ਜੰਮੂ : ਸ਼੍ਰੀ ਅਮਰਨਾਥ ਮੰਦਰ ਦੇ ਦਰਸ਼ਨਾਂ ਲਈ ਸੋਮਵਾਰ ਨੂੰ ਜੰਮੂ ਦੇ ਭਗਵਤੀ ਨਗਰ ਬੇਸ ਕੈਂਪ ਤੋਂ 3,800 ਤੋਂ ਵੱਧ ਸ਼ਰਧਾਲੂਆਂ ਦਾ 12ਵਾਂ ਜੱਥਾ ਰਵਾਨਾ ਹੋਇਆ। ਅਧਿਕਾਰੀਆਂ ਨੇ ਇਸ ਦੀ ਜਾਣਕਾਰੀ ਦਿੱਤੀ। ਅਧਿਕਾਰੀਆਂ ਨੇ ਦੱਸਿਆ ਕਿ ਇਸ ਦੇ ਨਾਲ, ਹੁਣ ਤੱਕ 1,27,326 ਸ਼ਰਧਾਲੂ ਜੰਮੂ ਬੇਸ ਕੈਂਪ ਤੋਂ ਰਵਾਨਾ ਹੋ ਚੁੱਕੇ ਹਨ। ਸਖ਼ਤ ਸੁਰੱਖਿਆ ਵਿਚਕਾਰ 3,823 ਸ਼ਰਧਾਲੂ 140 ਵਾਹਨਾਂ ਵਿੱਚ ਬਾਲਟਾਲ ਰੂਟ ਲਈ ਰਵਾਨਾ ਹੋਏ।
ਇਸ ਦੌਰਾਨ ਸ਼ਰਧਾਲੂਆਂ ਵਲੋਂ “ਬਮ ਬਮ ਭੋਲੇ” ਅਤੇ “ਹਰ ਹਰ ਮਹਾਦੇਵ” ਦੇ ਨਾਅਰੇ ਲਗਾਏ ਗਏ। ਇਸ ਸਮੂਹ ਵਿੱਚ 2,966 ਪੁਰਸ਼, 855 ਔਰਤਾਂ ਅਤੇ ਦੋ ਬੱਚੇ ਸ਼ਾਮਲ ਹਨ। ਮੁਰੰਮਤ ਦੇ ਕੰਮ ਕਾਰਨ ਪਹਿਲਗਾਮ ਰੂਟ ‘ਤੇ ਯਾਤਰਾ ਮੁਅੱਤਲ ਹੈ। 2 ਜੁਲਾਈ ਨੂੰ ਅਮਰਨਾਥ ਯਾਤਰਾ ਸ਼ੁਰੂ ਹੋਣ ਤੋਂ ਬਾਅਦ ਹੁਣ ਤੱਕ 4.15 ਲੱਖ ਤੋਂ ਵੱਧ ਸ਼ਰਧਾਲੂ ਬਾਬਾ ਬਰਫਾਨੀ ਦੇ ਦਰਸ਼ਨ ਕਰ ਚੁੱਕੇ ਹਨ। ਗੁਫਾ ਮੰਦਰ ਦੀ 57 ਦਿਨਾਂ ਦੀ ਸਾਲਾਨਾ ਯਾਤਰਾ 28 ਅਗਸਤ ਨੂੰ ਰੱਖੜੀ ਵਾਲੇ ਦਿਨ ਸਮਾਪਤ ਹੋਵੇਗੀ।















