ਭੂਚਾਲ ਦੇ ਤੇਜ਼ ਝਟਕਿਆਂ ਨਾਲ ਕੰਬਿਆ ਕਸ਼ਮੀਰ, ਦਹਿਸ਼ਤ ਕਾਰਨ ਘਰਾਂ ‘ਚੋਂ ਬਾਹਰ ਭੱਜੇ ਲੋਕ

ਸ੍ਰੀਨਗਰ : ਜੰਮੂ-ਕਸ਼ਮੀਰ ਵਿਚ ਸ਼ਨੀਵਾਰ ਸਵੇਰੇ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ, ਜਦੋਂ ਕਸ਼ਮੀਰ ਘਾਟੀ ਦੇ ਕਈ ਹਿੱਸਿਆ ਵਿਚ ਭੂਚਾਲ ਦੇ ਤੇਜ਼ ਝਟਕਿਆਂ ਨਾਲ ਧਰਤੀ ਕੰਬ ਗਈ। ਭੂਚਾਲ, ਜਿਸਦਾ ਕੇਂਦਰ ਅਫਗਾਨਿਸਤਾਨ ਦੇ ਬਦਖਸ਼ਾਨ ਦੇ ਜ਼ੈਬਕ ਖੇਤਰ ਵਿੱਚ ਸੀ, ਦੀ ਤੀਬਰਤਾ ਰਿਕਟਰ ਪੈਮਾਨੇ ‘ਤੇ 5.0 ਮਾਪੀ ਗਈ ਹੈ। ਭੂਚਾਲ ਸੰਬੰਧੀ ਅੰਕੜਿਆਂ ਅਨੁਸਾਰ, ਭੂਚਾਲ ਸਵੇਰੇ 8:24 ਵਜੇ ਦੇ ਕਰੀਬ ਆਇਆ ਅਤੇ ਇਸਦੀ ਡੂੰਘਾਈ ਲਗਭਗ 190 ਕਿਲੋਮੀਟਰ ਸੀ।
ਭੂਚਾਲ ਦੇ ਝਟਕੇ ਮਹਿਸੂਸ ਹੋਣ ਕਾਰਨ ਸੂਬੇ ਦੇ ਲੋਕ ਆਪੋ-ਆਪਣੇ ਘਰਾਂ ਤੋਂ ਨਿਕਲ ਕੇ ਬਾਹਰ ਆ ਗਏ ਅਤੇ ਕਿਸੇ ਖੁੱਲ੍ਹੀ ਥਾਂ ‘ਤੇ ਜਾ ਸਕੇ ਇਕੱਠੇ ਹੋ ਗਏ। ਇਸ ਦੌਰਾਨ ਕਿਸੇ ਤਰ੍ਹਾਂ ਦੇ ਕੋਈ ਜਾਨੀ ਨੁਕਸਾਨ ਹੋਣ ਦੀ ਕੋਈ ਖ਼ਬਰ ਨਹੀਂ ਮਿਲੀ। ਇਸ ਦੌਰਾਨ ਪ੍ਰਸ਼ਾਸਨ ਵਲੋਂ ਸਥਿਤੀ ‘ਤੇ ਨਜ਼ਰ ਰੱਖੀ ਗਈ ਅਤੇ ਲੋਕਾਂ ਨੂੰ ਸੁਚੇਤ ਰਹਿਣ ਦੀ ਅਪੀਲ ਕੀਤੀ ਗਈ। ਜ਼ਿਕਰਯੋਗ ਹੈ ਕਿ ਜੰਮੂ-ਕਸ਼ਮੀਰ ਵਿਚ ਪਿਛਲੇ ਕਈ ਮਹੀਨਿਆਂ ਤੋਂ ਲਗਾਤਾਰ ਭੂਚਾਲ ਆਉਣ ਦੀਆਂ ਗਤੀਵਿਧੀਆਂ ਦੇਖਣ ਨੂੰ ਮਿਲ ਰਹੀਆਂ ਹਨ। ਮਾਰਚ ਦੇ ਮਹੀਨੇ ਡੋਡਾ ਜ਼ਿਲ੍ਹੇ ਵਿਚ 4.2 ਦੀ ਤੀਬਰਤਾ ਨਾਲ ਭੂਚਾਲ ਆਇਆ ਸੀ। ਇਸ ਤੋਂ ਇਲਾਵਾ ਫਰਵਰੀ ਮਹੀਨੇ ਵਿਚ ਬਾਰਾਮੂਲਾ ਦੇ ਪੱਟਲ ਖੇਤਰ ਵਿਚ 4.7 ਤੀਬਰਤਾ ਨਾਲ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਸਨ।