ਓਟਾਵਾ : ਕੈਨੇਡਾ ਦੀ ਸੰਘੀ ਸਰਕਾਰ ਹਵਾਈ ਸਫਰ ਨੂੰ ਸਸਤਾ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਕੁਝ ਸੁਧਾਰ ਕਰਕੇ ਛੇਤੀ ਹੀ ਕੈਨੇਡਾ ਵਾਸੀਆਂ ਦੇ ਹਵਾਈ ਸਫਰ ਨੂੰ ਸੁਖਾਲਾ ਬਣਾਇਆ ਜਾ ਰਿਹਾ ਹੈ। ਇਸ ਲਈ ਸਰਕਾਰ ਜ਼ਿਆਦਾ ਤੋਂ ਜ਼ਿਆਦਾ ਏਅਰਲਾਈਨਾਂ ਵਿਚ ਸਿਹਤਮੰਦ ਮੁਕਾਬਲੇ ਨੂੰ ਹੱਲਾਸ਼ੇਰੀ ਦੇਣਗੀਆਂ। ਇਸ ਤੋਂ ਇਲਾਵਾ ਏਅਰ ਪੋਰਟ ‘ਤੇ ਸਕਿਓਰਿਟੀ ਚੈੱਕ ਪੁਆਇਟਜ਼ ‘ਤੇ ਪਛੜੇ ਕੰਮ ਨੂੰ ਖਤਮ ਕੀਤਾ ਜਾਵੇਗਾ। ਟਰਾਂਸਪੋਰਟ ਮੰਤਰੀ ਮਾਰਕ ਗਾਰਨਿਊ ਨੇ ਵੀਰਵਾਰ ਨੂੰ ਐਲਾਨ ਕੀਤਾ ਕਿ ਓਟਾਵਾ ਵਿਦੇਸ਼ੀ ਕੰਪਨੀਆਂ ਨੂੰ ਕੈਨੇਡੀਅਨ ਏਅਰਲਾਈਨਜ਼ ਵਿਚ ਵੱਡੀ ਹਿੱਸੇਦਾਰੀ ਪਾਉਣ ਦੀ ਆਗਿਆ ਦੇਵੇਗਾ। ਇਸ ਨਾਲ ਕੈਨੇਡੀਅਨਾਂ ਲਈ ਹਵਾਈ ਸਫਰ ਸਸਤਾ ਹੋ ਜਾਵੇਗਾ। ਵਿਦੇਸ਼ੀ ਕੰਪਨੀ ਕਿਸੇ ਵੀ ਕੈਨੇਡੀਅਨ ਏਅਰਲਾਈਨ ਵਿਚ 49 ਫੀਸਦੀ ਹਿੱਸੇਦਾਰੀ ਹਾਸਲ ਕਰਨ ਦੇ ਸਮਰੱਥ ਹੋ ਸਕਣਗੀਆਂ। ਇਸ ਸਮੇਂ ਵਿਦੇਸ਼ੀ ਕੰਪਨੀਆਂ ਕੈਨੇਡੀਅਨ ਏਅਰਲਾਈਨਜ਼ ਵਿਚ ਸਿਰਫ 25 ਫੀਸਦੀ ਹਿੱਸੇਦਾਰੀ ਹੀ ਹਾਸਲ ਕਰ ਸਕਦੀਆਂ ਹਨ। ਗਾਰਨਿਊ ਨੇ ਕਿਹਾ ਕਿ ਪੈਸੰਜਰ ਏਅਰਲਾਈਨ ਇੰਡਸਟਰੀ ਵਿਚ ਨਿਯਮਾਂ ‘ਚ ਤਬਦੀਲੀ ਕਰਕੇ ਘੱਟ ਕਿਰਾਏ ਦੀ ਸ਼ਰਤ ਰੱਖ ਕੇ ਮੁਕਾਬਲੇਬਾਜ਼ੀ ਨੂੰ ਬੜ੍ਹਾਵਾ ਦੇਣਗੇ। ਗਾਰਨਿਊ ਨੇ ਏਅਰ ਪੋਰਟਾਂ ‘ਤੇ ਸਕਿਓਰਿਟੀ ਜਾਂਚ ਲਈ ਯਾਤਰੀਆਂ ਦੀਆਂ ਲੱਗਣ ਵਾਲੀਆਂ ਲੰਬੀਆਂ ਲਾਈਨਾਂ ਨੂੰ ਵੀ ਵੱਡੀ ਸਮੱਸਿਆ ਦੱਸਿਆ ਹੈ। ਗਾਰਨਿਊ ਨੇ ਇਸ ਮੌਕੇ ਲੰਡਨ ਦੇ ਹੀਥਰੋ ਏਅਰਪੋਰਟ ਦੀ ਵੀ ਉਦਾਹਰਨ ਦਿੱਤੀ ਅਤੇ ਕਿਹਾ ਕਿ ਇੱਥੇ ਯਾਤਰੀ ਸਿਰਫ 10 ਮਿੰਟਾਂ ਵਿਚ ਸਕਿਓਰਿਟੀ ਜਾਂਚ ਕਰਵਾ ਕੇ ਅੱਗੇ ਵਧ ਜਾਂਦੇ ਹਨ ਪਰ ਕੈਨੇਡਾਂ ਦੇ ਏਅਰਪੋਰਟਾਂ ‘ਤੇ ਲੰਬਾਂ ਇੰਤਜ਼ਾਰ ਕਰਨਾ ਪੈਂਦਾ ਹੈ। ਗਾਰਨਿਊ ਨੇ ਯਾਤਰੀਆਂ ਨੂੰ ਕੈਨੇਡਾ ਦੇ ਅੰਦਰ ਸਫਰ ਕਰਨ ਲਈ ਵਧੇਰੇ ਕੀਮਤ ਚੁਕਾਏ ਜਾਣ ਦਾ ਮੁੱਦਾ ਚੁੱਕਿਆ ਅਤੇ ਹਵਾਈ ਸਫਰ ਨੂੰ ਸਸਤਾ ਕਰਨ ਦਾ ਭਰੋਸਾ ਦਿਵਾਇਆ।














