ਵਿਸ਼ਵ ਸੰਕਟ ਦੌਰਾਨ ਐਕਸ਼ਨ ’ਚ ਮੋਦੀ, ਆਰਥਿਕ ਸਲਾਹਕਾਰ ਕਮੇਟੀ ਨਾਲ ਕੀਤੀ ਮੁਲਾਕਾਤ

ਨਵੀਂ ਦਿੱਲੀ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਸ਼ਵ ਸੰਕਟ ਦਰਮਿਆਨ ਐਕਸ਼ਨ ’ਚ ਆ ਗਏ ਹਨ। ਭਾਰਤੀ ਅਰਥਵਿਵਸਥਾ ਨੂੰ ਇਕ ਨਵੀਂ ਰਫ਼ਤਾਰ ਦੇਣ ਲਈ ਉਨ੍ਹਾਂ ਆਰਥਿਕ ਸਲਾਹਕਾਰ ਕਮੇਟੀ ਨਾਲ ਮੁਲਾਕਾਤ ਕੀਤੀ। ਭਾਰਤ ਨੂੰ ਇਕ ਮਜ਼ਬੂਤ ​​ਸ਼ਕਤੀ ਵਜੋਂ ਬਣਾਈ ਰੱਖਣ ਦੇ ਮੰਤਵ ਨਾਲ ਮੋਦੀ ਨੇ ‘ਪ੍ਰਧਾਨ ਮੰਤਰੀ ਆਰਥਿਕ ਸਲਾਹਕਾਰ ਕੌਂਸਲ’ ਦੇ ਮੈਂਬਰਾਂ ਨਾਲ ਅਹਿਮ ਮੀਟਿੰਗ ਦੀ ਪ੍ਰਧਾਨਗੀ ਕੀਤੀ। ਇਸ ਉੱਚ-ਪੱਧਰੀ ਮੀਟਿੰਗ ਦਾ ਮੰਤਵ ਦੇਸ਼ ਦੇ ਆਰਥਿਕ ਵਿਕਾਸ ਨੂੰ ਤੇਜ਼ ਕਰਨਾ ਤੇ ਮੌਜੂਦਾ ਵਿਸ਼ਵ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਇਕ ਨਵਾਂ ਰੋਡਮੈਪ ਵਿਕਸਤ ਕਰਨਾ ਸੀ।
ਮਿਲੀ ਜਾਣਕਾਰੀ ਮੁਤਾਬਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਆਰਥਿਕ ਸਲਾਹਕਾਰ ਕੌਂਸਲ ਦੇ ਮੈਂਬਰਾਂ ਦਰਮਿਆਨ ਹੋਈ ਮੀਟਿੰਗ ਮੁੱਖ ਰੂਪ ’ਚ ਉਨ੍ਹਾਂ ਰਣਨੀਤੀਆਂ ’ਤੇ ਕੇਂਦ੍ਰਿਤ ਸੀ, ਜੋ ਵਿਸ਼ਵ ਆਰਥਿਕ ਗੈਰ-ਯਕੀਨੀ ਦਰਮਿਆਨ ਭਾਰਤ ਨੂੰ ਤੇਜ਼ੀ ਨਾਲ ਤਰੱਕੀ ਕਰਨ ’ਚ ਮਦਦ ਕਰ ਸਕਦੀਆਂ ਹਨ। ਇਸ ਮੀਟਿੰਗ ਦੌਰਾਨ ਮੌਜੂਦਾ ਵਿਸ਼ਵ ਉਥਲ-ਪੁਥਲ ਦਰਮਿਆਨ ਭਾਰਤ ਦੇ ਆਰਥਿਕ ਵਿਕਾਸ ਨੂੰ ਹੋਰ ਵਧਾਉਣ ਲਈ ਕਈ ਅਹਿਮ ਵਿਚਾਰਾਂ ਤੇ ਨਵੇਂ ਉਪਾਵਾਂ ’ਤੇ ਵਿਸਥਾਰ ਨਾਲ ਵਿਚਾਰ-ਚਰਚਾ ਹੋਈ।
‘ਈਜ਼ ਆਫ ਲਿਵਿੰਗ’ ਤੇ ‘ਈਜ਼ ਆਫ ਡੂਇੰਗ ਬਿਜ਼ਨੈੱਸ’ ’ਤੇ ਜ਼ੋਰ
ਅਰਥਵਿਵਸਥਾ ਨੂੰ ਮਜ਼ਬੂਤ ​​ਕਰਨ ਲਈ ਸਿਰਫ਼ ਨੀਤੀਆਂ ਤਿਆਰ ਕਰਨਾ ਕਾਫ਼ੀ ਨਹੀਂ ਹੈ। ਜ਼ਮੀਨੀ ਪੱਧਰ ’ਤੇ ਸੁਧਾਰਾਂ ਨੂੰ ਲਾਗੂ ਕਰਨਾ ਵੀ ਜ਼ਰੂਰੀ ਹੈ। ਇਸ ਪਹੁੰਚ ਨੂੰ ਧਿਆਨ ’ਚ ਰੱਖਦੇ ਹੋਏ ਮੀਟਿੰਗ ’ਚ ਨਾਗਰਿਕਾਂ ਤੇ ਕਾਰੋਬਾਰ ਦੋਵਾਂ ਲਈ ਮੁੱਖ ਸੁਧਾਰਾਂ ’ਤੇ ਜ਼ੋਰ ਦਿੱਤਾ ਗਿਆ। ਮੋਦੀ ਤੇ ਕੌਂਸਲ ਦੇ ਮੈਂਬਰਾਂ ਨੇ ਦੇਸ਼ ’ਚ ‘ਈਜ਼ ਆਫ ਲਿਵਿੰਗ’ ਭਾਵ ਜੀਵਨ ਦੀ ਸੌਖ ਅਤੇ ‘ਈਜ਼ ਆਫ ਡੂਇੰਗ ਬਿਜ਼ਨੈੱਸ’ ਭਾਵ ਕਾਰੋਬਾਰ ਕਰਨ ਦੀ ਸੌਖ ’ਚ ਸੁਧਾਰ ਕਰਨ ਵਾਲੇ ਵੱਖ-ਵੱਖ ਸੁਧਾਰਾਂ ’ਤੇ ਵੀ ਚਰਚਾ ਕੀਤੀ। ਇਸ ਦਾ ਸਿੱਧਾ ਮੰਤਵ ਦੇਸ਼ ’ਚ ਵਪਾਰਕ ਮਾਹੌਲ ਨੂੰ ਵਧੇਰੇ ਢੁੱਕਵਾਂ ਬਣਾਉਣਾ ਤੇ ਲਾਲ ਫੀਤਾਸ਼ਾਹੀ ਨੂੰ ਘਟਾਉਣਾ ਹੈ।