ਪੰਚਕੂਲਾ – ਭਾਰਤੀ ਮੌਸਮ ਵਿਭਾਗ ਨੇ ਭਵਿੱਖਬਾਣੀ ਕੀਤੀ ਹੈ ਕਿ ਦੱਖਣ-ਪੱਛਮੀ ਮਾਨਸੂਨ ਉੱਤਰ-ਪੱਛਮੀ ਭਾਰਤ ’ਚ ਸਰਗਰਮ ਰਹੇਗਾ। ਜਿਸ ਨੂੰ ਦੇਖਦੇ ਹੋਏ ਮੌਸਮ ਵਿਭਾਗ ਅਨੁਸਾਰ 19 ਜੁਲਾਈ ਤੱਕ ਪੰਜਾਬ, ਹਰਿਆਣਾ, ਚੰਡੀਗੜ੍ਹ ਤੇ ਦਿੱਲੀ ’ਚ ਰੁਕ-ਰੁਕ ਕੇ ਮੀਂਹ ਪੈਣ ਦੀ ਉਮੀਦ ਹੈ। ਵਿਭਾਗ ਨੇ ਖੇਤਰ ਦੇ ਕਈ ਹਿੱਸਿਆਂ ’ਚ ਬੱਦਲ ਗਰਜਣ, ਤੇਜ਼ ਹਵਾਵਾਂ ਚੱਲਣ ਤੇ ਬਿਜਲੀ ਡਿੱਗਣ ਦੀ ਚਿਤਾਵਨੀ ਵੀ ਦਿੱਤੀ ਹੈ। ਇਸ ਹਫ਼ਤੇ ਦੇ ਅਖੀਰ ’ਚ ਪਹਾੜੀ ਸੂਬਿਆਂ ’ਚ ਭਾਰੀ ਮੀਂਹ ਪੈਣ ਦੀ ਉਮੀਦ ਜਤਾਈ ਜਾ ਰਹੀ ਹੈ।
ਦੂਜੇ ਪਾਸੇ ਰਾਸ਼ਟਰੀ ਭਵਿੱਖਬਾਣੀ ਕੇਂਦਰ ਅਨੁਸਾਰ 19 ਜੁਲਾਈ ਤੱਕ ਹਰਿਆਣਾ, ਚੰਡੀਗੜ੍ਹ, ਦਿੱਲੀ ਤੇ ਪੰਜਾਬ ’ਚ ਕਿਤੇ-ਕਿਤੇ ਮੀਂਹ ਪੈਣ ਦੀ ਸੰਭਾਵਨਾ ਹੈ। ਇਸ ਦੌਰਾਨ ਪਹਾੜੀ ਖੇਤਰਾਂ ’ਚ ਮੀਂਹ ਜ਼ਿਆਦਾ ਪਵੇਗਾ। ਇਸ ਦੇ ਨਾਲ ਹੀ ਹਿਮਾਚਲ ਪ੍ਰਦੇਸ਼, ਜੰਮੂ-ਕਸ਼ਮੀਰ, ਲੱਦਾਖ, ਗਿਲਗਿਤ-ਬਾਲਤਿਸਤਾਨ ਤੇ ਮੁਜ਼ੱਫਰਾਬਾਦ ’ਚ 17 ਜੁਲਾਈ ਤਕ ਮੀਂਹ ਪੈਣ ਦੀ ਸੰਭਾਵਨਾ ਹੈ। 18-19 ਜੁਲਾਈ ਨੂੰ ਵਿਆਪਕ ਬਾਰਿਸ਼ ਹੋਣ ਦੀ ਉਮੀਦ ਹੈ। ਉੱਤਰਾਖੰਡ ’ਚ ਵੀ 19 ਜੁਲਾਈ ਤਕ ਵਿਆਪਕ ਬਾਰਿਸ਼ ਹੋ ਸਕਦੀ ਹੈ। ਇਸ ਲਈ ਇਨ੍ਹੀਂ ਦਿੱਲੀ ਬਹੁਤ ਜ਼ਰੂਰੀ ਕੰਮ ਹੋਣ ‘ਤੇ ਹੀ ਘਰਾਂ ਵਿਚੋਂ ਬਾਹਰ ਨਿਕਲਣ ਦੀ ਅਪੀਲ ਹੈ।
