ਜਲੰਧਰ— ਆਪਣੀ ਸ਼ਾਇਰੀ ਕਾਰਨ ਮਸ਼ਹੂਰ ਸਾਬਕਾ ਕ੍ਰਿਕਟਰ ਨਵਜੋਤ ਸਿੰਘ ਨੇ 127 ਦਿਨ ਪਹਿਲਾਂ ਇਹ ਕਹਿ ਕੇ ਰਾਜ ਸਭਾ ਛੱਡੀ ਸੀ ਕਿ ‘ਕਿਵੇਂ ਛੱਡ ਦੇਵਾਂ ਆਪਣੀ ਜੜ੍ਹ, ਆਪਣਾ ਵਤਨ ਪੰਜਾਬ’ ਪਰ ਉਸ ਤੋਂ ਬਾਅਦ ਸਿੱਧੂ ਇਕ ਵਾਰ ਵੀ ਪੰਜਾਬ ਨਹੀਂ ਆਏ। ਪਿਛਲੀ ਵਾਰ ਉਹ ਨਵੰਬਰ 2014 ਨੂੰ ਲੁਧਿਆਣਾ ‘ਚ ਦੇਖੇ ਗਏ ਸਨ। ਇਸ ਤੋਂ ਪਹਿਲਾਂ ਉਹ ਆਪਣੀ ਨਵੀਂ ਕੋਠੀ ਦੀ ਪੂਜਾ ‘ਚ 2 ਮਈ 2014 ਨੂੰ ਅੰਮ੍ਰਿਤਸਰ ਪਹੁੰਚੇ ਸਨ। ਬੈਂਸ ਭਰਾਵਾਂ ਅਤੇ ਪ੍ਰਗਟ ਸਿੰਘ ਨਾਲ ਮਿਲ ਕੇ ਬੈਠਕ ਵੀ ਦਿੱਲੀ ‘ਚ ਹੀ ਕੀਤੀ। ਹੁਣ ਬੈਂਸ ਭਰਾਵਾਂ ਦੇ ਆਪ ਨਾਲ ਜੁੜਨ ਅਤੇ ਰਾਜਧਾਨੀ ‘ਚ 6 ਬੈਠਕਾਂ ਕਰਨ ਦੇ ਬਾਅਦ ਫਿਲਹਾਲ ਉਹ ਮੁੰਬਈ ‘ਚ ਹਨ। ਬੁੱਧਵਾਰ ਸਵੇਰੇ ਸਿੱਧੂ ਪ੍ਰਗਟ ਨਾਲ ਮੁਲਾਕਾਤ ਲਈ ਦਿੱਲੀ ਪਹੁੰਚ ਰਹੇ ਹਨ। ਪ੍ਰਗਟ ਦੇ ਨਜ਼ਦੀਕੀਆਂ ਦਾ ਕਹਿਣਾ ਹੈ ਕਿ ਜੇਕਰ ਇਸ ਵਾਰ ਬੈਠਕ ‘ਚ ਕੋਈ ਫੈਸਲਾ ਨਾ ਹੋਇਆ ਤਾਂ ਪ੍ਰਗਟ ਇਕੱਲੇ ਹੀ ਕਾਂਗਰਸ ਦਾ ਹੱਥ ਫੜ ਲੈਣਗੇ।
ਮੀਡੀਆ ਤੋਂ ਸਿੱਧੂ ਰਹੇ ਦੂਰ
ਨਵਜੋਤ ਸਿੱਧੂ ਸ਼ੁਰੂ ਤੋਂ ਹੀ ਮੀਡੀਆ ਦਾ ਸਾਹਮਣਾ ਨਹੀਂ ਕਰ ਰਹੇ। ਆਵਾਜ਼-ਏ-ਪੰਜਾਬ ਮੋਰਚੇ ਦੇ ਐਲਾਨ ਸਮੇਂ ਰੱਖੀ ਗਈ ਪ੍ਰੈੱਸ ਕਾਨਫਰੰਸ ‘ਚ ਵੀ ਉਹ ਸਿਰਫ ਆਪਣੀ ਹੀ ਗੱਲ ਕਹਿ ਕੇ ਚਲੇ ਗਏ ਸਨ। ਸਿੱਧੂ ਨੇ ਉਸ ਵੇਲੇ ਸਿਰਫ ਇੰਨਾ ਹੀ ਕਿਹਾ ਸੀ ਕਿ 15 ਦਿਨ ਬਾਅਦ ਪਾਰਟੀ ਦਾ ਐਲਾਨ ਕਰਾਂਗੇ ਪਰ ਉਸ ਤੋਂ ਬਾਅਦ ਕੋਈ ਫੈਸਲਾ ਨਹੀਂ ਲੈ ਸਕੇ ਅਤੇ ਹੁਣ ਇਹ ਮੋਰਚਾ ਹੀ ਖਿੰਡ ਗਿਆ ਹੈ। ਪ੍ਰੈੱਸ ਕਾਨਫਰੰਸ ‘ਚ ਸਿੱਧੂ ਨੇ ਕਾਂਗਰਸ ਅਤੇ ਅਕਾਲੀ ਦਲ ‘ਤੇ ਜਮ ਕੇ ਹਮਲਾ ਕੀਤਾ ਸੀ।
