ਅਤਿ ਦੀ ਗਰਮੀ ਵਿਚਾਲੇ ਪੰਜਾਬ ਦੇ ਸਕੂਲਾਂ ਨੂੰ ਲੈ ਕੇ ਵੱਡੀ ਖਬਰ, ਇਸ ਫੈ਼ਸਲੇ ਨੇ ਵਧਾਈ ਚਿੰਤਾ

ਲੁਧਿਆਣਾ : ਪੰਜਾਬ ਵਿਚ ਸਕੂਲੀ ਵਿਦਿਆਰਥੀਆਂ ਨੂੰ ਭਿਆਨਕ ਗਰਮੀ ਤੇ ਲੂੰ ਕਾਰਨ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸੂਬੇ ਭਰ ਦੇ ਸਕੂਲਾਂ ਵਿੱਚੋਂ ਬੱਚਿਆਂ ਦੇ ਉਲਟੀਆਂ ਕਰਨ ਤੇ ਬੇਹੋਸ਼ ਹੋਣ ਦੀਆਂ ਪ੍ਰੇਸ਼ਾਨ ਕਰਨ ਵਾਲੀਆਂ ਰਿਪੋਰਟਾਂ ਲਗਾਤਾਰ ਆ ਰਹੀਆਂ ਹਨ। ਸਥਿਤੀ ਇੰਨੀ ਭਿਆਨਕ ਹੋ ਗਈ ਹੈ ਕਿ ਮਾਪੇ ਅਤੇ ਅਧਿਆਪਕ ਉਮੀਦ ਕਰ ਰਹੇ ਸਨ ਕਿ ਪੰਜਾਬ ਸਰਕਾਰ ਸੋਮਵਾਰ, 25 ਮਈ ਤੋਂ ਗਰਮੀਆਂ ਦੀਆਂ ਛੁੱਟੀਆਂ ਦਾ ਐਲਾਨ ਕਰੇਗੀ। ਹਾਲਾਂਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸੋਸ਼ਲ ਮੀਡੀਆ ’ਤੇ ਸਾਂਝੇ ਕੀਤੇ ਗਏ ਇੱਕ ਫੈਸਲੇ ਨੇ ਲੋਕਾਂ ਦੀਆਂ ਉਮੀਦਾਂ ’ਤੇ ਪਾਣੀ ਫੇਰ ਦਿੱਤਾ ਹੈ। ਸਕੂਲ ਬੰਦ ਕਰਨ ਦੀ ਬਜਾਏ ਸਰਕਾਰ ਨੇ 25 ਮਈ ਤੋਂ ਸਾਰੇ ਸਰਕਾਰੀ ਦਫ਼ਤਰਾਂ, ਸਕੂਲਾਂ ਤੇ ਕਲਾਸਾਂ ਦਾ ਸਮਾਂ ਸਵੇਰੇ 7:30 ਵਜੇ ਤੋਂ ਦੁਪਹਿਰ 1:30 ਵਜੇ ਤੱਕ ਬਦਲਣ ਦਾ ਹੁਕਮ ਜਾਰੀ ਕੀਤਾ ਹੈ।
ਪੰਜਾਬ ਸਰਕਾਰ ਦੇ ਇਸ ਫੈਸਲੇ ਨੇ ਜਨਤਾ, ਮਾਪਿਆਂ ਤੇ ਅਧਿਆਪਕਾਂ ਵਿਚ ਵਿਆਪਕ ਰੋਸ ਫੈਲਾਅ ਦਿੱਤਾ ਹੈ। ਪਹਿਲਾਂ ਸਕੂਲ ਦਾ ਸਮਾਂ ਸਵੇਰੇ 8 ਵਜੇ ਤੋਂ ਦੁਪਹਿਰ 2 ਵਜੇ ਤੱਕ ਹੁੰਦਾ ਸੀ ਤੇ ਹੁਣ ਬਦਲ ਕੇ ਸਵੇਰੇ 7:30 ਵਜੇ ਤੋਂ ਦੁਪਹਿਰ 1:30 ਵਜੇ ਕਰ ਦਿੱਤਾ ਗਿਆ ਹੈ। ਇਸ ਲਈ ਇਹ ਅੱਧੇ ਘੰਟੇ ਦੀ ਤਬਦੀਲੀ ਬੱਚਿਆਂ ਨੂੰ ਕੋਈ ਰਾਹਤ ਨਹੀਂ ਦੇਵੇਗੀ। ਜਨਤਾ ਇਸਨੂੰ ਸਰਕਾਰ ਦੀ ਅਸੰਵੇਦਨਸ਼ੀਲਤਾ ਮੰਨ ਰਹੀ ਹੈ।
ਜਦੋਂ ਸਕੂਲ ਵਿੱਚ ਕੋਈ ਅਧਿਆਪਕ ਹੀ ਨਹੀਂ ਹੈ ਤਾਂ ਸਰਕਾਰ ਬੱਚਿਆਂ ਨੂੰ ਬੁਲਾ ਕਿਉਂ ਕਰ ਰਹੀ ਹੈ ?
