ਸੰਯੁਕਤ ਰਾਸ਼ਟਰ— ਭੋਜਨ, ਪਾਣੀ ਅਤੇ ਹੋਰ ਲੋੜਵੰਦ ਚੀਜ਼ਾਂ ਲੈ ਜਾ ਰਿਹਾ ਸੰਯੁਕਤ ਰਾਸ਼ਟਰ ਦਾ ਮਦਦ ਕਾਫਿਲਾ ਸੀਰੀਆ ਦੀ ਮੋਹਰੀ ਸਰਹੱਦ ਪਾਰ ਕਰ ਕੇ ਵਿਦਰੋਹੀਆਂ ਦੇ ਕਬਜ਼ੇ ਵਾਲੇ ਸ਼ਹਿਰ ‘ਚ ਪਹੁੰਚਿਆ ਅਤੇ ਸਰਹੱਦ ਪਾਰ ਤੋਂ ਇਸ ਮਹੀਨੇ ਪਹਿਲੀ ਵਾਰ ਉੱਥੇ ਮਦਦ ਮੁਹੱਈਆ ਕਰਵਾਈ ਗਈ। ਸੰਯੁਕਤ ਰਾਸ਼ਟਰ ਦੇ ਇਕ ਬੁਲਾਰੇ ਨੇ ਇਹ ਜਾਣਕਾਰੀ ਦਿੱਤੀ। ਭੋਜਨ ਅਤੇ ਹੋਰ ਮਦਦ ਸਮੱਗਰੀ ਨਾਲ ਪੱਛਮੀ ਸੀਰੀਆ ਦੇ ਹੋਮਸ ਖੇਤਰ ‘ਚ ਰਸਤਾਨ ਅਤੇ ਨੇੜਲੇ ਪਿੰਡਾਂ ਵਿਚ ਰਹਿ ਰਹੇ 1,07,500 ਸੀਰੀਆਈ ਲੋਕਾਂ ਨੂੰ ਮਦਦ ਮਿਲੇਗੀ। ਇੱਥੇ ਜੁਲਾਈ ਤੋਂ ਬਾਅਦ ਕੋਈ ਮਦਦ ਨਹੀਂ ਪੁੱਜੀ ਹੈ।
ਸੰਯੁਕਤ ਰਾਸ਼ਟਰ ਮੁਤਾਬਕ ਤਕਰੀਬਨ 60 ਲੱਖ ਲੋਕ ਮੁਸ਼ਕਲ ਥਾਂਵਾਂ ‘ਚ ਰਹਿ ਰਹੇ ਹਨ, ਜਿਨ੍ਹਾਂ ‘ਚ ਤਕਰੀਬਨ 10 ਲੱਖ ਲੋਕ ਅਜਿਹੇ ਇਲਾਕਿਆਂ ‘ਚ ਹਨ, ਜਿਨ੍ਹਾਂ ਦੀ ਘੇਰਾਬੰਦੀ ਕੀਤੀ ਗਈ ਹੈ। ਸੰਯੁਕਤ ਰਾਸ਼ਟਰ ਦੇ ਮਦਦ ਮੁਖੀ ਸਟੀਫਨ ਓ ਬਰਾਇਨ ਨੇ ਮੰਗਲਵਾਰ ਨੂੰ ਸੁਰੱਖਿਆ ਪਰੀਸ਼ਦ ਨੂੰ ਦੱਸਿਆ ਸੀ ਕਿ ਸੀਰੀਆ ‘ਚ ਮਨੁੱਖੀ ਸੰਕਟ ਹੋਰ ਡੂੰਘਾ ਹੋ ਰਿਹਾ ਹੈ, ਜਿਸ ਦੇ ਇਕ ਦਿਨ ਬਾਅਦ ਇਹ ਮਦਦ ਮੁਹੱਈਆ ਕਰਾਉਣ ਦਾ ਐਲਾਨ ਕੀਤਾ ਗਿਆ। ਇਹ ਮਦਦ ਮੁਹੱਈਆ ਕਰਾਉਣ ਤੋਂ ਪਹਿਲਾਂ ਸੁਰੱਖਿਆ ਕਰਮਚਾਰੀਆਂ ਦੀ ਸੁਰੱਖਿਆ ਯਕੀਨੀ ਕਰਨ ਲਈ ਗੱਲਬਾਤ ਦੀ ਲੋੜ ਹੁੰਦੀ ਹੈ। ਓ ਬਰਾਇਨ ਨੇ ਕਿਹਾ ਕਿ ਸੰਯੁਕਤ ਰਾਸ਼ਟਰ ਪ੍ਰਸਤਾਵਾਂ ਦੀ ਲੜੀ ‘ਚ ਮਨੁੱਖੀ ਮਦਦ ਦੇ ਬਿਨਾਂ ਰੋਕ-ਟੋਕ ਪਹੁੰਚ ਦੀ ਅਪੀਲ ਦੇ ਬਾਵਜੂਦ ਨਵੰਬਰ ‘ਚ ਸਰਹੱਦ ਪਾਰ ਤੋਂ ਕੋਈ ਰਾਹਤ ਸਮੱਗਰੀ ਨਹੀਂ ਪੁੱਜੀ।















