ਚੰਡੀਗੜ੍ਹ/ਜਲੰਧਰ-ਆਮ ਆਦਮੀ ਪਾਰਟੀ ਪੰਜਾਬ ਦੇ ਮੁੱਖ ਬੁਲਾਰੇ ਅਤੇ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਨੇ ਕਾਂਗਰਸ ’ਤੇ ਤਿੱਖਾ ਹਮਲਾ ਬੋਲਦਿਆਂ ਪਾਰਟੀ ਵੱਲੋਂ ਕੀਤੇ ਗਏ ਚੋਣ ਬਾਈਕਾਟ ਦੇ ਐਲਾਨ ਨੂੰ ਉਸ ਦੀ ਹਾਰ ਦਾ ਡਰ ਦੱਸਿਆ। ਧਾਲੀਵਾਲ ਨੇ ਕਿਹਾ ਕਿ ਪੰਜਾਬ ਦੀ ਰਾਜਨੀਤੀ ’ਚ ‘ਧੱਕੇਸ਼ਾਹੀ’ ਤੇ ‘ਵਿਸ਼ਵਾਸਘਾਤ’ ਦਾ ਇਤਿਹਾਸ ਜੇਕਰ ਕਿਸੇ ਨੇ ਲਿਖਿਆ ਹੈ ਤਾਂ ਉਹ ਕਾਂਗਰਸ ਨੇ ਲਿਖਿਆ ਹੈ ਅਤੇ ਅੱਜ ਇਹੀ ਪਾਰਟੀ ਨੈਤਿਕਤਾ ਦਾ ਪਾਠ ਪੜ੍ਹਾ ਰਹੀ ਹੈ।
ਧਾਲੀਵਾਲ ਨੇ ਕਾਂਗਰਸ ਨੂੰ ਚੁਣੌਤੀ ਦਿੱਤੀ ਕਿ ਉਹ ਅੰਮ੍ਰਿਤਸਰ ਦਿਹਾਤੀ ਦੇ ਕਿਸੇ ਵੀ ਇਲਾਕੇ ਤੋਂ ਧੱਕੇਸ਼ਾਹੀ ਦਾ ਇਕ ਵੀ ਸਬੂਤ ਜਨਤਾ ਦੇ ਸਾਹਮਣੇ ਲਿਆਵੇ। ਸੱਚਾਈ ਇਹ ਹੈ ਕਿ ਕਾਂਗਰਸ ਆਪਣੇ ਵਿਧਾਇਕ ’ਤੇ ਹੋਈ ਕਾਰਵਾਈ ਨੂੰ ਬਹਾਨਾ ਬਣਾ ਕੇ ਜਨਤਾ ਦਾ ਸਾਹਮਣਾ ਕਰਨ ਤੋਂ ਡਰ ਰਹੀ ਹੈ। ਧਾਲੀਵਾਲ ਨੇ ਕਾਂਗਰਸ ਦੇ ਇਸ ਇਲਜ਼ਾਮ ਨੂੰ ਸਿਰੇ ਤੋਂ ਖਾਰਿਜ ਕੀਤਾ ਕਿ ਚੋਣਾਂ ’ਚ ਧੱਕੇਸ਼ਾਹੀ ਹੋ ਰਹੀ ਹੈ। ਕਾਂਗਰਸ ਕਹਿੰਦੀ ਹੈ ਕਿ ਉਨ੍ਹਾਂ ਦੇ ਵਿਧਾਇਕ ਸਰਕਾਰੀਆ ’ਤੇ ਕਾਰਵਾਈ ਹੋਈ, ਇਸ ਲਈ ਉਹ ਚੋਣਾਂ ਨਹੀਂ ਲੜਨਗੇ। ਉਨ੍ਹਾਂ ਸਵਾਲ ਕੀਤਾ ਕਿ ਕਾਂਗਰਸ ਦੱਸੇ ਕਿ ਅੰਮ੍ਰਿਤਸਰ ਦਿਹਾਤੀ ਦੇ ਇਲਾਕਿਆਂ, ਬਾਬਾ ਬਕਾਲਾ, ਜੰਡਿਆਲਾ, ਮਜੀਠਾ, ਅਟਾਰੀ, ਅਜਨਾਲਾ ਵਿਚ ਕਿੱਥੇ ਧੱਕੇਸ਼ਾਹੀ ਹੋਈ? ਜੇਕਰ ਕਿਸੇ ਇਕ ਵੀ ਵਿਅਕਤੀ ਨਾਲ ਵੀ ਧੱਕਾ ਹੋਇਆ ਹੋਵੇ ਤਾਂ ਸਾਹਮਣੇ ਲਿਆਉਣ।















