Hantavirus ਤੋਂ ਬਾਅਦ ਹੁਣ Norovirus ਦਾ ਕਹਿਰ! 80 ਲੋਕ ਹੋਏ ਬੀਮਾਰ

ਪੈਰਿਸ : ਫਰਾਂਸ ਦੇ ਦੱਖਣ-ਪੱਛਮੀ ਸ਼ਹਿਰ ਬੋਰਡੋ ਵਿੱਚ ਖੜ੍ਹੇ ਇੱਕ ਬ੍ਰਿਟਿਸ਼ ਕਰੂਜ਼ ਸ਼ਿਪ ‘ਅੰਬੀਸ਼ਨ’ (Ambition) ‘ਤੇ ਨੋਰੋਵਾਇਰਸ (Norovirus) ਦੇ ਫੈਲਣ ਕਾਰਨ ਹੜਕੰਪ ਮਚ ਗਿਆ ਹੈ। ਅਧਿਕਾਰੀਆਂ ਨੇ ਪੁਸ਼ਟੀ ਕੀਤੀ ਹੈ ਕਿ ਜਹਾਜ਼ ‘ਤੇ ਵਾਇਰਲ ਗੈਸਟਰੋਐਂਟਰਾਈਟਿਸ ਫੈਲ ਗਿਆ ਹੈ, ਜਿਸ ਕਾਰਨ ਲਗਭਗ 80 ਲੋਕਾਂ ਵਿੱਚ ਬੀਮਾਰੀ ਦੇ ਲੱਛਣ ਪਾਏ ਗਏ ਹਨ।
ਜਾਣਕਾਰੀ ਅਨੁਸਾਰ ਜਹਾਜ਼ ‘ਤੇ ਮੌਜੂਦ ਲਗਭਗ 90 ਸਾਲਾ ਇੱਕ ਬਜ਼ੁਰਗ ਯਾਤਰੀ ਦੀ ਮੌਤ ਹੋ ਗਈ ਹੈ। ਸ਼ੱਕ ਜਤਾਇਆ ਜਾ ਰਿਹਾ ਹੈ ਕਿ ਇਹ ਮੌਤ ਗੈਸਟਰੋਐਂਟਰਾਈਟਿਸ ਵਰਗੀ ਬੀਮਾਰੀ ਨਾਲ ਸਬੰਧਤ ਹੋ ਸਕਦੀ ਹੈ। ਇਸ ਘਟਨਾ ਤੋਂ ਬਾਅਦ ਜਹਾਜ਼ ‘ਤੇ ਸਵਾਰ ਲਗਭਗ 1,700 ਯਾਤਰੀਆਂ ਅਤੇ ਚਾਲਕ ਦਲ ਦੇ ਮੈਂਬਰਾਂ ਨੂੰ ਸ਼ੁਰੂਆਤੀ ਤੌਰ ‘ਤੇ ਜਹਾਜ਼ ਤੋਂ ਉਤਰਨ ਤੋਂ ਰੋਕ ਦਿੱਤਾ ਗਿਆ ਸੀ। ਬੋਰਡੋ ਯੂਨੀਵਰਸਿਟੀ ਹਸਪਤਾਲ ਵਿੱਚ ਕੀਤੇ ਗਏ ਜੈਵਿਕ ਵਿਸ਼ਲੇਸ਼ਣ ਤੋਂ ਬਾਅਦ ਇਹ ਪੁਸ਼ਟੀ ਹੋਈ ਹੈ ਕਿ ਇਹ ਇਨਫੈਕਸ਼ਨ ਨੋਰੋਵਾਇਰਸ ਕਾਰਨ ਫੈਲਿਆ ਹੈ। ਪ੍ਰਸ਼ਾਸਨ ਨੇ ਦੱਸਿਆ ਹੈ ਕਿ ਜਿਨ੍ਹਾਂ ਲੋਕਾਂ ਵਿੱਚ ਬੀਮਾਰੀ ਦੇ ਲੱਛਣ ਹਨ, ਉਨ੍ਹਾਂ ਨੂੰ ਜਹਾਜ਼ ‘ਤੇ ਹੀ ਆਈਸੋਲੇਟ (ਇਕਾਂਤਵਾਸ) ਕਰ ਦਿੱਤਾ ਗਿਆ ਹੈ, ਜਦਕਿ ਹੁਣ ਬਾਕੀ ਯਾਤਰੀਆਂ ਨੂੰ ਉਤਰਨ ਦੀ ਇਜਾਜ਼ਤ ਦਿੱਤੀ ਜਾਵੇਗੀ। ਫਿਲਹਾਲ ਜਹਾਜ਼ ‘ਤੇ ਸਫਾਈ ਅਤੇ ਕੁਆਰੰਟੀਨ ਦੇ ਸਖ਼ਤ ਨਿਯਮ ਲਾਗੂ ਕੀਤੇ ਜਾ ਰਹੇ ਹਨ।
ਹੰਟਾਵਾਇਰਸ (Hantavirus) ਦਾ ਵੀ ਖ਼ਤਰਾ ਵਧਿਆ
