ਇੰਟਰਨੈਸ਼ਨਲ ਡੈਸਕ- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਜਦੋਂ ਇਰਾਨ ਨੂੰ ਲੈ ਕੇ ਕਈ ਤਰ੍ਹਾਂ ਦੇ ਦਾਅਵੇ ਕਰ ਰਹੇ ਹਨ, ਉੱਥੇ ਹੀ ਇਰਾਨ ਵੱਲੋਂ ਟਰੰਪ ਦੇ ਇਨ੍ਹਾਂ ਦਾਅਵਿਆਂ ਨੂੰ ਨਕਾਰਿਆ ਜਾ ਰਿਹਾ ਹੈ। ਇਰਾਨ ਨੇ ਸ਼ੁੱਕਰਵਾਰ ਨੂੰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਉਸ ਦਾਅਵੇ ਨੂੰ ਵੀ ਖਾਰਜ ਕਰ ਦਿੱਤਾ ਹੈ, ਜਿਸ ‘ਚ ਉਨ੍ਹਾਂ ਕਿਹਾ ਸੀ ਕਿ ਇਰਾਨ ਆਪਣਾ ਐਨਰਿਚਡ ਯੂਰੇਨੀਅਮ ਅਮਰੀਕਾ ਨੂੰ ਸੌਂਪਣ ਲਈ ਤਿਆਰ ਹੋ ਗਿਆ ਹੈ। ਇਰਾਨ ਦੇ ਵਿਦੇਸ਼ ਮੰਤਰਾਲੇ ਨੇ ਸਪੱਸ਼ਟ ਕੀਤਾ ਹੈ ਕਿ ਇਰਾਨ ਦਾ ਯੂਰੇਨੀਅਮ ਦੇਸ਼ ਤੋਂ ਬਾਹਰ ਕਿਤੇ ਵੀ ਨਹੀਂ ਜਾਵੇਗਾ।
ਰਾਸ਼ਟਰਪਤੀ ਟਰੰਪ ਨੇ ‘ਟਰੁੱਥ ਸੋਸ਼ਲ’ ‘ਤੇ ਇਕ ਪੋਸਟ ਸਾਂਝੀ ਕਰਦਿਆਂ ਲਿਖਿਆ ਸੀ ਕਿ ਅਮਰੀਕਾ ਨੂੰ ਉਹ ਸਾਰੀ Nuclear Dust ਮਿਲੇਗੀ, ਜੋ ਉਨ੍ਹਾਂ ਦੇ B2 ਬੰਬਾਰ ਜਹਾਜ਼ਾਂ ਨੇ ਪੈਦਾ ਕੀਤੀ ਹੈ। ਉਨ੍ਹਾਂ ਦਾ ਇਸ਼ਾਰਾ ਉਨ੍ਹਾਂ ਪਰਮਾਣੂ ਟਿਕਾਣਿਆਂ ਵੱਲ ਸੀ ਜਿੱਥੇ ਅਮਰੀਕਾ ਨੇ ਹਮਲੇ ਕੀਤੇ ਸਨ।
ਇਸ ਮੁੱਦੇ ‘ਤੇ ਇਰਾਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਇਸਮਾਈਲ ਬਾਕਾਈ ਨੇ ਸਰਕਾਰੀ ਟੀ.ਵੀ. ‘ਤੇ ਕਿਹਾ, “ਇਰਾਨ ਦੇ ਐਨਰਿਚਡ ਯੂਰੇਨੀਅਮ ਨੂੰ ਅਮਰੀਕਾ ਨੂੰ ਸੌਂਪਣ ਦਾ ਮੁੱਦਾ ਗੱਲਬਾਤ ‘ਚ ਕਦੇ ਵੀ ਨਹੀਂ ਉੱਠਿਆ।” ਉਨ੍ਹਾਂ ਕਿਹਾ ਕਿ ਮੌਜੂਦਾ ਗੱਲਬਾਤ ਜੰਗ ਨੂੰ ਖ਼ਤਮ ਕਰਨ ‘ਤੇ ਕੇਂਦ੍ਰਿਤ ਹੈ, ਨਾ ਕਿ ਯੂਰੇਨੀਅਮ ਦੀ ਵਾਪਸੀ ‘ਤੇ।
ਰਿਪੋਰਟਾਂ ਅਨੁਸਾਰ, ਅਮਰੀਕਾ ਨੇ ਇਰਾਨ ਦੇ ਫ੍ਰੀਜ਼ ਕੀਤੇ ਹੋਏ 20 ਬਿਲੀਅਨ ਡਾਲਰ ਜਾਰੀ ਕਰਨ ਦੇ ਬਦਲੇ ਯੂਰੇਨੀਅਮ ਦੀ ਮੰਗ ਕੀਤੀ ਸੀ, ਜਿਸ ਨੂੰ ਇਰਾਨ ਨੇ ਠੁਕਰਾ ਦਿੱਤਾ ਹੈ। ਅੰਤਰਰਾਸ਼ਟਰੀ ਪਰਮਾਣੂ ਊਰਜਾ ਏਜੰਸੀ (IAEA) ਦੇ ਅੰਦਾਜ਼ੇ ਮੁਤਾਬਕ, ਜੂਨ 2025 ਵਿੱਚ ਅਮਰੀਕੀ ਹਮਲਿਆਂ ਤੋਂ ਪਹਿਲਾਂ ਇਰਾਨ ਕੋਲ ਲਗਭਗ 440 ਕਿਲੋ ਯੂਰੇਨੀਅਮ ਸੀ, ਜੋ 60 ਫ਼ੀਸਦੀ ਤੱਕ ਐਨਰਿਚ ਹੋ ਚੁੱਕਾ ਸੀ। ਇਹ ਮਾਤਰਾ ਪਰਮਾਣੂ ਹਥਿਆਰ ਬਣਾਉਣ ਦੇ ਬਹੁਤ ਕਰੀਬ ਹੈ। ਇਰਾਨ ਦਾ ਕਹਿਣਾ ਹੈ ਕਿ ਉਸ ਦਾ ਪ੍ਰੋਗਰਾਮ ਸਿਰਫ਼ ਸ਼ਾਂਤੀਪੂਰਨ ਕੰਮਾਂ ਲਈ ਹੈ, ਨਾ ਕਿ ਤਬਾਹੀ ਲਈ।
ਇਸ ਤੋਂ ਇਲਾਵਾ ਬਾਕਾਈ ਨੇ ਟਰੰਪ ਦੇ ਦਾਅਵਿਆਂ ਵਾਲੀਆਂ ਪੋਸਟਾਂ ਦੀ ਵੀ ਨਿਖੇਧੀ ਕੀਤੀ। ਉਨ੍ਹਾਂ ਕਿਹਾ, “ਅਮਰੀਕੀ ਅਧਿਕਾਰੀਆਂ ਦੇ ਬਿਆਨ ਝੂਠ ਨਾਲ ਭਰੇ ਹੋਏ ਹਨ। ਹੋਰਮੁਜ਼ ਦਾ ਖੁੱਲ੍ਹਣਾ ਜਾਂ ਬੰਦ ਹੋਣਾ ਸੋਸ਼ਲ ਮੀਡੀਆ ‘ਤੇ ਨਹੀਂ, ਸਗੋਂ ਜ਼ਮੀਨੀ ਹਾਲਾਤ ‘ਤੇ ਨਿਰਭਰ ਕਰਦਾ ਹੈ।”