ਮਾਪਿਆਂ ਨੇ ਸਰਕਾਰ ਦੀਆਂ ਨੀਤੀਆਂ ’ਤੇ ਤਿੱਖੇ ਸਵਾਲ ਉਠਾਏ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਜਦੋਂ ਸਕੂਲਾਂ ਵਿੱਚ ਪੜ੍ਹਾਉਣ ਲਈ ਕੋਈ ਸਟਾਫ਼ ਨਹੀਂ ਹੈ ਤਾਂ ਬੱਚਿਆਂ ਨੂੰ ਇਸ ਭਿਆਨਕ ਗਰਮੀ ਵਿੱਚ ਭੇਜਣ ਦਾ ਕੀ ਮਤਲਬ ਹੈ? ਨਗਰ ਨਿਗਮਾਂ ਅਤੇ ਨਗਰ ਕੌਂਸਲ ਚੋਣਾਂ ਹੋਣ ਕਾਰਨ ਅਧਿਆਪਕ ਤੇ ਸਕੂਲ ਸਟਾਫ਼ ਚੋਣ ਡਿਊਟੀ ਲਈ ਤਾਇਨਾਤ ਕੀਤੇ ਗਏ ਹਨ। ਜ਼ਬਰਦਸਤੀ ਸਕੂਲ ਖੋਲ੍ਹ ਕੇ ਬੱਚਿਆਂ ਦੀਆਂ ਜਾਨਾਂ ਨੂੰ ਜੋਖਮ ਵਿੱਚ ਪਾਇਆ ਜਾ ਰਿਹਾ ਹੈ।
ਸੋਸ਼ਲ ਮੀਡੀਏ ’ਤੇ ਮੁੱਖ ਮੰਤਰੀ ਦੀ ਪੋਸਟ ’ਤੇ ਲੋਕਾਂ ਦੇ ਤਿੱਖੇ ਕੁਮੈਂਟਸ
ਜਿਵੇਂ ਹੀ ਮੁੱਖ ਮੰਤਰੀ ਦੀ ਪੋਸਟ ਸਾਂਝੀ ਕੀਤੀ ਲੋਕਾਂ ਨੇ ਕੁਮੈਂਟਸ ਵਿੱਚ ਪੰਜਾਬ ਸਰਕਾਰ ਨੂੰ ਲੰਮੇ ਹੱਥੀਂ ਲਿਆ ਅਤੇ ਇਸਦੀ ਸਖ਼ਤ ਨਿੰਦਾ ਕੀਤੀ। ਲੋਕਾਂ ਨੇ ਕਿ ਸਰਕਾਰ ਕੋਈ ਵੱਡੇ ਹਾਦਸੇ ਦੀ ਉਡੀਕ ਹੈ, ਜਦੋਂ ਕੋਈ ਅਣਸੁਖਾਵੀਂ ਘਟਨਾ ਵਾਪਰ ਜਾਂਦੀ ਹੈ ਫੇਰ ਹੀ ਸਰਕਾਰ ਦੀ ਨੀਂਹ ਖੁੱਲ੍ਹਦੀ ਹੈ।