Hormuz ਦੇ ਹਮਲਾਵਰਾਂ ‘ਤੇ ਟੁੱਟਿਆ ਅਮਰੀਕਾ ਦਾ ਕਹਿਰ, ਈਰਾਨੀ ਮਿਜ਼ਾਈਲ ਕੇਂਦਰ ‘ਤੇ ਸੁੱਟੇ 5000 ਪਾਉਂਡ ਦੇ ਬੰਬ

ਤਹਿਰਾਨ : ਮੱਧ ਪੂਰਬ ਵਿੱਚ ਚੱਲ ਰਹੀ ਖਿੱਚੋਤਾਣ ਹੁਣ ਇੱਕ ਪੂਰਨ ਜੰਗ ਦਾ ਰੂਪ ਲੈਂਦੀ ਦਿਖਾਈ ਦੇ ਰਹੀ ਹੈ। ਦੁਨੀਆ ਭਰ ਵਿੱਚ ਤੇਲ ਦੀ ਸਪਲਾਈ ਲਈ ਸਭ ਤੋਂ ਮਹੱਤਵਪੂਰਨ ਰਸਤੇ ‘ਸਟ੍ਰੇਟ ਆਫ ਹੋਰਮੁਜ਼’ (Strait of Hormuz) ਨੂੰ ਦੁਬਾਰਾ ਖੁੱਲ੍ਹਵਾਉਣ ਲਈ ਅਮਰੀਕਾ ਨੇ ਈਰਾਨ ਦੇ ਮਿਜ਼ਾਈਲ ਕੇਂਦਰਾਂ ‘ਤੇ ਵੱਡਾ ਹਮਲਾ ਬੋਲ ਦਿੱਤਾ ਹੈ। ਇਸ ਹਮਲੇ ਵਿੱਚ ਅਮਰੀਕੀ ਫੌਜ ਨੇ ਆਪਣੇ ਸਭ ਤੋਂ ਖਤਰਨਾਕ ਹਥਿਆਰ 5,000 ਪਾਉਂਡ (ਲਗਭਗ 2200 ਕਿਲੋ) ਦੇ ‘ਬੰਕਰ ਬਸਟਰ’ ਬੰਬਾਂ ਦਾ ਇਸਤੇਮਾਲ ਕੀਤਾ।
ਤੇਲ ਦੀ ਸਪਲਾਈ ਬਹਾਲ ਕਰਨ ਦੀ ਕੋਸ਼ਿਸ਼
ਅਮਰੀਕੀ ਸੈਂਟਰਲ ਕਮਾਂਡ (CENTCOM) ਮੁਤਾਬਕ, ਈਰਾਨ ਦੇ ਤੱਟ ‘ਤੇ ਬਣੇ ਮਜ਼ਬੂਤ ਮਿਜ਼ਾਈਲ ਟਿਕਾਣਿਆਂ ਨੂੰ ਇਨ੍ਹਾਂ ਭਾਰੀ-ਭਰਕਮ ਬੰਬਾਂ ਨਾਲ ਤਬਾਹ ਕਰ ਦਿੱਤਾ ਗਿਆ ਹੈ। ਇਹ ਉਹੀ ਟਿਕਾਣੇ ਸਨ ਜਿੱਥੋਂ ਈਰਾਨੀ ਐਂਟੀ-ਸ਼ਿਪ ਮਿਜ਼ਾਈਲਾਂ ਕੌਮਾਂਤਰੀ ਜਹਾਜ਼ਾਂ ਲਈ ਖਤਰਾ ਬਣੀਆਂ ਹੋਈਆਂ ਸਨ। ਜ਼ਿਕਰਯੋਗ ਹੈ ਕਿ ਈਰਾਨ ਨੇ ਇਸ ਰਸਤੇ ਨੂੰ ਬੰਦ ਕਰ ਦਿੱਤਾ ਸੀ, ਜਿੱਥੋਂ ਦੁਨੀਆ ਦਾ ਲਗਭਗ 20 ਫੀਸਦੀ ਤੇਲ ਗੁਜ਼ਰਦਾ ਹੈ ਜਿਸ ਕਾਰਨ ਪੂਰੀ ਦੁਨੀਆ ਵਿੱਚ ਤੇਲ ਦੀਆਂ ਕੀਮਤਾਂ ਅਸਮਾਨੀ ਚੜ੍ਹ ਗਈਆਂ ਸਨ।
ਸਾਥੀ ਦੇਸ਼ਾਂ ਦੇ ਰਵੱਈਏ ਤੋਂ ਟਰੰਪ ਨਾਰਾਜ਼
