ਹਾਕੀ ਵਿੱਚ ਯਾਦਗਾਰੀ ਜਿੱਤ

sports-news-300x150-2ਭਾਰਤੀ ਹਾਕੀ ਟੀਮ ਦੀ ਕਿਸੇ ਵੱਡੇ ਟੂਰਨਾਮੈਂਟ ਵਿੱਚ ਜਿੱਤ ਖ਼ੁਸ਼ੀ ਤਾਂ ਬਖ਼ਸ਼ਦੀ ਹੈ, ਪਰ ਨਾਲ ਹੀ ਦੇਸ਼ ਵਿੱਚ ਹਾਕੀ ਦੇ ਭਵਿੱਖ ਸਬੰਧੀ ਬਹੁਤੀਆਂ ਆਸਾਂ-ਉਮੀਦਾਂ ਪੈਦਾ ਨਹੀਂ ਕਰਦੀ। ਇਸ ਦੀ ਵਜ੍ਹਾ ਹੈ ਕਿ ਪਿਛਲੇ ਕਈ ਦਹਾਕਿਆਂ ਦੌਰਾਨ ਹਾਕੀ ਟੀਮਾਂ ਦੀ ਕਾਰਗੁਜ਼ਾਰੀ ਵਿੱਚ ਮਿਆਰ ਪੱਖੋਂ ਲਗਾਤਾਰਤਾ ਦੀ ਘਾਟ ਰਹੀ ਹੈ ਅਤੇ ਇੱਕ ਟੂਰਨਾਮੈਂਟ ਜਿੱਤਣ ਤੋਂ ਬਾਅਦ ਅਗਲੀ ਹੀ ਕਿਸੇ ਚੈਂਪੀਅਨਸ਼ਿਪ ਵਿੱਚ ਨੀਵਾਣਾਂ ਵੱਲ ਜਾਣ ਦਾ ਅਮਲ ਅਕਸਰ ਹੀ ਵਾਪਰਦਾ ਰਿਹਾ ਹੈ। ਅਜਿਹੇ ਵਰਤਾਰੇ ਦੇ ਬਾਵਜੂਦ ਐਤਵਾਰ ਨੂੰ ਏਸ਼ੀਅਨ ਚੈਂਪੀਅਨਜ਼ ਟਰਾਫ਼ੀ ਦੇ ਫ਼ਾਈਨਲ ਵਿੱਚ ਭਾਰਤੀ ਜਿੱਤ ਫ਼ਖ਼ਰਯੋਗ ਜਾਪਦੀ ਹੈ। ਇਸ ਟੂਰਨਾਮੈਂਟ ਵਿੱਚ ਭਾਰਤੀ ਟੀਮ ਦੇ ਪ੍ਰਦਰਸ਼ਨ ਦੀ ਖ਼ਾਸੀਅਤ ਇਹ ਰਹੀ ਕਿ ਇਹ ਇੱਕ ਵੀ ਮੈਚ ਨਹੀਂ ਹਾਰੀ ਅਤੇ ਦੁਸ਼ਵਾਰ ਹਾਲਾਤ ਵਿੱਚ ਵੀ ਇਸ ਨੇ ਜੁਝਾਰੂ ਜਜ਼ਬੇ ਦਾ ਪੱਲਾ ਨਹੀਂ ਛੱਡਿਆ। ਇਹ ਪਹਿਲੀ ਵਾਰ ਹੈ ਜਦੋਂ ਭਾਰਤੀ ਹਾਕੀ ਨਾਲ ਪਿਛਲੇ ਨੌਂ ਸਾਲਾਂ ਤੋਂ ਵੱਖ ਵੱਖ ਰੂਪ ਵਿੱਚ ਜੁੜੇ ਰਹੇ ਸਾਬਕਾ ਡੱਚ ਓਲੰਪੀਅਨ ਰੋਲੈਂਟ ਓਲਟਮੈਨਜ਼ ਨੇ ਆਪਣੇ ਚੇਲਿਆਂ-ਬਾਲਕਿਆਂ ਦੀ ਕਾਰਗੁਜ਼ਾਰੀ ਉੱਤੇ ਤਸੱਲੀ ਪ੍ਰਗਟਾਈ ਅਤੇ ਮੰਨਿਆ ਕਿ ਟੀਮ ਵਿੱਚ ਮਾਨਸਿਕ ਤੇ ਮਨੋਵਿਗਿਆਨਕ ਕਰੜਾਈ ਲਿਆਉਣ ਦੇ ਉਸ ਦੇ ਹੀਲੇ-ਉਪਰਾਲੇ ਹੁਣ ਰੰਗ ਦਿਖਾਉਣ ਲੱਗੇ ਹਨ। ਏਸ਼ੀਅਨ ਚੈਂਪੀਅਨਜ਼ ਟਰਾਫ਼ੀ ਦੇ ਫ਼ਾਈਨਲ ਵਿੱਚ ਭਾਰਤ ਨੇ ਪਾਕਿਸਤਾਨ ਨੂੰ 3-2 ਗੋਲਾਂ ਨਾਲ ਹਰਾਇਆ। ਪਹਿਲਾਂ ਲੀਗ ਪੱਧਰ ‘ਤੇ ਵੀ ਭਾਰਤ ਨੇ ਇਸੇ ਅੰਤਰ ਨਾਲ ਪਾਕਿਸਤਾਨ ਨੂੰ ਸ਼ਿਕਸਤ ਦਿੱਤੀ ਸੀ। ਇਨ੍ਹਾਂ ਦੋਵਾਂ ਟੀਮਾਂ ਦਰਮਿਆਨ ਮੁਕਾਬਲੇ ਜਿੱਥੇ ਹੁਨਰਮੰਦੀ ਪੱਖੋਂ ਸੰਘਰਸ਼ ਦਾ ਸਿਖ਼ਰ ਹੁੰਦੇ ਹਨ, ਉੱਥੇ ਜੁਝਾਰੂ ਭਾਵਨਾ ਪੱਖੋਂ ਵੀ ਇਹ ਚੋਟੀ ਦੀ ਟੱਕਰ ਹੁੰਦੇ ਹਨ। ਫ਼ਾਈਨਲ ਬਿਲਕੁਲ ਇਸੇ ਕਿਸਮ ਦਾ ਸੀ। ਭਾਰਤ ਨੇ 2-0 ਗੋਲਾਂ ਨਾਲ ਬਰਤਰੀ ਲੈ ਲਈ, ਪਰ ਪਾਕਿਸਤਾਨੀਆਂ ਨੇ ਜਵਾਬੀ ਦਬਾਅ ਬਣਾ ਕੇ ਇਹ ਲੀਡ ਬਰਾਬਰ ਕਰ ਦਿੱਤੀ। ਆਖ਼ਰੀ ਕੁਆਰਟਰ ਬੇਹੱਦ ਸੰਘਰਸ਼ਪੂਰਨ ਰਿਹਾ। ਮੈਚ ਦੇ ਖ਼ਾਤਮੇ ਤੋਂ 8 ਮਿੰਟ ਪਹਿਲਾਂ ਭਾਰਤ ਨੇ ਫ਼ਿਰ ਗੋਲ ਦਾਗ਼ ਦਿੱਤਾ ਜੋ ਕਿ ਜੇਤੂ ਗੋਲ ਸਾਬਤ ਹੋਇਆ। ਇਸ ਮੈਚ ਦਾ ਦਿਲਖਿਚਵਾਂ ਤੇ ਜ਼ਿਕਰਯੋਗ ਪੱਖ ਇਹ ਰਿਹਾ ਕਿ ਦੋਵੇਂ ਟੀਮਾਂ ਪੂਰੀ ਖੇਡ ਭਾਵਨਾ ਨਾਲ ਖੇਡੀਆਂ। ਜੇਤੂਆਂ ਨੇ ਅੰਧਰਾਸ਼ਟਰਵਾਦੀ ਇਸ਼ਾਰਿਆਂ ਤੇ ਨਾਅਰਿਆਂ ਤੋਂ ਗੁਰੇਜ਼ ਕੀਤਾ। ਹਾਰੀ ਹੋਈ ਟੀਮ ਨੇ ਵੀ ਬੇਲੋੜੇ ਰੋਹ ਜਾਂ ਨਮੋਸ਼ੀ ਦਾ ਮੁਜ਼ਾਹਰਾ ਕਰਨ ਦੀ ਥਾਂ ਆਪਣੀ ਹਾਰ ਨੂੰ ਸੁਹਜਮਈ ਢੰਗ ਨਾਲ ਪ੍ਰਵਾਨ ਕੀਤਾ। ਦੋਵਾਂ ਦੇਸ਼ਾਂ ਦਰਮਿਆਨ ਸਰਹੱਦ ਉੱਤੇ ਚੱਲ ਰਹੀ ਕਸ਼ੀਦਗੀ ਤੇ ਗੋਲੀਬਾਰੀ ਤੋਂ ਉਲਟ ਦੋਵੇਂ ਟੀਮਾਂ ਅਮਨ ਦੇ ਸਫ਼ੀਰਾਂ ਵਾਂਗ ਵਿੱਚਰੀਆਂ। ਅਜਿਹਾ ਵਿਵਹਾਰ ਸੱਚਮੁੱਚ ਹੀ ਇੱਕ ਸਾਕਾਰਾਤਮਕ ਮਿਸਾਲ ਸੀ ਜਿਸ ਨੂੰ ਮੇਜ਼ਬਾਨ ਮੁਲਕ ਮਲੇਸ਼ੀਆ ਦੇ ਹੁਕਮਰਾਨਾਂ ਤੇ ਆਮ ਲੋਕਾਂ ਨੇ ਖ਼ੂਬ ਸਲਾਹਿਆ। ਭਾਰਤੀ ਟੀਮ ਵੱਲੋਂ ਭਵਿੱਖ ਵਿੱਚ ਵੀ ਅਜਿਹਾ ਜਲੌਅ ਬਰਕਰਾਰ ਰੱਖਣ ਵਰਗੀ ਭਵਿੱਖਬਾਣੀ ਕਰਨ ਦੀ ਥਾਂ ਏਨਾ ਕੁ ਕਹਿਣਾ ਆਪਣੇ ਆਪ ਵਿੱਚ ਗ਼ਲਤ ਨਹੀਂ ਜਾਪਦਾ ਕਿ ਹਾਕੀ ਦੇ ਖੇਤਰ ਵਿੱਚ ਖੁਸ਼ਨਸੀਬੀ ਹੁਣ ਸਾਡੀ ਪਹੁੰਚ ਤੋਂ ਬਹੁਤੀ ਦੂਰ ਨਹੀਂ। ਪਹਿਲਾਂ ਰੀਓ ਓਲੰਪਿਕ ਵਿੱਚ ਭਾਰਤੀ ਟੀਮ ਭਾਵੇਂ ਕੁਆਰਟਰ ਫ਼ਾਈਨਲ ਪੱਧਰ ਤੋਂ ਅੱਗੇ ਨਹੀਂ ਸੀ ਜਾ ਸਕੀ, ਫ਼ਿਰ ਵੀ ਇਸ ਦੀ ਕਾਰਗੁਜ਼ਾਰੀ ਵਿੱਚ ਸੁਧਾਰ ਦੇਖਣ ਨੂੰ ਮਿਲਿਆ ਸੀ। ਹੁਣ ਏਸ਼ੀਅਨ ਚੈਂਪੀਅਨਜ਼ ਟਰਾਫ਼ੀ ਦੀ ਜਿੱਤ ਨੇ ਭਾਰਤੀ ਖਿਡਾਰੀਆਂ ਦਾ ਮਾਨਸਿਕ ਬੋਝ ਕੁਝ ਹਲਕਾ ਕਰ ਦਿੱਤਾ ਹੈ। ਇਹ ਤੱਥ ਉਨ੍ਹਾਂ ਅੰਦਰ ਇਕਮੁੱਠਤਾ ਤੇ ਇਕਸੁਰਤਾ ਨੂੰ ਮਜ਼ਬੂਤੀ ਬਖ਼ਸ਼ੇਗਾ। ਟੀਮ ਵਿੱਚ ਕੁਝ ਯੁਵਾ ਖਿਡਾਰੀਆਂ ਨੂੰ ਦਾਖ਼ਲਾ ਮਿਲਿਆ ਅਤੇ ਉਨ੍ਹਾਂ ਵਿੱਚੋਂ ਆਫ਼ਾਨ ਯੂਸੁਫ਼ ਤੇ ਨਿਕਿੱਨ ਥਿੰਮਈਆ ਨੇ ਆਪੋ-ਆਪਣੀ ਸਮਰੱਥਾ ਨਾਲੋਂ ਬਿਹਤਰ ਹਾਕੀ ਦਾ ਪ੍ਰਦਰਸ਼ਨ ਕੀਤਾ। ਗੋਲਕੀਪਰ-ਕਪਤਾਨ ਪੀ. ਆਰ. ਸ੍ਰੀਜੇਸ਼ ਦੇ ਫ਼ਾਈਨਲ ਤੋਂ ਪਹਿਲਾਂ ਜ਼ਖ਼ਮੀ ਹੋਣ ਕਾਰਨ ਫ਼ਾਈਨਲ ਖੇਡਣ ਵਾਲੇ ਆਕਾਸ਼ ਚਿਕਟੇ ਨੇ ਸ੍ਰੀਜੇਸ਼ ਦਾ ਢੁਕਵਾਂ ਬਦਲ ਹੋਣ ਦਾ ਪ੍ਰਭਾਵ ਪਕੇਰਾ ਕੀਤਾ। ਇੰਜ ਹੀ ਰਮਨਦੀਪ ਸਿੰਘ ਤੇ ਡਰੈਗ ਫ਼ਲਿੱਕਰ ਰੁਪਿੰਦਰ ਪਾਲ ਸਿੰਘ ਨੇ ਆਪੋ-ਆਪਣੀ ਯੋਗਤਾ ਤੇ ਸਮਰੱਥਾ ਦਾ ਬਿਹਤਰ ਮੁਜ਼ਾਹਰਾ ਕੀਤਾ। ਏਸ਼ੀਅਨ ਚੈਂਪੀਅਨਜ਼ ਟਰਾਫ਼ੀ ਦੇ ਅਜਿਹੇ ਹਾਸਿਲਾਂ ਦੇ ਬਾਵਜੂਦ ਅਜੇ ਸਹੀ ਮਾਅਨਿਆਂ ਵਿੱਚ ਜਸ਼ਨ ਮਨਾਉਣ ਦਾ ਵਕਤ ਨਹੀਂ ਆਇਆ। ਪਰ ਜਿਸ ਢੰਗ ਨਾਲ ਭਾਰਤੀ ਹਾਕੀ, ਸੁਧਾਰ ਦੀਆਂ ਝਲਕਾਂ ਪੇਸ਼ ਕਰਨ ਲੱਗੀ ਹੈ, ਉਸ ਤੋਂ ਇਹ ਉਮੀਦ ਜਾਗਣੀ ਸੁਭਾਵਿਕ ਹੈ ਕਿ ਜਸ਼ਨਾਂ ਦਾ ਸਮਾਂ ਹੁਣ ਭਾਰਤੀ ਪਹੁੰਚ ਤੋਂ ਬਹੁਤਾ ਬਾਹਰ ਵੀ ਨਹੀਂ ਰਿਹਾ।