18 ਜੁਲਾਈ ਨੂੰ ਛੱਡੀ ਸੀ ਰਾਜ ਸਭਾ
18 ਜੁਲਾਈ ਨੂੰ ਸਿੱਧੂ ਨੇ ਰਾਜ ਸਭਾ ਛੱਡੀ ਸੀ। 25 ਜੁਲਾਈ ਨੂੰ ਦਿੱਲੀ ‘ਚ ਕਿਹਾ ਸੀ ਕਿ ਉਨ੍ਹਾਂ ਨੂੰ ਕਿਹਾ ਗਿਆ ਹੈ ਕਿ ਪੰਜਾਬ ਤੋਂ ਦੂਰ ਰਹੋ। ਇਸ ਲਈ ਅਸਤੀਫਾ ਦੇ ਦਿੱਤਾ। ਇਸ ਦੇ ਬਾਅਦ ਉਨ੍ਹਾਂ ਦੀ ਪਤਨੀ ਨਵਜੋਤ ਕੌਰ ਕਈ ਵਾਰ ‘ਆਪ’ ਦਾ ਗੁਣਗਾਨ ਕਰਦੀ ਰਹੀ। ਅਜਿਹਾ ਲੱਗਾ ਕਿ ਸਿੱਧੂ ਜੋੜਾ ‘ਆਪ’ ‘ਚ ਜਾ ਰਿਹਾ ਹੈ। ਉਸ ਤੋਂ ਬਾਅਦ ਉਨ੍ਹਾਂ ਨੇ ਆਪਣਾ ਪਾਸਾ ਬਦਲਦੇ ਹੋਏ 8 ਸਤੰਬਰ ਨੂੰ ਚੰਡੀਗੜ੍ਹ ‘ਚ ਪ੍ਰੈੱਸ ਕਾਨਫਰੰਸ ‘ਚ ਕਿਹਾ ਕਿ ‘ਆਪ’ ਵੀ ਉਨ੍ਹਾਂ ਨੂੰ ਸਾਜੋ-ਸਮਾਨ ਬਣਾ ਕੇ ਰੱਖਣਾ ਚਾਹੁੰਦੀ ਸੀ। 14 ਸਤੰਬਰ ਨੂੰ ਉਨ੍ਹਾਂ ਨੇ ਭਾਜਪਾ ਤੋਂ ਅਸਤੀਫਾ ਦੇ ਦਿੱਤਾ। 21 ਸਤੰਬਰ ਨੂੰ ਦਿੱਲੀ ‘ਚ ਪ੍ਰੈੱਸ ਨੋਟ ਜਾਰੀ ਕਰਕੇ ਕਿਹਾ ਕਿ ਉਹ ਨਵੀਂ ਪਾਰਟੀ ਬਣਾਉਣਗੇ ਪਰ ਹੁਣ ਤਕ ਕਈ ਬੈਠਕਾਂ ਕਰਕੇ ਵੀ ਉਹ ਫੈਸਲਾ ਨਹੀਂ ਲੈ ਸਕੇ। ਆਪਣੇ ਅਗਲੇ ਸਿਆਸੀ ਭਵਿੱਖ ਨੂੰ ਲੈ ਕੇ ਸਿੱਧੂ ਦੁਚਿੱਤੀ ‘ਚ ਪਏ ਹੋਏ ਹਨ। ਮੰਨਿਆ ਜਾ ਰਿਹਾ ਹੈ ਕਿ ਬੈਂਸ ਭਰਾ ਵੀ ਸਿੱਧੂ ਦੀ ਇਸ ਆਦਤ ਕਾਰਨ ਪ੍ਰੇਸ਼ਾਨ ਸਨ। ਜਿਸ ਕਰਕੇ ਉਨ੍ਹਾਂ ਨੇ ਆਮ ਆਦਮੀ ਪਾਰਟੀ ਨਾਲ ਜਾਣ ਦਾ ਫੈਸਲਾ ਲਿਆ।















