ਪਟਿਆਲਾ – ਅੱਜ ਦੇਵੀਗੜ੍ਹ ਅਨਾਜ ਮੰਡੀ ਵਿਚ ਹਲਕਾ ਇੰਚਾਰਜ ਹਰਿੰਦਰਪਾਲ ਸਿੰਘ ਚੰਦੂਮਾਜਰਾ ਵਲੋਂ ਸੁਖਬੀਰ ਬਾਦਲ ਨੂੰ ਜੀ ਆਇਆਂ ਆਖਣ ਲਈ ਕੀਤੀ ਗਈ ਇਕ ਲਾ-ਮਿਸਾਲ ਰੈਲੀ ਨੂੰ ਸੰਬੋਧਨ ਕਰਦਿਆਂ ਸੁਖਬੀਰ ਬਾਦਲ ਨੇ ਕਿਹਾ ਕਿ ਸਿੱਖਾਂ ਦੇ ਧਾਰਮਿਕ ਸਥਾਨਾਂ ‘ਤੇ ਹਮਲੇ ਕਰਨ ਵਾਲੀ ਕਾਂਗਰਸ ਨੂੰ ਪੰਜਾਬ ਦੇ ਲੋਕ ਕਦੇ ਮੁਆਫ ਨਹੀਂ ਕਰਨਗੇ। ਸੁਖਬੀਰ ਬਾਦਲ ਨੇ ਕਿਹਾ ਕਿ ਦੇਸ਼ ‘ਤੇ ਲੰਬਾ ਸਮਾਂ ਰਾਜ ਕਰਨ ਵਾਲੀ ਕਾਂਗਰਸ ਪਾਰਟੀ ਨੇ ਪੰਜਾਬ ਦੇ ਹਿੱਤਾਂ ਦਾ ਹਮੇਸ਼ਾ ਘਾਣ ਕੀਤਾ ਹੈ ਪਰ ਪੰਜਾਬ ਦੇ ਸੂਝਵਾਨ ਪੰਜਾਬੀ ਹੁਣ ਉਨ੍ਹਾਂ ਨੂੰ ਸਬਕ ਸਿਖਾਉਣਗੇ। ਉਪ ਮੁੱਖ ਮੰਤਰੀ ਨੇ ਕਿਹਾ ਕਿ ਕਾਂਗਰਸ ਅਤੇ ਆਮ ਆਦਮੀ ਪਾਰਟੀ ਕੋਲ ਕੋਈ ਮੁੱਦਾ ਨਹੀਂ ਹੈ, ਜਦਕਿ ਅਕਾਲੀ-ਭਾਜਪਾ ਗਠਜੋੜ ਵਿਕਾਸ ਦੇ ਮੁੱਦੇ ‘ਤੇ ਚੋਣਾਂ ਲੜੇਗਾ।
ਇਸ ਤੋਂ ਪਹਿਲਾਂ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਪਿਛਲੇ 65 ਸਾਲ ਦਾ ਸੋਕਾ ਤੋੜਦੇ ਹੋਏ ਅੱਜ ਹਲਕਾ ਸਨੌਰ ‘ਤੇ ਅਜਿਹੇ ਮਿਹਰਬਾਨ ਹੋਏ ਕਿ ਇਕ ਦਿਨ ਵਿਚ 150 ਕਰੋੜ ਰੁਪਏ ਤੋਂ ਜ਼ਿਆਦਾ ਦੇ ਵਿਕਾਸ ਪ੍ਰਾਜੈਕਟਾਂ ਦੇ ਨੀਂਹ ਪੱਥਰ ਰੱਖ ਦਿੱਤੇ। ਇਨ੍ਹਾਂ ਵਿਚ 100 ਕਰੋੜ ਰੁਪਏ ਸਿੰਚਾਈ ਸਿਸਟਮ ਦੇ ਸਮੁੱਚੇ ਖਾਲਿਆਂ ਨੂੰ ਪੱਕਾ ਕਰਨ ਲਈ, 16 ਕਰੋੜ ਰੁਪਏ ਪਟਿਆਲਾ-ਚੀਕਾ ਰੋਡ ਨੂੰ ਵਧੀਆ ਬਣਾਉਣ ਲਈ ਤੇ ਬਾਕੀ ਘੱਗਰ ‘ਤੇ ਚੈੱਕ ਡੈਮ ਬਣਾ ਕੇ ਘੱਗਰ ਦੇ ਪਾਣੀ ਨੂੰ ਸਿੰਚਾਈ ਲਈ ਪ੍ਰਯੋਗ ਕਰਨ ਲਈ ਸ਼ਾਮਲ ਹਨ। ਇਸ ਤੋਂ ਇਲਾਵਾ ਉਪ ਮੁੱਖ ਮੰਤਰੀ ਨੇ ਇਲਾਕੇ ਦੇ ਲੋਕਾਂ ਦੀ ਪਿਛਲੇ 50 ਸਾਲ ਦੀ ਮੰਗ ਨੂੰ ਪੂਰਾ ਕਰਦਿਆਂ ਦੁੱਧਨਸਾਧਾਂ ਨੂੰ ਸਬ-ਡਵੀਜ਼ਨ ਅਤੇ ਸਨੌਰ ਨੂੰ ਸਬ-ਤਹਿਸੀਲ ਬਣਾਉਣ ਦਾ ਐਲਾਨ ਕਰ ਕੇ ਅਗਲੇ ਕੁਝ ਦਿਨਾਂ ਵਿਚ ਕੈਬਨਿਟ ਵਿਚ ਇਸ ‘ਤੇ ਮੋਹਰ ਲਾਉਣ ਦਾ ਵੀ ਐਲਾਨ ਕਰ ਦਿੱਤਾ।
ਰੈਲੀ ਨੂੰ ਸੰਬੋਧਨ ਕਰਦਿਆਂ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਜਿਥੇ ਹਲਕਾ ਸਨੌਰ ਨੂੰ ਆਪਣਾ ਪਰਿਵਾਰ ਦੱਸਿਆ, ਉਥੇ ਉਨ੍ਹਾਂ ਹਲਕੇ ਦੇ ਲੋਕਾਂ ਨੂੰ ਭਾਵਨਾਤਮਕ ਅਪੀਲ ਕਰਦਿਆਂ ਕਿਹਾ ਕਿ ਹਰਿੰਦਰਪਾਲ ਚੰਦੂਮਾਜਰਾ ਨੂੰ ਇਕ ਵਾਰ ਐੈੱਮ. ਐੱਲ. ਏ. ਬਣਾ ਕੇ ਵਿਧਾਨ ਸਭਾ ਭੇਜੋ, ਹਲਕੇ ‘ਚ ਇਕ ਵੀ ਨੌਜਵਾਨ ਬੇਰੁਜ਼ਗਾਰ ਨਹੀਂ ਰਹਿਣ ਦਿੱਤਾ ਜਾਵੇਗਾ। ਉਨ੍ਹਾਂ ‘ਆਪ’ ਉਮੀਦਵਾਰ ਹਰਮੇਲ ਟੌਹੜਾ ‘ਤੇ ਵਰ੍ਹਦਿਆਂ ਕਿਹਾ ਕਿ ਅਕਾਲੀ ਦਲ ਦੇ ਸਿਰ ‘ਤੇ ਸਮੁੱਚੇ ਥੂਹੀ ਪਰਿਵਾਰ ਨੂੰ ਨੌਕਰੀਆਂ ਲਗਵਾਉਣ ਵਾਲੇ ਅਤੇ ਅਕਾਲੀ ਦਲ ਤੋਂ ਵੱਡੇ-ਵੱਡੇ ਲਾਭ ਲੈਣ ਵਾਲੇ ਹਰਮੇਲ ਸਿੰਘ ਥੂਹੀ ਨੇ ਅਕਾਲੀ ਦਲ ਅਤੇ ਹਲਕਾ ਸਨੌਰ ਦੇ ਲੋਕਾਂ ਨਾਲ ਧੋਖਾ ਕੀਤਾ ਹੈ। ਹਲਕਾ ਇੰਚਾਰਜ ਹਰਿੰਦਰਪਾਲ ਸਿੰਘ ਚੰਦੂਮਾਜਰਾ ਨੇ ਜਿਥੇ ਆਪਣੇ ਹਲਕੇ ਦੀਆਂ ਸਮੁੱਚੀਆਂ ਮੰਗਾਂ ਮੰਨਣ ਲਈ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦਾ ਧੰਨਵਾਦ ਕੀਤਾ, ਉਥੇ ਉਨ੍ਹਾਂ ਐਲਾਨ ਕੀਤਾ ਕਿ ਉਹ ਹਲਕਾ ਸਨੌਰ ਦੇ ਲੋਕਾਂ ਵਲੋਂ ਬਖਸ਼ੇ ਮਾਣ ਅਤੇ ਸਨਮਾਨ ਲਈ ਉਨ੍ਹਾਂ ਦੇ ਸਦਾ ਰਿਣੀ ਰਹਿਣਗੇ। ਮੰਚ ਸੰਚਾਲਨ ਸੀਨੀਅਰ ਵਾਈਸ ਚੇਅਰਮੈਨ ਹਰਵਿੰਦਰ ਸਿੰਘ ਹਰਪਾਲਪੁਰ ਨੇ ਕੀਤਾ।















