ਇੰਟਰਨੈਸ਼ਨਲ ਡੈਸਕ- ਮਿਡਲ ਈਸਟ ‘ਚ ਇਰਾਨ ਤੇ ਅਮਰੀਕਾ ਵਿਚਾਲੇ ਮੁੜ ਸ਼ੁਰੂ ਹੋਏ ਹਮਲਿਆਂ ਕਾਰਨ ਅੰਤਰਰਾਸ਼ਟਰੀ ਬਾਜ਼ਾਰ ‘ਚ ਕੱਚੇ ਤੇਲ ਦੀਆਂ ਕੀਮਤਾਂ ਅਸਮਾਨੀ ਚੜ੍ਹ ਗਈਆਂ ਹਨ। ਪਿਛਲੇ ਇੱਕ ਹਫ਼ਤੇ ਦੇ ਅੰਦਰ ਹੀ ਕੱਚਾ ਤੇਲ 10 ਡਾਲਰ ਪ੍ਰਤੀ ਬੈਰਲ ਤੱਕ ਮਹਿੰਗਾ ਹੋ ਚੁੱਕਾ ਹੈ ਅਤੇ ਹੁਣ ਇਸ ਦੀ ਕੀਮਤ 80 ਡਾਲਰ ਪ੍ਰਤੀ ਬੈਰਲ ਦੇ ਬੇਹੱਦ ਨੇੜੇ ਪਹੁੰਚ ਗਈ ਹੈ, ਜਿਸ ਮਗਰੋਂ ਹੁਣ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ‘ਚ ਵੀ ਵਾਧਾ ਹੋ ਸਕਦਾ ਹੈ।
ਤਾਜ਼ਾ ਹਮਲਿਆਂ ਕਾਰਨ ਬਰੈਂਟ ਕ੍ਰੂਡ ਕੱਚੇ ਤੇਲ ਦੀ ਕੀਮਤ ਤੇਜ਼ੀ ਨਾਲ ਵਧ ਕੇ 79 ਡਾਲਰ ਪ੍ਰਤੀ ਬੈਰਲ ਨੂੰ ਪਾਰ ਕਰ ਗਈ ਹੈ, ਜਦਕਿ ਡਬਲਯੂ.ਟੀ.ਆਈ. ਕਰੂਡ ਵੀ 75 ਡਾਲਰ ਪ੍ਰਤੀ ਬੈਰਲ ਦੇ ਪਾਰ ਪਹੁੰਚ ਚੁੱਕਾ ਹੈ। ਮਾਹਿਰਾਂ ਮੁਤਾਬਕ ਜੇਕਰ ਖਾੜੀ ਖੇਤਰ ਵਿੱਚ ਹਾਲਾਤ ਜਲਦੀ ਕਾਬੂ ਹੇਠ ਨਾ ਆਏ, ਤਾਂ ਕੀਮਤਾਂ ਜਲਦ ਹੀ 80 ਡਾਲਰ ਦਾ ਅੰਕੜਾ ਪਾਰ ਕਰ ਜਾਣਗੀਆਂ।
ਜ਼ਿਕਰਯੋਗ ਹੈ ਕਿ ਅਮਰੀਕਾ ਅਤੇ ਇਰਾਨ ਵਿਚਾਲੇ ਪਿਛਲੇ ਮਹੀਨੇ ਹੋਈ ਜੰਗਬੰਦੀ ਹਾਲੇ ਕੁਝ ਦਿਨ ਹੀ ਚੱਲੀ ਸੀ ਕਿ ਦੋਵਾਂ ਧਿਰਾਂ ਵੱਲੋਂ ਮੁੜ ਹਮਲੇ ਸ਼ੁਰੂ ਹੋ ਗਏ, ਜਿਸ ਕਾਰਨ ਇਲਾਕੇ ‘ਚ ਤਣਾਅ ਕਾਫ਼ੀ ਵਧ ਗਿਆ ਹੈ ਤੇ ਹੋਰਮੁਜ਼ ਤੋਂ ਲੰਘਣ ਵਾਲੇ ਜਹਾਜ਼ਾਂ ‘ਤੇ ਹੋਏ ਹਮਲਿਆਂ ਕਾਰਨ ਤੇਲ ਦੀ ਸਪਲਾਈ ਵੀ ਪ੍ਰਭਾਵਿਤ ਹੋਣ ਦਾ ਖ਼ਤਰਾ ਪੈਦਾ ਹੋ ਗਿਆ ਹੈ। ਤੇਲ ਦੀ ਸਪਲਾਈ ‘ਤੇ ਜੰਗ ਦਾ ਅਸਰ ਪੈਣ ਦੇ ਡਰ ਕਾਰਨ ਕਾਰਨ ਅੰਤਰਰਾਸ਼ਟਰੀ ਬਾਜ਼ਾਰ ‘ਚ ਤੇਲ ਦੀ ਖਰੀਦਦਾਰੀ ਤੇਜ਼ ਹੋ ਗਈ ਹੈ।
ਭਾਰਤ, ਜੋ ਕਿ ਆਪਣੀ ਲੋੜ ਦਾ ਲਗਭਗ 85 ਫੀਸਦੀ ਕੱਚਾ ਤੇਲ ਆਯਾਤ ਕਰਦਾ ਹੈ। ਜੇਕਰ ਅੰਤਰਰਾਸ਼ਟਰੀ ਬਾਜ਼ਾਰ ‘ਚ ਕੱਚੇ ਤੇਲ ਦੀਆਂ ਕੀਮਤਾਂ ਇਸੇ ਤਰ੍ਹਾਂ ਵਧਦੀਆਂ ਰਹੀਆਂ, ਤਾਂ ਭਾਰਤ ‘ਤੇ ਵੀ ਇਸ ਦਾ ਅਸਰ ਦਿਖੇਗਾ। ਇਸ ਨਾਲ ਆਉਣ ਵਾਲੇ ਦਿਨਾਂ ‘ਚ ਦੇਸ਼ ਅੰਦਰ ਪੈਟਰੋਲ, ਡੀਜ਼ਲ ਅਤੇ LPG ਦੀਆਂ ਕੀਮਤਾਂ ਵਧਣ ਦਾ ਖ਼ਦਸ਼ਾ ਪੈਦਾ ਹੋ ਗਿਆ ਹੈ, ਜਿਸ ਨਾਲ ਹਰ ਆਮ-ਖ਼ਾਸ ਵਿਅਕਤੀ ਦੀ ਜੇਬ ‘ਤੇ ਵਾਧੂ ਬੋਝ ਪਵੇਗਾ।
ਫਿਲਹਾਲ ਭਾਰਤੀ ਤੇਲ ਮਾਰਕੀਟਿੰਗ ਕੰਪਨੀਆਂ ਗਲੋਬਲ ਬਾਜ਼ਾਰ ਦੇ ਹਾਲਾਤ ‘ਤੇ ਲਗਾਤਾਰ ਨਜ਼ਰ ਰੱਖ ਰਹੀਆਂ ਹਨ। ਕੀਮਤਾਂ ‘ਚ ਸਥਿਰਤਾ ਨਾ ਆਉਣ ‘ਤੇ ਘਰੇਲੂ ਬਾਜ਼ਾਰ ‘ਚ ਤੇਲ ਦੀਆਂ ਕੀਮਤਾਂ ਦੀ ਸਮੀਖਿਆ ਕੀਤੀ ਜਾ ਸਕਦੀ ਹੈ ਤੇ ਲੋੜ ਪੈਣ ‘ਤੇ ਕੀਮਤਾਂ ‘ਚ ਇਜ਼ਾਫਾ ਵੀ ਕੀਤਾ ਜਾ ਸਕਦਾ ਹੈ।















