ਜਲੰਧਰ –ਸਰਕਾਰੀ ਬੱਸਾਂ ‘ਚ ਸਫ਼ਰ ਕਰਨ ਵਾਲਿਆਂ ਲਈ ਅਹਿਮ ਖ਼ਬਰ ਸਾਹਮਣੇ ਆਈ ਹੈ। ਪਨਬੱਸ-ਪੀ. ਆਰ. ਟੀ. ਸੀ. ਠੇਕਾ ਯੂਨੀਅਨ ਦੀ ਹੜਤਾਲ ਦੇ ਪਹਿਲੇ ਦਿਨ ਵੀਰਵਾਰ ਯਾਤਰੀਆਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਉਥੇ ਹੀ ਵਿਭਾਗ ਨੂੰ 3 ਕਰੋੜ ਤੋਂ ਵੱਧ ਦਾ ਟਰਾਂਜੈਕਸ਼ਨ ਲਾਸ ਉਠਾਉਣਾ ਪਿਆ। ਮੀਂਹ ਵਿਚਕਾਰ ਹੋ ਰਹੀ ਇਸ ਹੜਤਾਲ ਕਾਰਨ 7800 ਤੋਂ ਵੱਧ ਕਰਮਚਾਰੀ ਹੜਤਾਲ ’ਤੇ ਰਹੇ, ਜਿਸ ਨਾਲ 3000 ਦੇ ਲਗਭਗ ਸਰਕਾਰੀ ਬੱਸਾਂ ਦਾ ਚੱਕਾ ਜਾਮ ਰਿਹਾ।
ਉਥੇ ਹੀ ਯੂਨੀਅਨ ਵੱਲੋਂ 15 ਅਗਸਤ ਨੂੰ ਵੀ ਬੱਸਾਂ ਦੀ ਆਵਾਜਾਈ ਬੰਦ ਰੱਖਣ ਦੀ ਗੱਲ ਕਹੀ ਗਈ ਹੈ ਅਤੇ ਆਜ਼ਾਦੀ ਦੇ ਸੂਬਾ ਪੱਧਰੀ ਪ੍ਰੋਗਰਾਮ ਵਿਚ ਵਿਰੋਧ ਪ੍ਰਦਰਸ਼ਨ ਕਰਨ ਦੀ ਚਿਤਾਵਨੀ ਦਿੱਤੀ ਗਈ ਹੈ। ਅੱਜ ਵੀ ਸਰਕਾਰੀ ਬੱਸਾਂ ਪੰਜਾਬ ਵਿਚ ਬੰਦ ਰਹਿਣਗੀਆਂ। ਉਥੇ ਹੀ ਯੂਨੀਅਨ ਦਾ ਕਹਿਣਾ ਹੈ ਕਿ ਕੱਲ੍ਹ ਹੋਣ ਵਾਲੀ ਮੀਟਿੰਗ ਵਿਚ ਅਗਲਾ ਫ਼ੈਸਲਾ ਲਿਆ ਜਾਵੇਗਾ ਅਤੇ ਹੜਤਾਲ ਅੱਗੇ ਵੀ ਵਧਾਈ ਜਾ ਸਕਦੀ ਹੈ।
ਉਥੇ ਹੀ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਦੇ ਬੱਸ ਅੱਡਿਆਂ ਤੋਂ ਚੱਲਣ ਵਾਲੀਆਂ ਸਰਕਾਰੀ ਬੱਸਾਂ ਦੇ 3500 ਤੋਂ ਵੱਧ ਟਾਈਮ ਮਿਸ ਹੋਏ ਅਤੇ ਯਾਤਰੀ ਆਪਣੇ ਰੂਟ ਦੀਆਂ ਬੱਸਾਂ ਲਈ ਇਧਰ-ਉਧਰ ਭਟਕਦੇ ਰਹੇ। ਪੰਜਾਬ ਅੰਦਰ ਲਈ ਪ੍ਰਾਈਵੇਟ ਬੱਸਾਂ ਵਿਚ ਜਾਣ ਵਾਲੇ ਯਾਤਰੀਆਂ ਨੂੰ ਦਿੱਕਤਾਂ ਉਠਾਉਣੀਆਂ ਪਈਆਂ ਕਿਉਂਕਿ ਬੱਸਾਂ ਵਿਚ ਭੀੜ ਬੇਹੱਦ ਵਧੇਰੇ ਰਹੀ। ਉਥੇ ਹੀ ਪੰਜਾਬ ਤੋਂ ਬਾਹਰ ਜਾਣ ਵਾਲੇ ਯਾਤਰੀਆਂ ਨੂੰ ਦੂਜੇ ਸੂਬਿਆਂ ਦੀਆਂ ਬੱਸਾਂ ’ਤੇ ਨਿਰਭਰ ਹੋਣਾ ਪਿਆ।
