ਬਠਿੰਡਾ: ਕਾਂਗਰਸ ਦੇ ਉਪ ਪ੍ਰਧਾਨ ਰਾਹੁਲ ਗਾਂਧੀ ਵੱਲੋਂ ਬੈਂਕਾਂ ਅੱਗੇ ਕਤਾਰਾਂ ਵਿੱਚ ਲੱਗੇ ਲੋਕਾਂ ਦੀ ਮਦਦ ਕਰਨ ਦੇ ਪਾਰਟੀ ਵਰਕਰਾਂ ਨੂੰ ਦਿੱਤੇ ਗਏ ਆਦੇਸ਼ ਤੋਂ ਬਾਅਦ ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਅੱਜ ਸਵੇਰੇ ਬਠਿੰਡਾ ਦੇ ਸਟੇਟ ਬੈਂਕ ਆਫ ਇੰਡੀਆ ਦੀ ਬਰਾਂਚ ਵਿੱਚ ਪਹੁੰਚੇ। ਕੈਪਟਨ ਨੇ ਇਸ ਦੌਰਾਨ ਬੈਂਕ ਅੱਗੇ ਲਾਈਨਾਂ ਵਿੱਚ ਖੜ੍ਹੇ ਲੋਕਾਂ ਨਾਲ ਗੱਲਬਾਤ ਕੀਤੀ ਤੇ ਉਨ੍ਹਾਂ ਦੀਆਂ ਦਿੱਕਤਾਂ ਸੁਣੀਆਂ। ਇਸ ਦੌਰਾਨ ਕੈਪਟਨ ਅਮਰਿੰਦਰ ਸਿੰਘ ਨੇ ਇੱਖ ਵਿਅਕਤੀ ਦੇ ਬੈਂਕ ਵਿੱਚੋਂ ਲਏ ਦੋ ਹਜ਼ਾਰ ਰੁਪਏ ਦਾ ਨਵਾਂ ਨੋਟ ਵੀ ਬਹੁਤ ਦੀ ਧਿਆਨ ਨਾਲ ਵੇਖਿਆ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਆਖਿਆ ਕਿ ਸਰਕਾਰ ਨੇ ਨੋਟਬੰਦੀ ਦਾ ਕੰਮ ਯੋਜਨਾ ਨਾਲ ਨਹੀਂ ਕੀਤਾ। ਇਸ ਨਾਲ ਲੋਕਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕੈਪਟਨ ਨੇ ਆਖਿਆ ਕਿ ਭਾਵੇਂ ਸਰਕਾਰ ਦਾ ਦਾਅਵਾ ਹੈ ਕਿ ਕੁਝ ਦਿਨਾਂ ਤੱਕ ਹਾਲਤ ਠੀਕ ਹੋ ਜਾਵੇਗੀ ਪਰ ਅਸਲੀਅਤ ਇਹ ਹੈ ਕਿ ਘੱਟੋ-ਘੱਟ ਛੇ ਮਹੀਨੇ ਤੱਕ ਲੋਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨ ਪਵੇਗਾ।
ਕੈਪਟਨ ਅਮਰਿੰਦਰ ਸਿੰਘ ਨੇ ਇਲਜ਼ਾਮ ਲਾਇਆ ਕਿ ਨੋਟਬੰਦੀ ਦਾ ਫੈਸਲਾ ਪਹਿਲਾਂ ਹੀ ਲੀਕ ਹੋ ਚੁੱਕਾ ਸੀ ਜਿਸ ਕਾਰਨ ਬੀਜੇਪੀ ਦੇ ਆਗੂਆਂ ਨੇ ਆਪਣੇ ਕਾਲੇ ਧਨ ਨੂੰ ਸਫੇਦ ਕਰ ਲਿਆ। ਉਨ੍ਹਾਂ ਸਵਾਲ ਕੀਤਾ ਕਿ 2014 ਵਿੱਚ ਯੂ.ਪੀ.ਏ. ਸਰਕਾਰ ਨੇ ਨੋਟਬੰਦੀ ਦਾ ਫੈਸਲਾ ਲਿਆ ਸੀ ਪਰ ਉਸ ਸਮੇਂ ਬੀਜੇਪੀ ਦੇ ਆਗੂ ਅਰੁਨ ਜੇਤਲੀ ਨੇ ਆਖਿਆ ਸੀ ਕਿ ਇਸ ਨਾਲ ਆਮ ਲੋਕਾਂ ਨੂੰ ਮਾਰ ਪਵੇਗੀ ਤੇ ਹੁਣ ਉਹ ਆਖ ਰਹੇ ਹਨ ਕਿ ਕਾਲਾ ਧਨ ਬਾਹਰ ਆਵੇਗਾ। ਉਨ੍ਹਾਂ ਆਖਿਆ ਮੋਦੀ ਸਰਕਾਰ ਦੇ ਨੋਟਬੰਦੀ ਦੇ ਫੈਸਲੇ ਕਾਰਨ ਸਭ ਤੋਂ ਵੱਧ ਮਾਰ ਆਮ ਆਦਮੀ ਨੂੰ ਪੈ ਰਹੀ ਹੈ।















