‘ਸਿਆਸਤ ਛੱਡ ਖੇਤੀ ਕਰਨ ਲਈ ਤਿਆਰ!’, ਆਹ ਕੀ ਕਹਿ ਗਏ ਰਾਜਾ ਵੜਿੰਗ

ਚੰਡੀਗੜ੍ਹ : ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਉਹ ਪ੍ਰਧਾਨ ਦਾ ਅਹੁਦਾ ਤਾਂ ਕੀ, ਜੇਕਰ ਰਾਹੁਲ ਗਾਂਧੀ ਉਨ੍ਹਾਂ ਨੂੰ ਰਾਜਨੀਤੀ ਛੱਡ ਕੇ ਖੇਤੀ ਕਰਨ ਦਾ ਹੁਕਮ ਵੀ ਦੇਣ ਤਾਂ ਉਹ ਉਸ ਲਈ ਵੀ ਤਿਆਰ ਹਨ ਕਿਉਂਕਿ ਕਾਂਗਰਸ ਪਾਰਟੀ ਨੇ ਉਨ੍ਹਾਂ ਨੂੰ ਉਮੀਦ ਤੋਂ ਕਿਤੇ ਵੱਧ ਦਿੱਤਾ ਹੈ। ਉਨ੍ਹਾਂ ਕਿਹਾ ਕਿ ਮੇਰੇ ’ਚ ਕਈ ਤਰ੍ਹਾਂ ਦੀਆਂ ਕਮੀਆਂ ਹੋ ਸਕਦੀਆਂ ਹਨ ਅਤੇ ਉਨ੍ਹਾਂ ਨਾਲੋਂ ਕਈ ਵੱਧ ਯੋਗ ਆਗੂ ਪੰਜਾਬ ਕਾਂਗਰਸ ’ਚ ਮੌਜੂਦ ਹਨ ਪਰ ਜੇਕਰ ਹਾਈਕਮਾਂਡ ਨੇ ਉਨ੍ਹਾਂ ਨੂੰ ਪ੍ਰਧਾਨ ਵਜੋਂ ਕੰਮ ਕਰਨ ਦੀ ਜ਼ਿੰਮੇਵਾਰੀ ਸੌਂਪੀ ਹੈ ਤਾਂ ਉਹ ਇਸ ਨੂੰ ਪੂਰੀ ਈਮਾਨਦਾਰੀ ਅਤੇ ਸਮਰਪਣ ਨਾਲ ਨਿਭਾਉਣ ’ਚ ਕੋਈ ਕਸਰ ਨਹੀਂ ਛੱਡਣਗੇ।
ਉਨ੍ਹਾਂ ਕਿਹਾ ਕਿ ਪੰਜਾਬ ਦੀ ਸਮੁੱਚੀ ਸੀਨੀਅਰ ਲੀਡਰਸ਼ਿਪ ਦੇ ਕਹਿਣ ਅਨੁਸਾਰ ਉਹ ਪਹਿਲਾਂ ਵੀ ਕੰਮ ਕਰਦੇ ਰਹੇ ਹਨ ਅਤੇ ਅੱਗੇ ਵੀ ਸਾਰਿਆਂ ਨੂੰ ਨਾਲ ਲੈ ਕੇ ਚੱਲਣ ਦੀ ਆਪਣੀ ਵਚਨਬੱਧਤਾ ਨੂੰ ਨਿਭਾਉਣ ਲਈ ਤਿਆਰ ਹਨ। ਪਰਿਵਾਰ ’ਚ ਕਈ ਵਾਰ ਆਪਸੀ ਕਹਾਸੁਣੀ ਹੋ ਸਕਦੀ ਹੈ ਪਰ ਜੇਕਰ ਕੋਈ ਆਗੂ ਨਿੱਜੀ ਤੌਰ ‘ਤੇ ਉਨ੍ਹਾਂ ਨਾਲ ਨਾਰਾਜ਼ ਹੈ ਤਾਂ ਉਹ ਉਸ ਨੂੰ ਮਨਾਉਣ ਲਈ ਉਸ ਦੇ ਪੈਰਾਂ ਦੀ ਜੁੱਤੀ ਵੀ ਆਪਣੇ ਸਿਰ ‘ਤੇ ਰੱਖਣ ਲਈ ਤਿਆਰ ਹਨ।
ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਸੱਤਾਧਾਰੀ ਪਾਰਟੀ ਤੋਂ ਦੁਖੀ ਹੋ ਚੁੱਕੇ ਹਨ। ਪੰਜਾਬ ਭਾਰੀ ਕਰਜ਼ੇ ਹੇਠ ਦੱਬ ਚੁੱਕਾ ਹੈ ਅਤੇ ਸੂਬੇ ’ਚ ਕਾਨੂੰਨ-ਵਿਵਸਥਾ ਦੀ ਸਥਿਤੀ ਬੇਹੱਦ ਮਾੜੀ ਹੈ। ਮੌਜੂਦਾ ਹਾਲਾਤ ’ਚ ਪੰਜਾਬ ਦੇ ਲੋਕਾਂ ਕੋਲ ਬਦਲਾਅ ਲਈ ਕਾਂਗਰਸ ਇਕ ਵੱਡਾ ਬਦਲ ਬਣ ਕੇ ਉੱਭਰੀ ਹੈ ਅਤੇ ਲੋਕ ਪੰਜਾਬ ’ਚ ਕਾਂਗਰਸ ਨੂੰ ਸੱਤਾ ’ਚ ਲਿਆਉਣ ਲਈ ਉਤਸੁਕ ਹਨ। ਉਨ੍ਹਾਂ ਕਿਹਾ ਕਿ ਜੇਕਰ ਅੱਜ ਸਾਰੇ ਆਗੂ ਆਪਸੀ ਮਤਭੇਦ ਭੁਲਾ ਕੇ ਹਾਈਕਮਾਂਡ ਵੱਲੋਂ ਦਿਖਾਏ ਰਾਹ ‘ਤੇ ਚੱਲਣ ਤਾਂ ਕਾਂਗਰਸ ਪੰਜਾਬ ਨੂੰ ਮੁੜ ਖ਼ੁਸ਼ਹਾਲ ਬਣਾਉਣ ’ਚ ਅਹਿਮ ਭੂਮਿਕਾ ਨਿਭਾ ਸਕਦੀ ਹੈ।