ਠੇਕਾ ਕਰਮਚਾਰੀਆਂ ਦੀ ਹੜਤਾਲ ਦੌਰਾਨ ਪੰਜਾਬ ਰੋਡਵੇਜ਼ ਦੇ ਪੱਕੇ ਕਰਮਚਾਰੀਆਂ ਵੱਲੋਂ ਸੂਬੇ ਭਰ ਵਿਚ 100 ਦੇ ਲਗਭਗ ਬੱਸਾਂ ਚਲਾਈਆਂ ਗਈਆਂ, ਜੋ ਕਿ ਕੁੱਲ ਬੱਸਾਂ ਦਾ 10 ਫ਼ੀਸਦੀ ਤੋਂ ਵੀ ਘੱਟ ਹੈ। ਉਥੇ ਹੀ, ਜਲੰਧਰ ਦੇ ਦੋਵਾਂ ਡਿਪੂਆਂ ਵੱਲੋਂ ਅੰਮ੍ਰਿਤਸਰ ਅਤੇ ਹੁਸ਼ਿਆਰਪੁਰ ਦੇ ਰੂਟਾਂ ’ਤੇ ਕੁਝ ਇਕ ਬੱਸਾਂ ਦੀ ਆਵਾਜਾਈ ਰਹੀ।
ਪੰਜਾਬ ਵਿਚ ਪਹਿਲਾਂ ਹੀ ਸਰਕਾਰੀ ਬੱਸਾਂ ਦੀ ਗਿਣਤੀ ਘੱਟ ਹੈ ਅਤੇ ਹੜਤਾਲ ਦੌਰਾਨ ਚੱਲੀਆਂ ਸਿਰਫ਼ 100 ਦੇ ਲੱਗਭਗ ਬੱਸਾਂ ਨਾਲ ਯਾਤਰੀਆਂ ਦੀਆਂ ਮੰਗਾਂ ਪੂਰੀਆਂ ਨਹੀਂ ਹੋ ਸਕੀਆਂ। ਹੜਤਾਲ ਕਾਰਨ ਕਈ ਕਾਊਂਟਰ ਲੰਮੇ ਸਮੇਂ ਤਕ ਖਾਲੀ ਦੇਖੇ ਗਏ। ਇਸ ਕਾਰਨ ਪ੍ਰਾਈਵੇਟ ਅਤੇ ਦੂਜੇ ਸੂਬਿਆਂ ਦੀਆਂ ਬੱਸਾਂ ਦੀ ਅੱਜ ਚਾਂਦੀ ਰਹੀ। ਪਨਬੱਸ ਅਤੇ ਪੀ. ਆਰ. ਟੀ. ਸੀ. ਠੇਕਾ ਕਰਮਚਾਰੀ ਯੂਨੀਅਨ ਦਾ ਦੋ-ਟੁੱਕ ਕਹਿਣਾ ਹੈ ਕਿ ਉਨ੍ਹਾਂ ਦੀਆਂ ਮੰਗਾਂ ਨੂੰ ਪੂਰਾ ਨਾ ਕੀਤਾ ਗਿਆ ਤਾਂ ਪ੍ਰਦਰਸ਼ਨ ਤੇਜ਼ ਹੋਵੇਗਾ। ਯੂਨੀਅਨ ਆਗੂਆਂ ਵੱਲੋਂ ਡਿਪੂ-2 ਅਤੇ ਡਿਪੂ-1 ਸਾਹਮਣੇ ਧਰਨਾ-ਪ੍ਰਦਰਸ਼ਨ ਕੀਤਾ ਗਿਆ ਅਤੇ ਸਰਕਾਰ ਦੀਆਂ ਨੀਤੀਆਂ ਦੀ ਆਲੋਚਨਾ ਕੀਤੀ ਗਈ। ਇਸ ਮੌਕੇ ਡਿਪੂ ਪ੍ਰਧਾਨ ਸਤਪਾਲ ਸਿੰਘ ਸੱਤਾ, ਚਾਨਣ ਸਿੰਘ ਤੇ ਬਿਕਰਮਜੀਤ ਸਿੰਘ ਬਿੱਕਾ ਨੇ ਕਿਹਾ ਕਿ ਸਰਕਾਰ ਦੀ ਮਨਮਾਨੀ ਨੂੰ ਕਿਸੇ ਵੀ ਸੂਰਤ ਵਿਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ।















