ਵੇਨੇਜ਼ੁਏਲਾ ‘ਚ ਭੂਚਾਲ ਕਾਰਨ ਮਚੀ ਤਬਾਹੀ ‘ਤੇ PM ਮੋਦੀ ਨੇ ਜਤਾਇਆ ਦੁੱਖ ! ਹਰ ਸੰਭਵ ਮਦਦ ਦਾ ਦਿੱਤਾ ਭਰੋਸਾ

ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਵੇਨੇਜ਼ੁਏਲਾ ‘ਚ ਭੂਚਾਲ ਨਾਲ ਹੋਈ ਤਬਾਹੀ ‘ਤੇ ਦੁੱਖ ਜਤਾਇਆ ਅਤੇ ਇਸ ਮੁਸ਼ਕਲ ਸਮੇਂ ‘ਚ ਭਾਰਤ ਦੇ ਸਮਰਥਨ ਨੂੰ ਦੋਹਰਾਇਆ। ਵੇਨੇਜ਼ੁਏਲਾ ‘ਚ ਇਕ ਤੋਂ ਇਕ 2 ਜ਼ਬਰਦਸਤ ਭੂਚਾਲ ਆਏ, ਜਿਨ੍ਹਾਂ ਨਾਲ ਰਾਜਧਾਨੀ ਕਾਰਾਕਸ ‘ਚ ਵੀ ਤੇਜ਼ ਝਟਕੇ ਮਹਿਸੂਸ ਕੀਤੇ ਗਏ।
ਪ੍ਰਧਾਨ ਮੰਤਰੀ ਮੋਦੀ ਨੇ ‘ਐਕਸ’ ‘ਤੇ ਪੋਸਟ ਕਰ ਕੇ ਕਿਹਾ,”ਵੇਨੇਜ਼ੁਏਲਾ ‘ਚ ਆਏ ਭਿਆਨਕ ਭੂਚਾਲ ਨਾਲ ਹੋਈ ਤਬਾਹੀ ਤੋਂ ਬਹੁਤ ਦੁੱਖ ਹੋਇਆ ਹੈ। ਭਾਰਤ ਦੇ ਲੋਕਾਂ ਵਲੋਂ, ਮੈਂ ਵੇਨੇਜ਼ੁਏਲਾ ਦੀ ਸਰਕਾਰ ਅਤੇ ਉੱਥੋਂ ਦੇ ਲੋਕਾਂ ਦੇ ਪ੍ਰਤੀ, ਖ਼ਾਸ ਕਰ ਕੇ ਉਨ੍ਹਾਂ ਪਰਿਵਾਰਾਂ ਦੇ ਪ੍ਰਤੀ ਡੂੰਘੀ ਹਮਦਰਦੀ ਜ਼ਾਹਰ ਕਰਦਾ ਹਾਂ, ਜਿਨ੍ਹਾਂ ਨੇ ਆਪਣੇ ਅਜੀਜਾਂ ਨੂੰ ਗੁਆ ਦਿੱਤਾ ਹੈ।” ਉਨ੍ਹਾਂ ਕਿਹਾ,”ਅਸੀਂ ਜ਼ਖ਼ਮੀਆਂ ਦੇ ਜਲਦ ਠੀਕ ਹੋਣ ਦੀ ਪ੍ਰਾਰਥਾ ਕਰਦੇ ਹਾਂ ਅਤੇ ਇਸ ਮੁਸ਼ਕਲ ਸਮੇਂ ‘ਚ ਪ੍ਰਭਾਵਿਤ ਸਾਰੇ ਲੋਕਾਂ ਨਾਲ ਇਕਜੁਟਤਾ ਨਾਲ ਖੜ੍ਹੇ ਹਾਂ।” ਪ੍ਰਧਾਨ ਮੰਤਰੀ ਨੇ ਕਿਹਾ,”ਭਾਰਤ ਹਰ ਸੰਭਵ ਮਦਦ ਦੇਣ ਲਈ ਤਿਆਰ ਹੈ।”
ਦੱਸਣਯੋਗ ਹੈ ਕਿ ਅਮਰੀਕੀ ਭੂ-ਵਿਗਿਆਨਕ ਸਰਵੇਖਣ (USGS) ਮੁਤਾਬਕ, ਵੇਨੇਜ਼ੁਏਲਾ ‘ਚ ਪਹਿਲਾ ਭੂਚਾਲ ਬੁੱਧਵਾਰ ਸ਼ਾਮ ਦੇ ਸਮੇਂ ਆਇਆ, ਜਿਸ ਦੀ ਤੀਬਰਤਾ 7.1 ਦਰਜ ਕੀਤੀ ਗਈ। ਇਸ ਦੇ ਠੀਕ ਇੱਕ ਮਿੰਟ ਬਾਅਦ ਹੀ ਇਸ ਤੋਂ ਵੀ ਭਿਆਨਕ ਤੇ ਤੇਜ਼ 7.5 ਤੀਬਰਤਾ ਦਾ ਇਕ ਹੋਰ ਜ਼ਬਰਦਸਤ ਝਟਕਾ ਮਹਿਸੂਸ ਕੀਤਾ ਗਿਆ। ਦੋਵਾਂ ਭੂਚਾਲਾਂ ਦਾ ਕੇਂਦਰ ਰਾਜਧਾਨੀ ਕਾਰਾਕਾਸ ਤੋਂ ਲਗਭਗ 160 ਕਿਲੋਮੀਟਰ ਪੱਛਮ ਵਿੱਚ ਸਥਿਤ ਤੱਟਵਰਤੀ ਸ਼ਹਿਰ ‘ਮੋਰੋਨ’ ਦੇ ਨੇੜੇ ਸੀ। ਇਹੀ ਨਹੀਂ, ਇਨ੍ਹਾਂ ਝਟਕਿਆਂ ਤੋਂ ਬਾਅਦ ਦੇਸ਼ ‘ਚ 2 ਦਰਜਨ ਤੋਂ ਵੱਧ ਆਫਟਰਸ਼ਾਕਸ ਵੀ ਮਹਿਸੂਸ ਕੀਤੇ ਗਏ ਹਨ।