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਸ ਕਾਰਵਾਈ ਦੀ ਪੁਸ਼ਟੀ ਕਰਦਿਆਂ ਆਪਣੇ ਨਾਟੋ (NATO) ਸਹਿਯੋਗੀ ਦੇਸ਼ਾਂ ਪ੍ਰਤੀ ਸਖ਼ਤ ਨਾਰਾਜ਼ਗੀ ਜ਼ਾਹਿਰ ਕੀਤੀ ਹੈ। ਟਰੰਪ ਦਾ ਕਹਿਣਾ ਹੈ ਕਿ ਅਮਰੀਕਾ ਸਾਲਾਂ ਤੋਂ ਨਾਟੋ ਦੀ ਮਦਦ ਕਰਦਾ ਆ ਰਿਹਾ ਹੈ, ਪਰ ਅੱਜ ਜਦੋਂ ਲੋੜ ਪਈ ਤਾਂ ਕੋਈ ਵੀ ਦੇਸ਼ ਮਦਦ ਲਈ ਅੱਗੇ ਨਹੀਂ ਆਇਆ। ਉਨ੍ਹਾਂ ਕਿਹਾ ਕਿ ਅਮਰੀਕਾ ਇਹ ਜੰਗ ਪੂਰੀ ਦੁਨੀਆ ਦੀ ਭਲਾਈ ਲਈ ਇਕੱਲਾ ਹੀ ਲੜ ਰਿਹਾ ਹੈ।
ਕੀ ਹੈ ਬੰਕਰ ਬਸਟਰ ਬੰਬ?
ਇਹ ਬੰਬ ਇੰਨੇ ਸ਼ਕਤੀਸ਼ਾਲੀ ਹੁੰਦੇ ਹਨ ਕਿ ਜ਼ਮੀਨ ਜਾਂ ਕੰਕਰੀਟ ਦੀਆਂ ਮੋਟੀਆਂ ਕੰਧਾਂ ਨੂੰ ਚੀਰ ਕੇ ਡੂੰਘਾਈ ਵਿੱਚ ਲੁਕੇ ਦੁਸ਼ਮਣ ਦੇ ਟਿਕਾਣਿਆਂ ਨੂੰ ਤਬਾਹ ਕਰ ਦਿੰਦੇ ਹਨ। ਰਿਪੋਰਟਾਂ ਅਨੁਸਾਰ, ਅਜਿਹੇ ਇੱਕ ਬੰਬ ਦੀ ਕੀਮਤ ਲਗਭਗ 2.88 ਲੱਖ ਡਾਲਰ ਹੈ। ਹਾਲਾਂਕਿ ਅਮਰੀਕਾ ਕੋਲ ਇਸ ਤੋਂ ਵੀ ਵੱਡੇ 30,000 ਪਾਉਂਡ ਦੇ ਵੀ ਬੰਬ ਹਨ, ਪਰ ਈਰਾਨੀ ਟਿਕਾਣਿਆਂ ਲਈ 5,000 ਪਾਉਂਡ ਦੇ ਬੰਬ ਹੀ ਕਾਫੀ ਸਮਝੇ ਗਏ।
ਖੇਤਰ ‘ਚ ਵਧਿਆ ਤਣਾਅ
ਇਸ ਹਮਲੇ ਤੋਂ ਬਾਅਦ ਪੂਰੀ ਦੁਨੀਆ ਦੀਆਂ ਨਜ਼ਰਾਂ ਹੁਣ ਹੋਰਮੁਜ਼ ਦੇ ਰਸਤੇ ‘ਤੇ ਟਿਕੀਆਂ ਹੋਈਆਂ ਹਨ। ਜਿੱਥੇ ਈਰਾਨ ਅਜੇ ਵੀ ਆਪਣੇ ਪ੍ਰਮਾਣੂ ਪ੍ਰੋਗਰਾਮ ਨੂੰ ਸ਼ਾਂਤੀਪੂਰਨ ਦੱਸ ਰਿਹਾ ਹੈ, ਉੱਥੇ ਹੀ ਅਮਰੀਕਾ ਨੇ ਆਪਣੀ ਤਾਕਤ ਦਿਖਾ ਕੇ ਸਪੱਸ਼ਟ ਕਰ ਦਿੱਤਾ ਹੈ ਕਿ ਉਹ ਪਿੱਛੇ ਨਹੀਂ ਹਟੇਗਾ। ਇਸ ਦੌਰਾਨ ਇਜ਼ਰਾਈਲ ਅਤੇ ਈਰਾਨ ਵਿਚਾਲੇ ਵੀ ਮਿਜ਼ਾਈਲ ਹਮਲਿਆਂ ਕਾਰਨ ਹਾਲਾਤ ਬੇਹੱਦ ਨਾਜ਼ੁਕ ਬਣੇ ਹੋਏ ਹਨ।