ਨੈਸ਼ਨਲ ਡੈਸਕ : ਤ੍ਰਿਣਮੂਲ ਕਾਂਗਰਸ (ਟੀਐਮਸੀ) ਦੀ ਮੁਖੀ ਮਮਤਾ ਬੈਨਰਜੀ ਪੱਛਮੀ ਬੰਗਾਲ ਵਿੱਚ ਚੋਣਾਂ ਤੋਂ ਬਾਅਦ ਹੋਈ ਕਥਿਤ ਹਿੰਸਾ ਅਤੇ ਪਾਰਟੀ ਆਗੂਆਂ ਨੂੰ ਨਿਸ਼ਾਨਾ ਬਣਾਉਣ ਦੇ ਖਿਲਾਫ ਅੱਜ (ਮੰਗਲਵਾਰ) ਕੋਲਕਾਤਾ ਦੇ ਰਾਣੀ ਰਾਸਮੋਨੀ ਰੋਡ ‘ਤੇ ਇੱਕ ਵਿਸ਼ਾਲ ਵਿਰੋਧ ਪ੍ਰਦਰਸ਼ਨ ਦੀ ਅਗਵਾਈ ਕਰਨ ਜਾ ਰਹੀ ਹੈ। ਟੀਐਮਸੀ ਸੰਸਦ ਮੈਂਬਰਾਂ ਅਭਿਸ਼ੇਕ ਬੈਨਰਜੀ ਅਤੇ ਕਲਿਆਣ ਬੈਨਰਜੀ ‘ਤੇ ਹੋਏ ਕਥਿਤ ਹਮਲਿਆਂ ਤੋਂ ਬਾਅਦ ਵਿਵਾਦ ਹੋਰ ਵੀ ਵੱਧ ਗਿਆ ਹੈ। ਮਮਤਾ ਬੈਨਰਜੀ ਨੇ ਸਖ਼ਤ ਰੁਖ਼ ਅਪਣਾਉਂਦੇ ਚੇਤਾਵਨੀ ਦਿੱਤੀ ਕਿ ਭਾਵੇਂ ਪੁਲਸ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕਰੇ, ਵਿਰੋਧ ਪ੍ਰਦਰਸ਼ਨ ਨਹੀਂ ਰੁਕੇਗਾ।
ਉਨ੍ਹਾਂ ਕਿਹਾ, “ਚਾਹੋ ਤਾਂ ਮੈਨੂੰ ਗ੍ਰਿਫ਼ਤਾਰ ਕਰ ਲਓ। ਟੀਐਮਸੀ ਅੱਜ ਬਿਨਾਂ ਪੁਲਸ ਦੀ ਇਜਾਜ਼ਤ, ਬਿਨਾਂ ਮਾਈਕ ਅਤੇ ਬਿਨਾਂ ਸਟੇਜ ਤੋਂ ਵਿਰੋਧ ਦਰਜ ਕਰਵਾਏਗੀ। ਜੇਕਰ ਸਾਨੂੰ ਕੋਲਕਾਤਾ ਵਿੱਚ ਵਿਰੋਧ ਪ੍ਰਦਰਸ਼ਨ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਗਈ, ਤਾਂ ਅਸੀਂ ਦਿੱਲੀ ਵਿੱਚ ਅੰਦੋਲਨ ਕਰਾਂਗੇ।” ਦੂਜੇ ਪਾਸੇ ਭਾਜਪਾ ਨੇਤਾ ਰਾਹੁਲ ਸਿਨਹਾ ਨੇ ਵਿਰੋਧ ਪ੍ਰਦਰਸ਼ਨ ‘ਤੇ ਤਿੱਖਾ ਹਮਲਾ ਕੀਤਾ ਹੈ। ਉਨ੍ਹਾਂ ਨੇ ਅੰਦੋਲਨ ਦੀ ਜਾਇਜ਼ਤਾ ‘ਤੇ ਸਵਾਲ ਉਠਾਉਂਦੇ ਕਿਹਾ ਕਿ ਵਿਰੋਧ ਪ੍ਰਦਰਸ਼ਨਾਂ ਦੀ ਇਜਾਜ਼ਤ ਦੇਣਾ ਜਾਂ ਇਨਕਾਰ ਕਰਨਾ ਪੁਲਸ ਦਾ ਕੰਮ ਹੈ।
ਰਾਹੁਲ ਸਿਨਹਾ ਨੇ ਗੰਭੀਰ ਦੋਸ਼ ਲਗਾਉਂਦੇ ਹੋਏ ਕਿਹਾ, “ਮਮਤਾ ਬੈਨਰਜੀ ਅਸਲ ਵਿੱਚ ਕਿਸ ਗੱਲ ਦਾ ਵਿਰੋਧ ਕਰ ਰਹੀ ਹੈ? ਇਸ ਮਾਮਲੇ ਵਿੱਚ ਸ਼ਾਮਲ ਹਰ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਇਹ ਸਾਰੀ ਘਟਨਾ ਅਭਿਸ਼ੇਕ ਬੈਨਰਜੀ ਨੇ ਖੁਦ ਭਾਜਪਾ ਨੂੰ ਬਦਨਾਮ ਕਰਨ ਅਤੇ ਆਪਣੇ ਲਈ ਹੋਰ ਸੁਰੱਖਿਆ ਦੀ ਮੰਗ ਕਰਨ ਲਈ ਰਚੀ ਸੀ। ਹੁਣ ਜਦੋਂ ਇਹ ਡਰਾਮਾ ਜਨਤਾ ਦੇ ਸਾਹਮਣੇ ਆ ਗਿਆ ਹੈ, ਤਾਂ ਇਸ ਵਿਰੋਧ ਦਾ ਲੋਕਾਂ ‘ਤੇ ਕੋਈ ਅਸਰ ਨਹੀਂ ਪਵੇਗਾ।” ਟੀਐਮਸੀ ‘ਤੇ ਨਿਸ਼ਾਨਾ ਸਾਧਦੇ ਉਨ੍ਹਾਂ ਅੱਗੇ ਕਿਹਾ, “ਇਹ ਪਾਰਟੀ ਹਰ ਜਗ੍ਹਾ ਚੋਰੀ ਕਰ ਰਹੀ ਹੈ ਅਤੇ ਹੁਣ ਉਨ੍ਹਾਂ ਨੇ ਦਸਤਖਤ ਵੀ ਚੋਰੀ ਕਰਨੇ ਸ਼ੁਰੂ ਕਰ ਦਿੱਤੇ ਹਨ। ਜਲਦੀ ਹੀ ਟੀਐਮਸੀ ਵਿੱਚ ਮਮਤਾ ਬੈਨਰਜੀ ਤੋਂ ਇਲਾਵਾ ਕੋਈ ਨਹੀਂ ਬਚੇਗਾ।”