ਇਸੇ ਦੌਰਾਨ ਵਿਸ਼ਵ ਸਿਹਤ ਸੰਸਥਾ ਦੇ ਡਾਇਰੈਕਟਰ ਜਨਰਲ ਟੇਡਰੋਸ ਅਡਾਨੋਮ ਘੇਬਰੇਅਸਸ ਨੇ ਇਕ ਹੋਰ ਖ਼ਤਰਨਾਕ ਵਾਇਰਸ ‘ਹੰਟਾਵਾਇਰਸ’ ਬਾਰੇ ਚੇਤਾਵਨੀ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ‘MV Hondius’ ਨਾਮਕ ਕਰੂਜ਼ ਸ਼ਿਪ ਤੋਂ ਉਤਾਰੇ ਗਏ ਯਾਤਰੀਆਂ ਵਿੱਚ ਆਉਣ ਵਾਲੇ ਹਫ਼ਤਿਆਂ ਵਿੱਚ ਹੰਟਾਵਾਇਰਸ ਦੇ ਹੋਰ ਮਾਮਲੇ ਸਾਹਮਣੇ ਆ ਸਕਦੇ ਹਨ। ਹੁਣ ਤੱਕ ਹੰਟਾਵਾਇਰਸ ਦੇ 11 ਮਾਮਲੇ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ ਵਿੱਚੋਂ 3 ਲੋਕਾਂ ਦੀ ਮੌਤ ਹੋ ਚੁੱਕੀ ਹੈ। ਟੇਡਰੋਸ ਅਨੁਸਾਰ ਇਸ ਵਾਇਰਸ ਦਾ ‘ਇਨਕਿਊਬੇਸ਼ਨ ਪੀਰੀਅਡ’ (ਲੱਛਣ ਦਿਖਣ ਦਾ ਸਮਾਂ) ਲੰਬਾ ਹੋਣ ਕਾਰਨ ਕੇਸਾਂ ਦੀ ਗਿਣਤੀ ਵਧਣ ਦੀ ਸੰਭਾਵਨਾ ਹੈ। ਮਾਹਿਰਾਂ ਅਨੁਸਾਰ ਕਰੂਜ਼ ਸ਼ਿਪ ਵਰਗੀਆਂ ਬੰਦ ਥਾਵਾਂ ‘ਤੇ ਨੋਰੋਵਾਇਰਸ ਵਰਗੀਆਂ ਛੂਤ ਦੀਆਂ ਬੀਮਾਰੀਆਂ ਬਹੁਤ ਤੇਜ਼ੀ ਨਾਲ ਫੈਲਦੀਆਂ ਹਨ, ਜਿਸ ਕਾਰਨ ਯਾਤਰੀਆਂ ਨੂੰ ਵਿਸ਼ੇਸ਼ ਸਾਵਧਾਨੀ ਵਰਤਣ ਦੀ ਲੋੜ ਹੈ।
ਜਾਣੋ ਨੋਰੋਵਾਇਰਸ ਬਾਰੇ
ਨੋਰੋਵਾਇਰਸ ਇੱਕ ਬਹੁਤ ਹੀ ਛੂਤਕਾਰੀ ਵਾਇਰਸ ਹੈ, ਜੋ ਪੇਟ ਅਤੇ ਅੰਤੜਿਆਂ ਵਿੱਚ ਸੋਜ ਪੈਦਾ ਕਰਦਾ ਹੈ। ਇਸ ਹਾਲਤ ਨੂੰ “ਐਕਿਊਟ ਗੈਸਟ੍ਰੋਐਂਟਰਾਈਟਿਸ” ਕਿਹਾ ਜਾਂਦਾ ਹੈ। ਆਮ ਬੋਲੀ ਵਿੱਚ ਇਸਨੂੰ “ਸਟਮਕ ਬਗ” ਜਾਂ ਪੇਟ ਦਾ ਫਲੂ ਵੀ ਕਿਹਾ ਜਾਂਦਾ ਹੈ, ਹਾਲਾਂਕਿ ਇਹ ਆਮ ਫਲੂ ਤੋਂ ਵੱਖਰੀ ਬਿਮਾਰੀ ਹੈ। ਸੰਕਰਮਣ ਦੇ ਲੱਛਣ ਆਮ ਤੌਰ ’ਤੇ ਵਾਇਰਸ ਦੇ ਸੰਪਰਕ ਵਿੱਚ ਆਉਣ ਤੋਂ 12 ਤੋਂ 48 ਘੰਟਿਆਂ ਦੇ ਅੰਦਰ ਨਜ਼ਰ ਆਉਣ ਲੱਗਦੇ ਹਨ। ਇਨ੍ਹਾਂ ਵਿੱਚ ਲਗਾਤਾਰ ਉਲਟੀਆਂ ਅਤੇ ਮਤਲੀ, ਦਸਤ, ਪੇਟ ਦਰਦ ਅਤੇ ਮਰੋੜ, ਹਲਕਾ ਬੁਖਾਰ, ਸਿਰਦਰਦ, ਸਰੀਰ ਦਰਦ ਅਤੇ ਕਮਜ਼ੋਰੀ ਸ਼ਾਮਲ ਹਨ। ਬਚਾਅ ਲਈ ਹੱਥਾਂ ਦੀ ਸਫ਼ਾਈ ਬਣਾਈ ਰੱਖੋ ਅਤੇ ਘੱਟੋ-ਘੱਟ 20 ਸਕਿੰਟ ਤੱਕ ਸਾਬਣ ਅਤੇ ਪਾਣੀ ਨਾਲ ਵਾਰ-ਵਾਰ ਹੱਥ ਧੋਵੋ। ਭੋਜਨ ਨੂੰ ਚੰਗੀ ਤਰ੍ਹਾਂ ਸਾਫ਼ ਕਰੋ ਅਤੇ ਫਲ-ਸਬਜ਼ੀਆਂ ਧੋ ਕੇ ਹੀ ਖਾਓ। ਸੀ-ਫੂਡ ਨੂੰ ਪੂਰੀ ਤਰ੍ਹਾਂ ਪਕਾ ਕੇ ਹੀ ਵਰਤੋਂ।