ਕੈਪਟਨ ਅਮਰਿੰਦਰ ਨੇ ਲੋਕ ਸਭਾ ਸਪੀਕਰ ਨੂੰ ਰਸਮੀ ਤੌਰ ‘ਤੇ ਅਸਤੀਫਾ ਸੌਂਪਿਆ

1ਨਵੀਂ ਦਿੱਲੀ : ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਬੁੱਧਵਾਰ ਨੂੰ ਲੋਕ ਸਭਾ ਸਪੀਕਰ ਸੁਮਿਤਰਾ ਮਹਾਜਨ ਨੂੰ ਰਸਮੀ ਤੌਰ ‘ਤੇ ਉਨ੍ਹਾਂ ਦਾ ਅਸਤੀਫਾ ਸੌਂਪ ਦਿੱਤਾ, ਜਿਸਨੂੰ ਉਨ੍ਹਾਂ ਨੇ ਇਸ ਤੋਂ ਪਹਿਲਾਂ 11 ਨਵੰਬਰ ਨੂੰ ਈਮੇਲ ਜਰੀਏ ਭੇਜਿਆ ਸੀ।
ਕੈਪਟਨ ਅਮਰਿੰਦਰ ਦੁਪਹਿਰ ਵੇਲੇ ਸਪੀਕਰ ਨੂੰ ਸੰਸਦ ‘ਚ ਸਥਿਤ ਉਨ੍ਹਾਂ ਦੇ ਦਫਤਰ ‘ਚ ਮਿੱਲੇ ਅਤੇ ਉਨ੍ਹਾਂ ਨੂੰ ਤੈਅ ਪਰਫਾਰਮੇ ਹੇਠ 16ਵੀਂ ਲੋਕ ਸਭਾ ਦੀ ਮੈਂਬਰਸ਼ਿਪ ਤੋਂ ਅਸਤੀਫਾ ਸੌਂਪ ਦਿੱਤਾ ਅਤੇ ਜੁਬਾਨੀ ਤੌਰ ‘ਤੇ ਦੱਸ ਦਿੱਤਾ ਕਿ ਉਨ੍ਹਾਂ ਨੇ ਐਸ.ਵਾਈ.ਐਲ ਮੁੱਦੇ ‘ਤੇ ਆਪਣਾ ਅਸਤੀਫਾ ਦਿੱਤਾ ਹੈ।
ਉਨ੍ਹਾਂ ਨੇ ਸਪੀਕਰ ਨੂੰ ਦੱਸਿਆ ਕਿ ਉਨ੍ਹਾਂ ਨੇ ਐਸ.ਵਾਈ.ਐਲ ਮੁੱਦੇ ‘ਤੇ ਸੁਪਰੀਮ ਕੋਰਟ ਦੇ ਫੈਸਲੇ ਕਾਰਨ ਪੰਜਾਬ ਦੇ ਲੋਕਾਂ ਨਾਲ ਇਕਜੁੱਟਤਾ ਪ੍ਰਗਟਾਉਂਦਿਆਂ ਲੋਕ ਸਭਾ ਦੀ ਮੈਂਬਰਸ਼ਿਪ ਛੱਡਣ ਦਾ ਫੈਸਲਾ ਲਿਆ, ਜਿਨ੍ਹਾਂ ‘ਤੇ ਅਦਾਲਤ ਦੇ ਫੈਸਲੇ ਦਾ ਬਹੁਤ ਗੰਭੀਰ ਪ੍ਰਭਾਵ ਪਿਆ ਹੈ।
ਕੈਪਟਨ ਅਮਰਿੰਦਰ ਦਾ ਅਸਤੀਫਾ 11 ਨਵੰਬਰ, 2016 ਤੋਂ ਵੈਲਿਡ ਹੈ, ਜਿਸ ਤਰੀਖ ਨੂੰ ਉਨ੍ਹਾਂ ਨੇ ਸਪੀਕਰ ਨੂੰ ਈਮੇਲ ਭੇਜੀ ਸੀ।
ਪੰਜਾਬ ਕਾਂਗਰਸ ਪ੍ਰਧਾਨ ਨੇ ਸੁਪਰੀਮ ਕੋਰਟ ਦੇ ਫੈਸਲੇ ਤੋਂ ਕੁਝ ਮਿੰਟਾਂ ਬਾਅਦ ਹੀ ਅਸਤੀਫਾ ਦੇ ਦਿੱਤਾ ਸੀ, ਜਦਕਿ ਪਾਰਟੀ ਵਿਧਾਇਕਾਂ ਨੇ ਉਕਤ ਮੁੱਦੇ ‘ਤੇ ਸਾਂਝੇ ਤੌਰ ‘ਤੇ ਆਪਣੀਆਂ ਵਿਧਾਨ ਸਭਾ ਸੀਟਾਂ ਤੋਂ ਅਸਤੀਫਾ ਦੇ ਦਿੱਤਾ ਸੀ।