ਨੋਟ ਨਹੀਂ ਮਨ ਬਦਲਣ ਨਾਲ ਹੋਵੇਗਾ ਭ੍ਰਿਸ਼ਟਾਚਾਰ ਖਤਮ: ਅਖਿਲੇਸ਼

4ਲਖਨਊ— ਉੱਤਰ-ਪ੍ਰਦੇਸ਼ ਦੇ ਮੁੱਖ ਮੰਤਰੀ ਅਖਿਲੇਸ਼ ਯਾਦਵ ਨੇ ਕੇਂਦਰ ਸਰਕਾਰ ਦੇ 500 ਅਤੇ 1000 ਦੇ ਨੋਟ ਬੰਦ ਕਰਨ ‘ਤੇ ਸਵਾਲ ਖੜ੍ਹਾ ਕਰਦੇ ਹੋਏ ਅੱਜ ਕਿਹਾ ਕਿ ਨੋਟ ਨਹੀਂ ਮਨ ਬਦਲਣ ਨਾਲ ਭ੍ਰਿਸ਼ਟਾਚਾਰ ਰੁੱਕੇਗਾ। ਅਖਿਲੇਸ਼ ਨੇ ਇਥੇ ਇਕ ਰੋਜ਼ਾਨਾ ਅਖਬਾਰ ਦੀ ਡਿਜ਼ੀਟਲ ਸੇਵਾ ਸ਼ੁਰੂ ਕਰਨ ਤੋਂ ਬਾਅਦ ਕਿਹਾ 500 ਅਤੇ 1000 ਦੇ ਨੋਟਾਂ ਨੂੰ ਬਦਲ ਦੇਣਾ ਕੋਈ ਹੱਲ ਨਹੀਂ ਹੈ। ਲੋਕ ਪਰੇਸ਼ਾਨ ਹਨ। ਨੋਟ ਬੰਦ ਹੋਣ ਨਾਲ ਹੋ ਰਹੀ ਪਰੇਸ਼ਾਨੀ ਦੀ ਕਲਪਨਾ ਨਹੀਂ ਕੀਤੀ ਜਾ ਸਕਦੀ। ਉਨ੍ਹਾਂ ਨੇ ਤਿੱਖਾ ਵਾਰ ਕੀਤਾ ਕਿ ਰਿਜ਼ਰਵ ਬੈਂਕ ਆਫ ਇੰਡੀਆ ਬਾਅਦ ‘ਚ ਇਹ ਵੀ ਦੱਸ ਸਕਦਾ ਹੈ ਕਿ ਪਾਕਿਸਤਾਨ ਤੋਂ ਕਿੰਨਾ ਪੈਸਾ ਆਇਆ। ਉਨ੍ਹਾਂ ਨੇ ਕਿਹਾ, ”ਪੁਰਾਣੇ ਬੰਦ ਕਰਕੇ ਨਵੇਂ ਨੋਟ ਲਿਆ ਦਿੱਤੇ ਗਏ। ਇਸ ਨਾਲ ਕੋਈ ਵੀ ਫਰਕ ਪੈਣ ਵਾਲਾ ਨਹੀਂ। ਜੋ ਪੁਰਾਣੇ ਨੋਟ ਛਾਪ ਸਕਦਾ ਹੈ, ਉਹ ਨਵੇਂ ਨੋਟ ਵੀ ਛਾਪ ਲਵੇਗਾ। ਆਦਤ ਕਿਵੇਂ ਛੁੱਟ ਸਕਦੀ ਹੈ। ਨੋਟ ਬਦਲਣ ਨਾਲ ਭ੍ਰਿਸ਼ਟਾਚਾਰ ਨਹੀਂ ਰੁੱਕੇਗਾ। ਜਦੋਂ ਤੱਕ ਅਸੀਂ-ਤੁਸੀਂ ਨਹੀਂ ਚਾਵਾਂਗੇ, ਭ੍ਰਿਸ਼ਟਾਚਾਰ ਰੁੱਕ ਨਹੀਂ ਸਕਦਾ।” ਔਰੈਯਾ ‘ਚ ਲੋਹੀਆ ਰਿਹਾਇਸ਼ ਦੇ ਵੰਡ ਸਮਾਰੋਹ ਦੀ ਇਕ ਘਟਨਾ ਦਾ ਜ਼ਿਕਰ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਉਥੇ ਉਨ੍ਹਾਂ ਨੂੰ ਇਸ ‘ਚ ਵਿਆਪਕ ਪੈਮਾਨੇ ‘ਤੇ ਧਾਂਧਲੀ ਅਤੇ ਪੈਸੇ ਲੈ ਕੇ ਵੰਡ ਦੀ ਸ਼ਿਕਾਇਤ ਮਿਲੀ। ਜ਼ਿਲਾ ਅਧਿਕਾਰੀ ਨੂੰ ਉਨ੍ਹਾਂ ਨੇ ਜਾਂਚ ਕਰਨ ਨੂੰ ਕਿਹਾ। ਸ਼ਿਕਾਇਤ ਵਰਕਰਾਂ ਨੂੰ ਕਹਿ ਦਿੱਤਾ ਕਿ ਰਿਸ਼ਵਤ ਲੈਣ ਅਤੇ ਦੇਣ ਵਾਲੇ ਦੋਹਾਂ ਨੂੰ ਬਰਾਬਰ ਜ਼ਿੰਮੇਵਾਰ ਮੰਨਿਆ ਜਾਂਦਾ ਹੈ। ਇਹ ਸੁਣਦੇ ਹੀ ਸ਼ਿਕਾਇਤ ਕਰਨ ਵਾਲੇ ਪਿੱਛੇ ਹਟ ਗਏ ਅਤੇ ਸ਼ਿਕਾਇਤ ਵਾਪਸ ਲੈ ਲਈ। ਭ੍ਰਿਸ਼ਟਾਚਾਰ ਖਤਮ ਕਰਨ ਦੇ ਲਈ ਮਨ ਸਾਫ ਕਰਨਾ ਹੋਵੇਗਾ।