ਮਹਾਰਾਸ਼ਟਰ ’ਚ 6 ਦਿਨਾਂ ਦੌਰਾਨ ਮੀਂਹ ਨਾਲ ਸਬੰਧਤ ਘਟਨਾਵਾਂ ’ਚ 12 ਦੀ ਮੌਤ
ਰਾਜ ਆਫ਼ਤ ਪ੍ਰਬੰਧਨ ਅਥਾਰਟੀ ਨੇ ਮੰਗਲਵਾਰ ਕਿਹਾ ਕਿ ਮਹਾਰਾਸ਼ਟਰ ’ਚ ਪਿਛਲੇ 6 ਦਿਨਾਂ ਦੌਰਾਨ ਮੀਂਹ ਅਤੇ ਮੌਸਮ ਨਾਲ ਸਬੰਧਤ ਘਟਨਾਵਾਂ ’ਚ 12 ਵਿਅਕਤੀਆਂ ਦੀ ਮੌਤ ਹੋ ਗਈ ਅਤੇ 21 ਹੋਰ ਲੋਕ ਜ਼ਖਮੀ ਹੋ ਗਏ। ਇਸ ਦੌਰਾਨ ਪੁਣੇ ਜ਼ਿਲ੍ਹੇ ਦਾ ਮੋਸ਼ੀ ਖੇਤਰ ਸਭ ਤੋਂ ਵੱਧ ਪ੍ਰਭਾਵਿਤ ਹੋਇਆ, ਜਿੱਥੇ ਇਕ ਇਮਾਰਤ ਡਿੱਗਣ ਨਾਲ 9 ਵਿਅਕਤੀਆਂ ਦੀ ਮੌਤ ਹੋ ਗਈ ਤੇ 9 ਹੀ ਜ਼ਖਮੀ ਹੋ ਗਏ।
ਅਰੁਣਾਚਲ ਪ੍ਰਦੇਸ਼ ’ਚ 84 ਮੀਟਰ ਲੰਬਾ ਪੁਲ ਰੁੜ੍ਹਿਆ, 8 ਪਿੰਡਾਂ ਨਾਲ ਸੰਪਰਕ ਟੁੱਟਿਆ
ਅਰੁਣਾਚਲ ਪ੍ਰਦੇਸ਼ ’ਚ ਹੜ੍ਹਾਂ ਕਾਰਨ ਕਰਾ ਦਾਦੀ ਜ਼ਿਲ੍ਹੇ ਵਿਚ ਕੁਮੇ ਨਦੀ ਉੱਤੇ 84 ਮੀਟਰ ਲੰਬਾ ਪੁਲ ਰੁੜ੍ਹ ਗਿਆ। ਇਸ ਤੋਂ ਬਾਅਦ 8 ਪਿੰਡ ਬਾਕੀ ਸੂਬੇ ਨਾਲੋਂ ਪੂਰੀ ਤਰ੍ਹਾਂ ਕੱਟੇ ਗਏ। ਸੂਬੇ ਵਿਚ ਮੀਂਹ ਕਾਰਨ ਆਏ ਹੜ੍ਹਾਂ ਅਤੇ ਜ਼ਮੀਨ ਖਿਸਕਣ ਕਾਰਨ ਹੁਣ ਤੱਕ 7 ਵਿਅਕਤੀਆਂ ਦੀ ਮੌਤ ਹੋ ਗਈ ਹੈ ਤੇ 29 ਜ਼ਖਮੀ ਹੋਏ ਹਨ। 26 ਜ਼ਿਲ੍ਹਿਆਂ ਦੇ 425 ਪਿੰਡਾਂ ’ਚ ਰਹਿਣ ਵਾਲੇ 97182 ਲੋਕ ਪ੍ਰਭਾਵਿਤ ਹੋਏ ਹਨ।















