ਲੁਧਿਆਣਾ: ਨਾਬਾਲਗ ਮਤਰੇਈ ਧੀ ਦੇ ਨਾਲ ਗਲਤ ਹਰਕਤਾਂ ਕਰਨ ਦੇ ਦੋਸ਼ ਹੇਠ ਥਾਣਾ ਦਰੇਸੀ ਦੀ ਪੁਲਸ ਨੇ ਪਿਤਾ ਦੇ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਪੁਲਸ ਨੇ ਨਾਬਾਲਗ ਦੀ ਮਾਂ ਦੇ ਬਿਆਨਾਂ ‘ਤੇ ਅਮਿਤ ਕੁਮਾਰ ਨਾਂ ਦੇ ਵਿਅਕਤੀ ਨੂੰ ਨਾਮਜ਼ਦ ਕੀਤਾ ਹੈ। ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਨਾਬਾਲਗਾ ਦੀ ਮਾਂ ਨੇ ਦੱਸਿਆ ਕਿ ਉਸ ਦਾ ਦੂਜਾ ਵਿਆਹ ਅਮਿਤ ਕੁਮਾਰ ਦੇ ਨਾਲ ਹੋਇਆ ਸੀ। ਵਿਆਹ ਤੋਂ ਬਾਅਦ ਉਹ ਆਪਣੀ 14 ਸਾਲਾ ਧੀ ਦੇ ਨਾਲ ਉਸ ਦੇ ਘਰ ਵਿਚ ਰਹਿਣ ਲੱਗ ਪਈ।
ਕਈ ਦਿਨਾਂ ਤੋਂ ਉਸ ਦੀ ਧੀ ਪ੍ਰੇਸ਼ਾਨ ਲੱਗ ਰਹੀ ਸੀ। ਉਸ ਨੇ ਪੁੱਛਣ ‘ਤੇ ਦੱਸਿਆ ਕਿ ਜਦੋਂ ਤੁਸੀਂ ਕਿਸੇ ਕੰਮ ਵਿਚ ਰੁਝੇ ਹੁੰਦੇ ਹੋ ਤੇ ਉਹ ਘਰ ਵਿਚ ਇਕੱਲੀ ਹੁੰਦੀ ਹੈ ਤਾਂ ਉਸ ਦੇ ਪਿਤਾ ਉਸ ਦੀਆਂ ਗੱਲਾਂ ‘ਤੇ ਗਲਤ ਹਰਕਤਾਂ ਕਰਦੇ ਹਨ ਤੇ ਉਸ ਦੇ ਢਿੱਡ ਨੂੰ ਗਲਤ ਤਰੀਕੇ ਨਾਲ ਹੱਥ ਲਗਾਉਂਦਾ ਹੈ। ਵਿਰੋਧ ਕਰਨ ‘ਤੇ ਉਸ ਨੂੰ ਝਿੜਕਦਾ ਹੈ। ਜਦੋਂ ਉਸ ਨੇ ਆਪਣੇ ਪਤੀ ਤੋਂ ਇਸ ਸਬੰਧੀ ਗੱਲ ਕੀਤੀ ਤਾਂ ਉਸ ਦੇ ਪਤੀ ਨੇ ਉਸ ਨੂੰ ਗਾਲ੍ਹਾ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣੀਆਂ ਵੀ ਸ਼ੁਰੂ ਕਰ ਦਿੱਤੀਆਂ, ਜਿਸ ਕਾਰਨ ਉਸ ਦਾ ਘਰ ਛੱਡ ਕੇ ਆਪਣੀ ਧੀ ਨੂੰ ਲੈ ਕੇ ਪੇਕੇ ਵਾਪਸ ਚਲੀ ਗਈ।
ਜਾਂਚ ਅਧਿਕਾਰੀ ਏ. ਐੱਸ. ਆਈ. ਸੰਤੋਖ ਸਿੰਘ ਨੇ ਦੱਸਿਆ ਕਿ ਮਾਮਲੇ ਨੂੰ ਲੈ ਕੇ ਕਾਰਵਾਈ ਕੀਤੀ ਜਾ ਰਹੀ ਹੈ। ਜਾਂਚ ਤੋਂ ਬਾਅਦ ਹੀ ਉਕਤ ਮੁਲਜ਼ਮ ਦੇ ਖ਼ਿਲਾਫ਼ ਪੋਕਸੋ ਐਕਟ ਤੇ ਹੋਰ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਮੁਲਜ਼ਮ ਦੀ ਭਾਲ ਕੀਤੀ ਜਾ ਰਹੀ ਹੈ ਤੇ ਉਸ ਨੂੰ ਛੇਤੀ ਹੀ ਕਾਬੂ ਕਰ ਲਿਆ ਜਾਵੇਗਾ।















