ਚੰਡੀਗੜ੍ਹ/ਜਲੰਧਰ – ਪੰਜਾਬ ਦੇ ਖਿਡਾਰੀਆਂ ਲਈ ਅਹਿਮ ਖ਼ਬਰ ਸਾਹਮਣੇ ਆਈ ਹੈ। ਦਰਅਸਲ ਪੰਜਾਬ ਮੰਤਰੀ ਮੰਡਲ ਨੇ ਜ਼ਿਲ੍ਹਿਆਂ ’ਚ ਖੇਡ ਮੈਡੀਕਲ ਸਹਾਇਤਾ ਪ੍ਰਣਾਲੀ ਨੂੰ ਮਜ਼ਬੂਤ ਕਰਨ ਲਈ ਪੰਜਾਬ ਸਪੋਰਟਸ ਮੈਡੀਕਲ ਕਾਡਰ ’ਚ ਗਰੁੱਪ-ਏ ਦੀਆਂ 14, ਗਰੁੱਪ-ਬੀ ਦੀਆਂ 16 ਅਤੇ ਗਰੁੱਪ-ਸੀ ਦੀਆਂ 80 ਅਸਾਮੀਆਂ ਭਰਨ ਨੂੰ ਵੀ ਪ੍ਰਵਾਨਗੀ ਦੇ ਦਿੱਤੀ ਹੈ।
ਇਹ ਫ਼ੈਸਲਾ ਖਿਡਾਰੀਆਂ ਨੂੰ ਸੱਟ ਵੱਜਣ ਦੀ ਸੂਰਤ ’ਚ ਛੇਤੀ ਰਿਕਵਰੀ ਨੂੰ ਯਕੀਨੀ ਬਣਾਉਣ ਅਤੇ ਖੇਡ ਪ੍ਰਦਰਸ਼ਨ ਨੂੰ ਬਿਹਤਰ ਬਣਾਉਣ ਦੇ ਨਾਲ-ਨਾਲ ਖੇਡਾਂ ਦੀ ਵਿਗਿਆਨਕ ਵਿਧੀ ਨਾਲ ਵਿਕਾਸ ਨੂੰ ਉਤਸ਼ਾਹਿਤ ਕਰਨ ਲਈ ਕੌਮੀ ਮਾਪਦੰਡਾਂ ਅਨੁਸਾਰ ਸਹਾਇਤਾ ਕਰੇਗਾ। ਇਨ੍ਹਾਂ ਪੇਸ਼ੇਵਰਾਂ ਨੂੰ ਪਟਿਆਲਾ, ਸੰਗਰੂਰ, ਬਠਿੰਡਾ, ਫ਼ਰੀਦਕੋਟ, ਫ਼ਾਜ਼ਿਲਕਾ, ਲੁਧਿਆਣਾ, ਅੰਮ੍ਰਿਤਸਰ, ਗੁਰਦਾਸਪੁਰ, ਜਲੰਧਰ, ਮੋਹਾਲੀ, ਰੋਪੜ ਅਤੇ ਹੁਸ਼ਿਆਰਪੁਰ ਵਰਗੇ ਪ੍ਰਮੁੱਖ ਖੇਡ ਜ਼ਿਲ੍ਹਿਆਂ ’ਚ ਤਾਇਨਾਤ ਕੀਤਾ ਜਾਵੇਗਾ, ਜਿੱਥੇ ਖਿਡਾਰੀਆਂ ਦੀ ਗਿਣਤੀ ਵਧੇਰੇ ਹੈ।
ਡੇਰਾਬੱਸੀ ’ਚ ਬਣੇਗਾ 100 ਬਿਸਤਰਿਆਂ ਵਾਲਾ ਈ. ਐੱਸ. ਆਈ. ਹਸਪਤਾਲ
ਡੇਰਾਬੱਸੀ ਤੇ ਨੇੜਲੇ ਖੇਤਰਾਂ ਦੀਆਂ ਫੈਕਟਰੀਆਂ ਤੇ ਉਦਯੋਗਿਕ ਇਕਾਈਆਂ ’ਚ ਕੰਮ ਕਰਨ ਵਾਲੇ ਕਰਮਚਾਰੀਆਂ ਨੂੰ ਬਿਹਤਰ ਸਿਹਤ ਸਹੂਲਤਾਂ ਦੇਣ ਲਈ ਮੰਤਰੀ ਮੰਡਲ ਨੇ ਡੇਰਾਬੱਸੀ ’ਚ 100 ਬਿਸਤਰਿਆਂ ਵਾਲਾ ਈ. ਐੱਸ. ਆਈ. ਹਸਪਤਾਲ ਸਥਾਪਤ ਕਰਨ ਲਈ ਲਗਭਗ ਚਾਰ ਏਕੜ ਜ਼ਮੀਨ ਲੀਜ਼ ’ਤੇ ਦੇਣ ਨੂੰ ਵੀ ਪ੍ਰਵਾਨਗੀ ਦੇ ਦਿੱਤੀ। ਇਸ ਸਮੇਂ ਡੇਰਾਬੱਸੀ ਅਤੇ ਨਾਲ ਲੱਗਦੇ ਉਦਯੋਗਿਕ ਜ਼ੋਨਾਂ ਦੇ ਕਰਮਚਾਰੀ ਲੁਧਿਆਣਾ, ਮੋਹਾਲੀ ਅਤੇ ਚੰਡੀਗੜ੍ਹ ਵਿਚ ਸਥਿਤ ਈ. ਐੱਸ. ਆਈ. ਸਹੂਲਤਾਂ ’ਤੇ ਨਿਰਭਰ ਕਰਦੇ ਹਨ। ਇਸ ਕਦਮ ਨਾਲ ਮੌਜੂਦਾ ਈ. ਐੱਸ. ਆਈ. ਹਸਪਤਾਲਾਂ ’ਤੇ ਮਰੀਜ਼ਾਂ ਦਾ ਬੋਝ ਘਟੇਗਾ ਅਤੇ ਪੰਜਾਬ ਦੇ ਉਦਯੋਗਿਕ ਇਲਾਕੇ ਵਿਚ ਸਨਅਤੀ ਭਲਾਈ ਅਤੇ ਸਮਾਜਿਕ ਸੁਰੱਖਿਆ ਨੂੰ ਉਤਸ਼ਾਹਿਤ ਕੀਤਾ ਜਾ ਸਕੇਗਾ।















