ਜੰਮੂ ਤੋਂ ਅਮਰਨਾਥ ਯਾਤਰਾ ਲਈ 9000 ਤੋਂ ਵੱਧ ਸ਼ਰਧਾਲੂਆਂ ਦਾ 10ਵਾਂ ਜੱਥਾ ਰਵਾਨਾ

ਜੰਮੂ : ਜੰਮੂ ਦੇ ਭਗਵਤੀ ਨਗਰ ਬੇਸ ਕੈਂਪ ਤੋਂ 2,435 ਔਰਤਾਂ ਸਣੇ 9182 ਸ਼ਰਧਾਲੂਆਂ ਦਾ 10ਵਾਂ ਜਥਾ ਸ਼ਨੀਵਾਰ ਨੂੰ ਦੱਖਣੀ ਕਸ਼ਮੀਰ ਹਿਮਾਲਿਆ ਵਿੱਚ ਸਥਿਤ ਪਵਿੱਤਰ ਅਮਰਨਾਥ ਗੁਫਾ ਤੀਰਥ ਸਥਾਨ ‘ਤੇ ਦਰਸ਼ਨਾਂ ਅਤੇ ਪੂਜਾ-ਪ੍ਰਾਰਥਨਾ ਕਰਨ ਲਈ ਰਵਾਨਾ ਹੋ ਗਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਸ਼ਰਧਾਲੂਆਂ ਦੇ ਇਸ ਜੱਥੇ ਵਿੱਚ 256 ਸਾਧੂ, 46 ਸਾਧਵੀਆਂ ਅਤੇ 31 ਬੱਚੇ ਸ਼ਾਮਲ ਸਨ। ਸਖ਼ਤ ਸੁਰੱਖਿਆ ਪ੍ਰਬੰਧਾਂ ਵਿਚਕਾਰ ਸ਼ਰਧਾਲੂ ਸ਼ਨੀਵਾਰ ਸਵੇਰੇ ਵੱਖ-ਵੱਖ ਕਾਫਲਿਆਂ ਵਿੱਚ ਅਨੰਤਨਾਗ ਦੇ ਨੂਨਵਾਨ-ਪਹਿਲਗਾਮ ਬੇਸ ਕੈਂਪ ਅਤੇ ਗੰਦਰਬਲ ਦੇ ਬਾਲਟਾਲ ਬੇਸ ਕੈਂਪਾਂ ਲਈ ਰਵਾਨਾ ਹੋਏ।
ਅਧਿਕਾਰੀਆਂ ਨੇ ਦੱਸਿਆ ਕਿ 5,877 ਸ਼ਰਧਾਲੂ 206 ਵਾਹਨਾਂ ਦੇ ਕਾਫਲੇ ਵਿੱਚ ਪਹਿਲਗਾਮ ਬੇਸ ਕੈਂਪ ਵੱਲ ਜਾ ਰਹੇ ਹਨ, ਜਦੋਂ ਕਿ 3,305 ਸ਼ਰਧਾਲੂ ਬਾਲਟਾਲ ਰਸਤਾ ਚੁਣ ਕੇ 127 ਵਾਹਨਾਂ ਵਿੱਚ ਰਵਾਨਾ ਹੋਏ ਹਨ। ਦੱਖਣੀ ਕਸ਼ਮੀਰ ਵਿੱਚ 3,880 ਮੀਟਰ ਦੀ ਉਚਾਈ ‘ਤੇ ਸਥਿਤ ਪਵਿੱਤਰ ਅਮਰਨਾਥ ਗੁਫਾ ਦੀ 57 ਦਿਨਾਂ ਦੀ ਸਾਲਾਨਾ ਯਾਤਰਾ 3 ਜੁਲਾਈ ਨੂੰ ਦੋਵਾਂ ਰਸਤਿਆਂ ਤੋਂ ਸ਼ੁਰੂ ਹੋਈ ਸੀ। ਇਹ ਯਾਤਰਾ 28 ਅਗਸਤ ਨੂੰ ਰੱਖੜੀ ਦੇ ਤਿਉਹਾਰ ਦੇ ਨਾਲ ਸਮਾਪਤ ਹੋਵੇਗੀ। ਇਸ ਸਾਲ ਹੁਣ ਤੱਕ ਦੋ ਲੱਖ ਤੋਂ ਵੱਧ ਸ਼ਰਧਾਲੂ ਪਵਿੱਤਰ ਅਮਰਨਾਥ ਗੁਫਾ ਦੇ ਦਰਸ਼ਨ ਕਰ ਚੁੱਕੇ ਹਨ।