ ਰਾਤ ਭਰਮੌਰ-ਪਠਾਨਕੋਟ ਰਾਜ ਮਾਰਗ ‘ਤੇ ਭਿਆਨਕ ਹਾਦਸਾ ਵਾਪਰ ਗਿਆ। ਇਸ ਦੌਰਾਨ ਲਹਾੜ ਨੇੜੇ ਡੂੰਘੀ ਖੱਡ ਵਿੱਚ ਇੱਕ ਬੇਕਾਬੂ ਹੋਈ ਗੱਡੀ ਦੇ ਡਿੱਗਣ ਕਾਰਨ ਇੱਕ ਪਰਿਵਾਰ ਦੇ ਪੰਜ ਮੈਂਬਰਾਂ ਦੀ ਮੌਤ ਹੋ ਗਈ। ਸੂਤਰਾਂ ਅਨੁਸਾਰ, ਇਹ ਹਾਦਸਾ ਉਸ ਸਮੇਂ ਵਾਪਰਿਆ, ਜਦੋਂ ਪਰਿਵਾਰ ਆਪਣੇ ਇੱਕ ਸਾਲ ਦੇ ਬੀਮਾਰ ਬੱਚੇ ਦੇ ਇਲਾਜ ਲਈ ਪਠਾਨਕੋਟ ਜਾ ਰਿਹਾ ਸੀ। ਉਨ੍ਹਾਂ ਦੱਸਿਆ ਕਿ ਮ੍ਰਿਤਕਾਂ ਵਿੱਚ ਬੱਚਾ, ਉਸਦੇ ਮਾਤਾ-ਪਿਤਾ ਅਤੇ ਦਾਦਾ-ਦਾਦੀ ਸ਼ਾਮਲ ਹਨ।
ਹਾਲਾਂਕਿ, ਅਧਿਕਾਰਤ ਪੁਸ਼ਟੀ ਅਜੇ ਬਾਕੀ ਹੈ ਅਤੇ ਮ੍ਰਿਤਕਾਂ ਦੀ ਪਛਾਣ ਅਜੇ ਨਹੀਂ ਹੋ ਸਕੀ ਹੈ। ਪੁਲਸ ਅਨੁਸਾਰ ਹਾਦਸੇ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ। ਸ਼ੁਰੂਆਤੀ ਜਾਣਕਾਰੀ ਤੋਂ ਪਤਾ ਚੱਲਦਾ ਹੈ ਕਿ ਡਰਾਈਵਰ ਦੇ ਗੱਡੀ ਤੋਂ ਕੰਟਰੋਲ ਗੁਆਉਣ ਤੋਂ ਬਾਅਦ ਕਾਰ ਖੱਡ ਵਿੱਚ ਡਿੱਗ ਗਈ। ਚੰਬਾ ਦੇ ਪੁਲਸ ਸੁਪਰਡੈਂਟ ਵਿਜੇ ਸਕਲਾਨੀ ਨੇ ਦੱਸਿਆ ਕਿ ਲਾਸ਼ਾਂ ਨੂੰ ਖੱਡ ਵਿੱਚੋਂ ਕੱਢਿਆ ਜਾ ਰਿਹਾ ਹੈ ਅਤੇ ਮ੍ਰਿਤਕਾਂ ਦੀ ਪਛਾਣ ਕਰਨ ਅਤੇ ਹੋਰ ਜ਼ਰੂਰੀ ਕਾਨੂੰਨੀ ਰਸਮਾਂ ਪੂਰੀਆਂ ਕਰਨ ਦੀ ਪ੍ਰਕਿਰਿਆ ਜਾਰੀ ਹੈ।
ਉਨ੍ਹਾਂ ਕਿਹਾ ਕਿ ਹਾਦਸੇ ਦੇ ਸਹੀ ਕਾਰਨਾਂ ਦਾ ਪਤਾ ਲਗਾਉਣ ਲਈ ਜਾਂਚ ਕੀਤੀ ਜਾ ਰਹੀ ਹੈ। ਘਟਨਾ ਦੀ ਜਾਣਕਾਰੀ ਮਿਲਦੇ ਹੀ ਪੁਲਸ ਅਤੇ ਬਚਾਅ ਟੀਮਾਂ ਤੁਰੰਤ ਘਟਨਾ ਸਥਾਨ ‘ਤੇ ਪਹੁੰਚ ਗਈਆਂ। ਮੁਸ਼ਕਲ ਭਰਿਆ ਇਲਾਕਾ ਅਤੇ ਰਾਤ ਦਾ ਸਮਾਂ ਹੋਣ ਕਾਰਨ ਬਚਾਅ ਕਰਮਚਾਰੀਆਂ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਇਸ ਰਾਹਤ ਅਤੇ ਬਚਾਅ ਕਾਰਜ ਵਿੱਚ ਸਥਾਨਕ ਪਿੰਡ ਵਾਸੀਆਂ ਨੇ ਵੀ ਪੁਲਸ ਅਤੇ ਬਚਾਅ ਟੀਮਾਂ ਦੀ ਮਦਦ ਕੀਤੀ।