ਨਿਊ ਜ਼ੀਲੈਂਡ ਵਲੋਂ ਇਤਿਹਾਸਕ ਜਿੱਤ ਦਰਜ

sports-news-300x150ਹੈਮਿਲਟਨ: ਨਿਊ ਜ਼ੀਲੈਂਡ ਨੇ ਪਾਕਿਸਤਾਨ ਖ਼ਿਲਾਫ਼ ਦੂਜੇ ਟੈਸਟ ਦੇ ਪੰਜਵੇਂ ਤੇ ਆਖਰੀ ਦਿਨ ਚਾਹ ਤੋਂ ਬਾਅਦ ਤੀਜੇ ਸੈਸ਼ਨ ਵਿੱਚ ਨਾਟਕੀ ਢੰਗ ਨਾਲ ਮਹਿਮਾਨ ਟੀਮ ਦੀਆਂ 9 ਵਿਕਟਾਂ ਝਟਕਾਉਂਦਿਆਂ 130 ਦੌੜਾਂ ਦੀ ਜਿੱਤ ਦਰਜ ਕੀਤੀ। ਇਸ ਜਿੱਤ ਨਾਲ ਮੇਜ਼ਬਾਨ ਟੀਮ ਨੇ ਟੈਸਟ ਲੜੀ 2-0 ਨਾਲ ਹੂੰਝ ਲਈ ਹੈ। ਨਿਊ ਜ਼ੀਲੈਂਡ ਲਈ ਇਹ ਜਿੱਤ ਇਤਿਹਾਸਕ ਹੈ ਕਿਉਂਕਿ 1985 ਤੋਂ ਬਾਅਦ ਮੇਜ਼ਬਾਨ ਟੀਮ ਦੀ ਟੈਸਟ ਲੜੀ ਵਿੱਚ ਪਾਕਿਸਤਾਨ ਖ਼ਿਲਾਫ਼ ਪਲੇਠੀ ਜਿੱਤ ਹੈ। ਪਾਕਿਸਤਾਨ ਦੀ ਪਹਿਲੀ ਪਾਰੀ ਵਿੱਚ ਛੇ ਵਿਕਟਾਂ ਲੈਣ ਵਾਲੇ ਟਿਮ ਸਾਊਦੀ ਨੂੰ ‘ਮੈਨ ਆਫ਼ ਦਿ ਮੈਚ’ ਐਲਾਨਿਆ ਗਿਆ। ਇਸ ਜਿੱਤ ਨਾਲ ਪਾਕਿਸਤਾਨ ਵਿਸ਼ਵ ਦਰਜਾਬੰਦੀ ਵਿੱਚ ਚੌਥੇ ਸਥਾਨ ‘ਤੇ ਖਿਸਕ ਗਿਆ ਹੈ ਜਦਕਿ ਮੇਜ਼ਬਾਨ ਟੀਮ ਲੜੀ ਜਿੱਤਣ ਦੇ ਬਾਵਜੂਦ ਦਰਜਾਬੰਦੀ ਵਿੱਚ ਪਹਿਲਾਂ ਵਾਂਗ ਸੱਤਵੇਂ ਸਥਾਨ ‘ਤੇ ਬਰਕਰਾਰ ਹੈ। ਪਾਕਿਸਤਾਨ ਦੀ ਟੀਮ ਨੂੰ ਦੂਜੀ ਪਾਰੀ ਵਿੱਚ ਜਿੱਤ ਲਈ 369 ਦੌੜਾਂ ਦਾ ਟੀਚਾ ਮਿਲਿਆ ਤੇ ਟੀਮ ਨੇ ਅੱਜ ਚਾਹ ਦੇ ਸਮੇਂ ਤਕ ਇੱਕ ਵਿਕਟ ਦੇ ਨੁਕਸਾਨ ਨਾਲ 158 ਦੌੜਾਂ ਬਣਾ ਲਈਆਂ ਸਨ। ਇਸ ਮਗਰੋਂ ਟਿਮ ਸਾਊਦੀ ਨੇ ਸਮੀ ਅਸਲਮ 91 ਨੂੰ ਮੈਦਾਨ ਤੋਂ ਬਾਹਰ ਦਾ ਰਾਹ ਵਿਖਾਇਆ। ਅਸਲਮ ਦੇ ਆਊਟ ਹੋਣ ਮਗਰੋਂ ਪਾਕਿਸਤਾਨ ਦੇ ਆਖਰੀ ਅੱਠ ਵਿਕਟ 20 ਓਵਰਾਂ ਵਿੱਚ 49 ਦੌੜਾਂ ‘ਤੇ ਡਿੱਗ ਗਏ। ਨੀਲ ਵੈਗਨਰ ਨੇ ਆਖਰੀ ਤਿੰਨ ਵਿਕਟ ਛੇ ਗੇਂਦਾਂ ਦੇ ਅੰਦਰ ਬਿਨਾਂ ਕੋਈ ਦੌੜ ਦਿੱਤਿਆਂ ਲਏ। ਨਿਊ ਜ਼ੀਲੈਂਡ ਨੇ ਕ੍ਰਾਈਸਟਚਰਚ ਵਿੱਚ ਖੇਡੇ ਪਹਿਲੇ ਟੈਸਟ ਵਿੱਚ ਅੱਠ ਵਿਕਟਾਂ ਨਾਲ ਜਿੱਤ ਦਰਜ ਕੀਤੀ ਸੀ। ਆਖਰੀ ਦਿਨ ਚਾਹ ਤੋਂ ਬਾਅਦ ਪਾਕਿਸਤਾਨ ਨੂੰ 204 ਗੇਂਦਾਂ ਵਿੱਚ 211 ਦੌੜਾਂ ਦੀ ਦਰਕਾਰ ਸੀ। ਸਲਾਮੀ ਬੱਲੇਬਾਜ਼ ਅਜ਼ਹਰ ਅਲੀ 58 ਤੇ ਅਸਲਮ 91 ਨੇ ਚੌਥੀ ਪਾਰੀ ਵਿੱਚ ਪਾਕਿਸਤਾਨ ਲਈ ਪਹਿਲੇ ਵਿਕਟ ਲਈ ਰਿਕਾਰਡ 131 ਦੌੜਾਂ ਦੀ ਭਾਈਵਾਲੀ ਕਰਦਿਆਂ 60 ਓਵਰ ਖਪਾਏ। ਅਜ਼ਹਰ ਨੂੰ ਮਿਸ਼ੇਲ ਸੈਂਟਨਰ ਨੇ ਬੋਲਡ ਕੀਤਾ ਜਦਕਿ ਬਾਬਰ ਆਜ਼ਮ ਨੂੰ ਵੀ ਸੈਂਟਨਰ ਨੇ ਇਸੇ ਅੰਦਾਜ਼ ਵਿੱਚ ਚਾਹ ਤੋਂ ਬਾਅਦ ਚੌਥੀ ਗੇਂਦ ‘ਤੇ ਆਊਟ ਕੀਤਾ। ਸਰਫ਼ਰਾਜ਼ ਅਹਿਮਦ 19 ਦੌੜਾਂ ਬਣਾ ਕੇ ਰਨ ਆਊਟ ਜਦਕਿ ਤਜਰਬੇਕਾਰ ਯੂਨਿਸ ਖ਼ਾਨ ਨੂੰ ਸਾਊਦੀ ਨੇ 11 ਦੇ ਨਿੱਜੀ ਸਕੋਰ ‘ਤੇ ਲੱਤ ਅੜਿੱਕਾ ਆਊਟ ਕੀਤਾ। ਨਿਊਜ਼ੀਲੈਂਡ ਲਈ ਵੈਗਨਰ ਨੇ ਤਿੰਨ ਜਦਕਿ ਟਿਮ ਸਾਊਦੀ ਤੇ ਸੈਂਟਨਰ ਨੂੰ ਦੋ ਦੋ ਅਤੇ ਮੈਟ ਹੈਨਰੀ ਤੇ ਕੋਲਿਨ ਡੀ ਗਰੈਂਡਹੋਮ ਨੂੰ ਇੱਕ ਇੱਕ ਵਿਕਟ ਮਿਲਿਆ।