ਚੰਡੀਗੜ੍ਹ : ਬਠਿੰਡਾ ਤੋਂ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ‘ਤੇ ਨਿਸ਼ਾਨਾ ਸਾਧਦਿਆਂ ਵੇਅਰਹਾਊਸਿੰਗ ਕਾਰਪੋਰੇਸ਼ਨ ਦੇ ਅਧਿਕਾਰੀ ਡਾ. ਗਗਨਦੀਪ ਰੰਧਾਵਾ ਦੀ ਖੁਦਕੁਸ਼ੀ ਮਾਮਲੇ ‘ਚ ਕਈ ਗੰਭੀਰ ਸਵਾਲ ਖੜ੍ਹੇ ਕੀਤੇ ਹਨ। ਉਨ੍ਹਾਂ ਦੋਸ਼ ਲਾਇਆ ਕਿ ਸਾਬਕਾ ਟਰਾਂਸਪੋਰਟ ਮੰਤਰੀ ਲਾਲਜੀਤ ਭੁੱਲਰ ਵੱਲੋਂ ਕੀਤੀ ਗਈ ਸਰੀਰਕ ਅਤੇ ਮਾਨਸਿਕ ਪਰੇਸ਼ਾਨੀ ਹੀ ਇਸ ਮੰਦਭਾਗੀ ਘਟਨਾ ਦਾ ਮੁੱਖ ਕਾਰਨ ਸੀ।
ਹਰਸਿਮਰਤ ਬਾਦਲ ਨੇ ਦਾਅਵਾ ਕੀਤਾ ਕਿ ਇਹ ਮਾਮਲਾ ਅਨਾਜ ਦੀ ਸਟੋਰੇਜ ਲਈ ਦਿੱਤੇ ਗਏ ਟੈਂਡਰਾਂ ‘ਚ ਹੋਏ ਭ੍ਰਿਸ਼ਟਾਚਾਰ ਨਾਲ ਜੁੜਿਆ ਹੋਇਆ ਹੈ, ਜਿਸ ‘ਚ ਕਥਿਤ ਤੌਰ ‘ਤੇ ਮੰਤਰੀ ਦੇ ਪਰਿਵਾਰ ਨੂੰ ਵੀ ਲਾਭ ਪਹੁੰਚਾਇਆ ਗਿਆ ਸੀ। ਉਨ੍ਹਾਂ ਸਵਾਲ ਚੁੱਕਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਇਸ ਮਾਮਲੇ ਦੀ ਜਾਂਚ ਸੀ. ਬੀ. ਆਈ. ਨੂੰ ਸੌਂਪਣ ਤੋਂ ਕਿਉਂ ਕਤਰਾ ਰਹੇ ਹਨ।
ਹਰਸਿਮਰਤ ਬਾਦਲ ਅਨੁਸਾਰ ਅਜਿਹਾ ਪ੍ਰਤੀਤ ਹੁੰਦਾ ਹੈ ਕਿ ਮੁੱਖ ਮੰਤਰੀ ਨੂੰ ਭ੍ਰਿਸ਼ਟਾਚਾਰ ਦੇ ਪੈਸੇ ਦੇ ਲੈਣ-ਦੇਣ ਬਾਰੇ ਪੂਰੀ ਜਾਣਕਾਰੀ ਹੈ ਅਤੇ ਉਹ ਸ਼ਾਇਦ ਇਹ ਜਾਣਦੇ ਹਨ ਕਿ ਇਹ ਪੈਸਾ ਕਿੱਥੇ ਜਾ ਰਿਹਾ ਸੀ, ਇਸੇ ਕਾਰਨ ਉਹ ਜਾਂਚ ਦਾ ਵਿਰੋਧ ਕਰ ਰਹੇ ਹਨ।















