ਨਵੀਂ ਦਿੱਲੀ- ਕਾਂਗਰਸ ਨੇ ਵੀਰਵਾਰ ਨੂੰ ਦੋਸ਼ ਲਗਾਇਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਾਤੀ ਜਨਗਣਨਾ ਨੂੰ ਟਾਲਣ ਦਾ ਇਰਾਦਾ ਹੈ। ਪਾਰਟੀ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਇਹ ਵੀ ਕਿਹਾ ਕਿ ਜਾਤੀ ਜਨਗਣਨਾ ਦੀ ਮੰਗ ਲਈ ਕਾਂਗਰਸ ‘ਤੇ ‘ਅਰਬਨ ਨਕਸਲ ਦੀ ਸੋਚ’ ਹੋਣ ਦਾ ਦੋਸ਼ ਲਗਾਉਣ ਲਈ ਪ੍ਰਧਾਨ ਮੰਤਰੀ ਨੂੰ ਪਾਰਟੀ ਦੀ ਲੀਡਰਸ਼ਿਪ ਤੋਂ ਮੁਆਫ਼ੀ ਮੰਗਣੀ ਚਾਹੀਦੀ ਹੈ। ਰਮੇਸ਼ ਨੇ ‘ਐਕਸ’ ‘ਤੇ ਪੋਸਟ ਕੀਤਾ,”ਅੱਜ ਤੋਂ ਠੀਕ ਇਕ ਸਾਲ ਪਹਿਲਾਂ, ਮੋਦੀ ਸਰਕਾਰ ਨੇ ਐਲਾਨ ਕੀਤਾ ਸੀ ਕਿ ਆਉਣ ਵਾਲੀ ਜਨਗਣਨਾ ‘ਚ ਪੂਰੀ ਆਬਾਦੀ ਦੀ ਜਾਤੀ ਜਨਗਣਨਾ ਸ਼ਾਮਲ ਹੋਵੇਗੀ। ਪ੍ਰਧਾਨ ਮੰਤਰੀ ਦਾ ਇਹ ਨਾਟਕੀ ‘ਯੂ-ਟਰਨ’ ਹਾਲੀਆ ਘਟਨਾਵਾਂ ਦੇ ਕ੍ਰਮ ਨਾਲ ਜੁੜਿਆ ਹੋਇਆ ਹੈ।”
ਉਨ੍ਹਾਂ ਕਿਹਾ,”21 ਜੁਲਾਈ, 2021 ਨੂੰ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਲੋਕ ਸਭਾ ‘ਚ ਭਾਜਪਾ ਸੰਸਦ ਮੈਂਬਰ ਨਿਖਿਲ ਖੜਸੇ (ਹੁਣ ਮੰਤਰੀ) ਦੁਆਰਾ ਪੁੱਛੇ ਗਏ ਇਕ ਸਵਾਲ ਦੇ ਜਵਾਬ ‘ਚ ਕਿਹਾ ਕਿ ਭਾਰਤ ਸਰਕਾਰ ਨੇ ਨੀਤੀ ਦੇ ਤੌਰ ‘ਤੇ ਜਾਤੀ-ਅਧਾਰਤ ਜਨਗਣਨਾ ਨਾ ਕਰਨ ਦਾ ਫੈਸਲਾ ਕੀਤਾ ਹੈ।” ਕਾਂਗਰਸ ਨੇਤਾ ਦੇ ਅਨੁਸਾਰ, 21 ਸਤੰਬਰ, 2021 ਨੂੰ ਮੋਦੀ ਸਰਕਾਰ ਨੇ ਸੁਪਰੀਮ ਕੋਰਟ ‘ਚ ਰਿੱਟ ਪਟੀਸ਼ਨ (ਸਿਵਲ) ਨੰਬਰ 841/2021 ‘ਚ ਇਕ ਹਲਫ਼ਨਾਮਾ ਦਾਇਰ ਕੀਤਾ, ਜਿਸ ‘ਚ ਕਿਹਾ ਗਿਆ ਸੀ ਕਿ ਅਦਾਲਤ ਦੁਆਰਾ ਜਾਤੀ-ਅਧਾਰਤ ਜਨਗਣਨਾ ਕਰਨ ਦਾ ਕੋਈ ਵੀ ਨਿਰਦੇਸ਼ ਸਰਕਾਰ ਦੁਆਰਾ ਪਹਿਲਾਂ ਹੀ ਲਏ ਗਏ ਨੀਤੀਗਤ ਫੈਸਲੇ ‘ਚ ਦਖਲਅੰਦਾਜ਼ੀ ਦੇ ਬਰਾਬਰ ਹੋਵੇਗਾ। ਰਮੇਸ਼ ਨੇ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਵਲੋਂ ਪ੍ਰਧਾਨ ਮੰਤਰੀ ਮੋਦੀ ਨੂੰ ਜਾਤੀ ਜਨਗਣਨਾ ਦੇ ਵਿਸ਼ੇ ‘ਤੇ ਲਿਖੇ ਗਏ ਪੱਤਰ ਦਾ ਹਵਾਲਾ ਦਿੰਦੇ ਹੋਏ ਇਹ ਵੀ ਕਿਹਾ,”16 ਅਪ੍ਰੈਲ 2023 ਨੂੰ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਪ੍ਰਧਾਨ ਮੰਤਰੀ ਨੂੰ ਚਿੱਠੀ ਲਿਖ ਕੇ ਨਿਯਮਿਤ ਜਨਗਣਨਾ ਦੇ ਹਿੱਸੇ ਦੇ ਰੂਪ ‘ਚ ਜਾਤੀ ਜਨਗਣਨਾ ਦੀ ਮੰਗ ਕੀਤੀ ਸੀ। 