ਅੰਮ੍ਰਿਤਸਰ -ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਨੇ ਨਿਊਜ਼ੀਲੈਂਡ ’ਚ ਨਗਰ ਕੀਰਤਨ ਦਾ ਵਿਰੋਧ ਕੀਤੇ ਜਾਣ ਦੀ ਘਟਨਾ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ। ਇਸ ਸੰਬੰਧ ਵਿਚ ਗੱਲਬਾਤ ਕਰਦਿਆਂ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਨਿਊਜ਼ੀਲੈਂਡ ਵਿਚ ਡੈਸਟੀਨੀ ਚਰਚ ਨਾਲ ਸਬੰਧਤ ਕੁਝ ਲੋਕਾਂ ਨੇ ਸਿੱਖ ਭਾਈਚਾਰੇ ਵੱਲੋਂ ਕੱਢੇ ਜਾ ਰਹੇ ਨਗਰ ਕੀਰਤਨ ਨੂੰ ਰੋਕ ਦਿੱਤਾ ਹੈ। ਇਹ ਵਰਗ ਨਿਊਜ਼ੀਲੈਂਡ ਦੇ ਮਾਓਰੀ ਸਮਾਜ ਦੀ ਅਗਵਾਈ ਨਹੀਂ ਕਰ ਰਿਹਾ, ਸਗੋਂ ਸਿਰਫ਼ ਲੋਕਾਂ ਦੇ ਇਕ ਛੋਟੇ ਸਮੂਹ ਦੀ ਅਗਵਾਈ ਕਰਦਾ ਹੈ। ਇਹ ਲੋਕ ਬਾਹਰੋਂ ਆ ਕੇ ਨਿਊਜ਼ੀਲੈਂਡ ’ਚ ਵਸੇ ਲੋਕਾਂ ਦੀਆਂ ਧਾਰਮਿਕ ਰਸਮਾਂ ਦਾ ਅਕਸਰ ਹੀ ਵਿਰੋਧ ਕਰਦੇ ਰਹਿੰਦੇ ਹਨ।
ਉਨ੍ਹਾਂ ਕਿਹਾ ਕਿ ਨਿਉਜੀਲੈਂਡ ਵਰਗੇ ਦੇਸ਼ ਦੂਜੇ ਦੇਸ਼ਾਂ ਨੂੰ ਨੈਤਿਕ ਕਦਰਾਂ-ਕੀਮਤਾਂ ਦਾ ਪਾਠ ਪੜਾ ਰਹੇ ਹਨ, ਅਜਿਹੇ ਦੇਸ਼ਾਂ ਵਿਚ ਅਜਿਹੀਆਂ ਘਟਨਾਵਾਂ ਵਾਪਰਣੀਆਂ ਬੇਹੱਦ ਮੰਦਭਾਗੀਆਂ ਹਨ। ਇਨ੍ਹਾਂ ਘਟਨਾਵਾਂ ਨੂੰ ਰੋਕਿਆ ਜਾਣਾ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਪਿਛਲੇ ਸਾਲ ਵੀ ਇਨਾਂ ਲੋਕਾਂ ਨੇ ਨਿਉਜੀਲੈਂਡ ਵਿਚ ਇਕ ਮੰਦਰ ਦੀ ਉਸਾਰੀ ਦਾ ਡਟਵਾਂ ਵਿਰੋਧ ਕੀਤਾ ਸੀ। ਉਨ੍ਹਾਂ ਕਿਹਾ ਕਿ ਦੁਨੀਆ ਭਰ ਵਿਚ ਕਿਸੇ ਵੀ ਧਰਮ ਦੀਆਂ ਧਾਰਮਿਕ ਪ੍ਰਪਰਾਵਾਂ ਨੂੰ ਰੋਕਣਾ ਧਾਰਮਿਕ ਅਧਿਕਾਰਾਂ ਦੀ ਸਿੱਧੀ ਉਲੰਘਣਾ ਹੈ ਨਿਊਜ਼ੀਲੈਂਡ ਸਰਕਾਰ ਨੂੰ ਸਮਾਜ ਵਿੱਚ ਨਫ਼ਰਤੀ ਜ਼ਹਿਰ ਘੋਲਣ ਵਾਲੇ ਅਜਿਹੇ ਸ਼ਰਾਰਤੀ ਅਨਸਰਾਂ ਦੇ ਖ਼ਿਲਾਫ਼ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ।















