ਸੰਸਦ ‘ਚ ਗੂੰਜਿਆ LPG ਸਿਲੰਡਰਾਂ ਦੀ ਕਿੱਲਤ ਦਾ ਮੁੱਦਾ, ਕੇਂਦਰੀ ਮੰਤਰੀ ਹਰਦੀਪ ਪੂਰੀ ਨੇ ਦਿੱਤਾ ਵੱਡਾ ਬਿਆਨ

ਨਵੀਂ ਦਿੱਲੀ: ਦੇਸ਼ ਵਿੱਚ ਰਸੋਈ ਗੈਸ (LPG) ਅਤੇ ਤੇਲ ਦੀ ਕਿੱਲਤ ਨੂੰ ਲੈ ਕੇ ਚੱਲ ਰਹੀਆਂ ਅਫਵਾਹਾਂ ਅਤੇ ਵਿਰੋਧੀ ਧਿਰ ਦੇ ਸਵਾਲਾਂ ਦਾ ਕੇਂਦਰੀ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰੀ ਹਰਦੀਪ ਸਿੰਘ ਪੁਰੀ ਨੇ ਲੋਕ ਸਭਾ ਵਿੱਚ ਕਰਾਰਾ ਜਵਾਬ ਦਿੱਤਾ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਦੇਸ਼ ਵਿੱਚ ਪੈਟਰੋਲ, ਡੀਜ਼ਲ ਜਾਂ ਗੈਸ ਦੀ ਕੋਈ ਕਮੀ ਨਹੀਂ ਹੈ ਅਤੇ ਭਾਰਤ ਕਿਸੇ ਵੀ ਸਥਿਤੀ ਨਾਲ ਨਿਪਟਣ ਲਈ ਪੂਰੀ ਤਰ੍ਹਾਂ ਤਿਆਰ ਹੈ।
40 ਦੇਸ਼ਾਂ ਤੋਂ ਆ ਰਿਹਾ ਤੇਲ, ਉਤਪਾਦਨ ‘ਚ ਵੱਡਾ ਉਛਾਲ
ਵਿਰੋਧੀਆਂ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਹਰਦੀਪ ਪੁਰੀ ਨੇ ਦੱਸਿਆ ਕਿ ਭਾਰਤ ਆਪਣੀਆਂ ਲੋੜਾਂ ਪੂਰੀਆਂ ਕਰਨ ਲਈ 40 ਦੇਸ਼ਾਂ ਤੋਂ ਕੱਚਾ ਤੇਲ ਦਰਾਮਦ ਕਰ ਰਿਹਾ ਹੈ। ਉਨ੍ਹਾਂ ਅੰਕੜੇ ਪੇਸ਼ ਕਰਦਿਆਂ ਕਿਹਾ ਕਿ ਪਿਛਲੇ ਸਿਰਫ 5 ਦਿਨਾਂ ਵਿੱਚ LPG ਦਾ ਉਤਪਾਦਨ 28 ਫੀਸਦੀ ਵਧਿਆ ਹੈ। ਮੰਤਰੀ ਨੇ ਭਰੋਸਾ ਦਿੱਤਾ ਕਿ ਦੇਸ਼ ਵਿੱਚ CNG ਦੀ 100 ਫੀਸਦੀ ਸਪਲਾਈ ਹੋ ਰਹੀ ਹੈ ਅਤੇ LNG ਦੇ ਕਾਰਗੋ ਜਹਾਜ਼ ਰੋਜ਼ਾਨਾ ਭਾਰਤ ਪਹੁੰਚ ਰਹੇ ਹਨ।
ਘਬਰਾਉਣ ਦੀ ਲੋੜ ਨਹੀਂ
ਹਰਦੀਪ ਪੁਰੀ ਨੇ ਜਨਤਾ ਨੂੰ ਅਪੀਲ ਕੀਤੀ ਕਿ ਗੈਸ ਸਿਲੰਡਰਾਂ ਨੂੰ ਲੈ ਕੇ ਘਬਰਾਉਣ ਦੀ ਲੋੜ ਨਹੀਂ ਹੈ। ਉਨ੍ਹਾਂ ਕਿਹਾ ਕਿ ਸਰਕਾਰ ਕੋਲ ਲੋੜੀਂਦਾ ਕੱਚਾ ਤੇਲ ਮੌਜੂਦ ਹੈ ਅਤੇ ਭਾਰਤ ਲੰਬੇ ਸਮੇਂ ਤੱਕ ਇਸ ਹਾਲਾਤ ਨਾਲ ਨਿਪਟਣ ਦੇ ਸਮਰੱਥ ਹੈ। ਜ਼ਿਕਰਯੋਗ ਹੈ ਕਿ ਸਰਕਾਰ ਨੇ ਤੇਲ ਅਤੇ ਗੈਸ ਦੀ ਸਪਲਾਈ ਨੂੰ ਯਕੀਨੀ ਬਣਾਉਣ ਲਈ ਅਮਿਤ ਸ਼ਾਹ ਦੀ ਪ੍ਰਧਾਨਗੀ ਹੇਠ ਇੱਕ ਵਿਸ਼ੇਸ਼ ਕਮੇਟੀ ਵੀ ਬਣਾਈ ਹੈ।