ਨਵਾਂਸ਼ਹਿਰ – ਕਲਯੁਗੀ ਪਿਓ ਵੱਲੋਂ ਪਿਓ-ਧੀ ਦੇ ਪਵਿੱਤਰ ਰਿਸ਼ਤੇ ਨੂੰ ਕਲੰਕਿਤ ਕਰਦਿਆਂ ਆਪਣੀ ਨਾਬਾਲਗ ਧੀ ਨਾਲ ਜਬਰ-ਜ਼ਿਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਕਾਰਨ ਨਾਬਾਲਗ ਲੜਕੀ 28 ਹਫ਼ਤਿਆਂ ਦੀ ਗਰਭਵਤੀ ਪਾਈ ਗਈ। ਨਵਾਂਸ਼ਹਿਰ ਜ਼ਿਲ੍ਹੇ ਦੇ ਇਕ ਥਾਣੇ ਵਿਚ ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ 17 ਸਾਲਾ ਕੁੜੀ ਨੇ ਦੱਸਿਆ ਕਿ ਉਸ ਦੇ ਚਾਰ ਭੈਣ-ਭਰਾਵਾਂ ਵਿਚੋਂ ਇਕ ਭਰਾ ਅਤੇ ਦੋ ਭੈਣਾਂ ਉਸ ਤੋਂ ਛੋਟੀਆਂ ਹਨ। ਉਸ ਨੇ ਦੱਸਿਆ ਕਿ ਉਹ ਦਸਵੀਂ ਜਮਾਤ ਵਿਚ ਪੜ੍ਹਦੀ ਹੈ। ਉਸ ਦਾ ਪਿਤਾ ਮਜ਼ਦੂਰੀ ਕਰਦਾ ਹੈ ਅਤੇ ਸ਼ਰਾਬ ਪੀਣ ਦਾ ਆਦੀ ਹੈ। ਉਸ ਨੇ ਦੱਸਿਆ ਕਿ ਮਈ 2025 ਵਿਚ ਉਸ ਦੇ ਪਿਤਾ ਨੇ ਸ਼ਰਾਬ ਪੀ ਕੇ ਉਸ ਨਾਲ ਸਰੀਰਕ ਸੰਬੰਧ ਬਣਾਏ। ਜਿਸ ਸਬੰਧੀ ਉਸ ਨੇ ਡਰਦੇ ਮਾਰੇ ਕਿਸੇ ਨਾਲ ਗੱਲ ਨਹੀਂ ਕੀਤੀ।
ਉਸ ਤੋਂ ਬਾਅਦ ਉਸ ਦੇ ਪਿਤਾ ਨੇ ਸਤੰਬਰ ਅਤੇ ਅਕਤੂਬਰ ਮਹੀਨੇ ਵਿਚ ਸ਼ਰਾਬ ਦੇ ਨਸ਼ੇ ਵਿਚ 4-5 ਵਾਰ ਸਰੀਰਕ ਸੰਬੰਧ ਬਣਾਏ। ਉਸ ਨੇ ਦੱਸਿਆ ਕਿ ਇਸ ਤੋਂ ਬਾਅਦ ਉਸ ਦੇ ਪਿਤਾ ਨੇ ਨਸ਼ਾ ਕਰਨਾ ਬੰਦ ਕਰ ਦਿੱਤਾ ਅਤੇ ਦੋਬਾਰਾ ਅਜਿਹੀ ਹਰਕਤ ਨਹੀਂ ਕੀਤੀ। ਉਸ ਨੇ ਦੱਸਿਆ ਕਿ ਉਸ ਦੇ ਪੇਟ ਵਿਚ ਦਰਦ ਹੋਣ ਕਾਰਨ ਉਸ ਨੇ ਹਸਪਤਾਲ ਵਿਚ ਡਾਕਟਰ ਨੂੰ ਵਿਖਾਇਆ, ਜਿਸ ਦੀ ਰਿਪੋਰਟ ਦੇ ਆਧਾਰ ’ਤੇ ਉਸ ਦੇ ਖ਼ੂਨ ਦੇ ਸੈਂਪਲ ਲਏ ਗਏ। ਜਿਸ ’ਚ ਡਾਕਟਰ ਨੇ ਲਿਵਰ ਵਿਚ ਇਨਫੈਕਸ਼ਨ ਆਉਣ ਕਾਰਨ ਦਵਾਈ ਦਿੱਤੀ। ਉਸ ਨੇ ਦੱਸਿਆ ਕਿ ਇਸ ਤੋਂ ਬਾਅਦ ਉਸ ਦਾ ਪੇਟ ਫੁੱਲਣ ਲੱਗਾ ਅਤੇ ਉਸ ਨੂੰ ਲੱਗਾ ਕਿ ਉਸ ਦੇ ਪੇਟ ’ਚ ਕੁਝ ਚੱਲ ਰਿਹਾ ਹੈ।
ਜਿਸ ਤੋਂ ਬਾਅਦ ਉਸ ਦੀ ਮਾਂ ਨੇ ਇਕ ਨਿੱਜੀ ਹਸਪਤਾਲ ਵਿਚ ਸਕੈਨ ਕਰਵਾਇਆ, ਜਿੱਥੇ ਡਾਕਟਰ ਨੇ ਦੱਸਿਆ ਕਿ ਉਹ 28 ਹਫ਼ਤਿਆਂ ਦੀ ਗਰਭਵਤੀ ਹੈ। ਉਸ ਨੇ ਦੱਸਿਆ ਕਿ ਉਸ ਦੇ ਪਿਤਾ ਵੱਲੋਂ ਉਸ ਨਾਲ ਜਬਰ-ਜ਼ਨਾਹ ਕੀਤੇ ਜਾਣ ਤੋਂ ਬਾਅਦ ਉਹ ਗਰਭਵਤੀ ਹੋ ਗਈ। ਉਪਰੋਕਤ ਸ਼ਿਕਾਇਤ ਦੇ ਆਧਾਰ ”ਤੇ ਪੁਲਸ ਨੇ ਪਿਤਾ ਖ਼ਿਲਾਫ਼ ਭਾਰਤੀ ਨਿਆਂ ਸੰਹਿਤਾ (ਬੀ. ਐੱਨ. ਐੱਸ, 2023) ਦੀ ਧਾਰਾ 64 ਅਤੇ ਪੋਕਸੋ ਐਕਟ ਦੇ ਤਹਿਤ ਮਾਮਲਾ ਦਰਜ ਕਰ ਕੇ ਦੋਸ਼ੀ ਪਿਤਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ।