28 ਅਪ੍ਰੈਲ 2024 ਨੂੰ ਇਕ ਟੈਲੀਵਿਜ਼ਨ ਨੈੱਟਵਰਕ ਨੂੰ ਦਿੱਤੇ ਇੰਟਰਵਿਊ ‘ਚ ਪ੍ਰਧਾਨ ਮੰਤਰੀ ਨੇ ਕਾਂਗਰਸ ‘ਤੇ ਨਿਸ਼ਾਨਾ ਵਿੰਨ੍ਹਦੇ ਹੋਏ ਕਿਹਾ ਕਿ ਜਾਤੀ ਜਨਗਣਨਾ ਦੀ ਮੰਗ ‘ਅਰਬਨ ਨਕਸਲ’ ਸੋਚ ਦਾ ਸੰਕੇਤ ਹੈ।”
ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨੂੰ ਆਪਣੇ ਇਸ ਦੋਸ਼ ਲਈ ਕਾਂਗਰਸ ਦੀ ਲੀਡਰਸ਼ਿਪ ਤੋਂ ਮੁਆਫ਼ੀ ਮੰਗਣੀ ਚਾਹੀਦੀ ਹੈ। ਰਮੇਸ਼ ਨੇ ਕਿਹਾ,”ਇਸ ਤੋਂ ਵੀ ਵੱਧ ਮਹੱਤਵਪੂਰਨ ਇਹ ਹੈ ਕਿ ਉਨ੍ਹਾਂ ਨੂੰ ਦੇਸ਼ ਦੀ ਜਨਤਾ ਨੂੰ ਇਹ ਦੱਸਣਾ ਚਾਹੀਦਾ ਕਿ 30 ਅਪ੍ਰੈਲ 2025 ਨੂੰ ਜਦੋਂ ਉਨ੍ਹਾਂ ਨੇ ਜਾਤੀ ਜਨਗਣਨਾ ਦਾ ਐਲਾਨ ਕੀਤਾ, ਉਦੋਂ ਉਨ੍ਹਾਂ ਨੇ ਆਪਣੇ ਮਨ ਨੂੰ ‘ਅਰਬਨ ਨਕਸਲ’ ਸੋਚ ਨਾਲ ਦੂਸ਼ਿਤ ਹੋਣ ਕਿਵੇਂ ਦਿੱਤਾ।” ਉਨ੍ਹਾਂ ਕਿਹਾ,”ਪੂਰਾ ਇਕ ਸਾਲ ਬੀਤ ਚੁੱਕਿਆ ਹੈ। ਇਹ ਅਜੇ ਤੱਕ ਸਪੱਸ਼ਟ ਨਹੀਂ ਹੈ ਕਿ ਇਹ ਜਾਤੀ ਜਨਗਣਨਾ ਕਿਸ ਤਰ੍ਹਾਂ ਕੀਤੀ ਜਾਵੇਗੀ। ਇਸ ਵਿਸ਼ੇ ‘ਤੇ ਨਾ ਤਾਂ ਵਿਰੋਧੀ ਦਲਾਂ ਅਤੇ ਸੂਬਾ ਸਰਕਾਰਂ ਨਾਲ ਕੋਈ ਗੱਲਬਾਤ ਹੋਈ ਹੈ ਅਤੇ ਨਾ ਹੀ ਇਸ ਖੇਤਰ ਦੇ ਮਾਹਿਰਾਂ ਨਾਲ ਕੋਈ ਸਾਰਥਕ ਚਰਚਾ ਕੀਤੀ ਗਈ ਹੈ।” ਉਨ੍ਹਾਂ ਕਿਹਾ ਕਿ ਕਾਂਗਰਸ ਪ੍ਰਧਾਨ ਨੇ 5 ਮਈ 2025 ਨੂੰ ਵੀ ਇਸ ਮੁੱਦੇ ‘ਤੇ ਪ੍ਰਧਾਨ ਮੰਤਰੀ ਨੂੰ ਚਿੱਠੀ ਲਿਖੀ ਸੀ ਅਤੇ ਉਸ ਚਿੱਠੀ ਦਾ ਨੋਟਿਸ ਤੱਕ ਨਹੀਂ ਲਿਆ ਗਿਆ। ਰਮੇਸ਼ ਨੇ ਕਿਹਾ,”ਉਸ ਚਿੱਠੀ ‘ਚ ਚੁੱਕੇ ਗਏ ਮੁੱਦੇ ਅੱਜ ਵੀ ਪੂਰੀ ਤਰ੍ਹਾਂ ਨਾਲ ਪ੍ਰਾਸੰਗਿਕ ਹਨ। ਦਰਅਸਲ ਹਾਲ ਹੀ ‘ਚ ਖ਼ਤਮ ਹੋਏ ਸੰਸਦ ਦੇ ਵਿਸ਼ੇਸ਼ ਸੈਸ਼ਨ ਤੋਂ ਬਾਅਦ ਉਹ ਹੋਰ ਵੀ ਵੱਧ ਪ੍ਰਾਸੰਗਿਕ ਹੋ ਗਏ ਹਨ, ਜਿੱਥੇ ਇਹ ਸਪੱਸ਼ਟ ਹੋ ਗਿਆ ਹੈ ਕਿ ਪ੍ਰਧਾਨ ਮੰਤਰੀ ਜਾਤੀ ਜਨਗਣਨਾ ਨੂੰ ਟਾਲਣ ਦਾ ਪੂਰਾ ਇਰਾਦਾ ਰੱਖਦੇ ਹਨ।”















