ਨਵੀਂ ਦਿੱਲੀ : ਕ੍ਰਿਕਟਰ ਯੁਵਰਾਜ ਸਿੰਘ ਚਾਹੇ ਇਨ੍ਹੀਂ ਦਿਨੀਂ ਟੀਮ ਇੰਡੀਆ ਤੋਂ ਬਾਹਰ ਚਲ ਰਹੇ ਹਨ। ਪਰ ਫ਼ਿਰ ਵੀ ਮੈਦਾਨ ਅਤੇ ਕ੍ਰਿਕਟ ਦੀ ਦੁਨੀਆਂ ‘ਚ ਉਨ੍ਹਾਂ ਦੇ ਨਾਮ ਦਾ ਖੂਬ ਚਰਚਾ ਹੋ ਰਿਹਾ ਹੈ। ਗੇਂਦਬਾਜ਼ ਹੁਣ ਵੀ ਯੁਵਰਾਜ ਸਿੰਘ ਦਾ ਵਿਕਟ ਹਾਸਲ ਕਰਨ ਲਈ ਤਰਸ ਰਹੇ ਹਨ। ਯੁਵੀ ਨੇ ਦੀਵਾਲੀ ਤੋਂ ਇੱਕ ਦਿਨ ਪਹਿਲਾਂ ਦਿੱਲੀ ‘ਚ ਇੱਕ ਵਾਰ ਫ਼ਿਰ ਤੋਂ ਆਪਣੀ ਬਾਦਸ਼ਾਹਤ ਕਾਇਮ ਕਰ ਲਈ। ਯੁਵਰਾਜ ਸਿੰਘ ਨੇ ਆਪਣੇ ਪਹਿਲਾ ਦਰਜ ਕ੍ਰਿਕਟ ਦੇ ਸਭ ਤੋਂ ਵੱਡੇ ਸਕੋਰ ਨੂੰ ਹਾਸਲ ਕਰ ਆਪਣੇ ਫ਼ੈਨਸ ਨੂੰ ਦੀਵਾਲੀ ਦਾ ਬੰਪਰ ਗਿਫ਼ਟ ਦਿੱਤਾ। ਯੁਵਰਾਜ ਸਿੰਘ ਦੇ ਬੱਲੇ ਦੀ ਦਹਾੜ ਨੇ ਦਿੱਲੀ ‘ਚ ਪੰਜਾਬ ਟੀਮ ਦੇ ਵਿਰੋਧੀ ਗੇਂਦਬਾਜ਼ਾਂ ਨੂੰ ਤਾਂ ਪਰੇਸ਼ਾਨ ਕੀਤਾ ਹੀ ਨਾਲ ਹੀ ਟੀਮ ਇੰਡੀਆ ਦੇ ਸਿਲੈਕਟਰਸ ਨੂੰ ਵੀ ਸੋਚਣ ‘ਤੇ ਮਜਬੂਰ ਕਰ ਦਿੱਤਾ। ਦਿੱਲੀ ‘ਚ ਪੰਜਾਬ ਅਤੇ ਬੜੋਦਾ ਵਿੱਚਾਲੇ ਖੇਡੇ ਗਏ ਰਣਜੀ ਟਰਾਫ਼ੀ ਮੈਚ ‘ਚ ਯੁਵਰਾਜ ਸਿੰਘ ਨੇ ਦੋਹਰਾ ਸੈਂਕੜਾ ਠੋਕਿਆ। ਯੁਵਰਾਜ ਸਿੰਘ ਨੇ 260 ਰਨ ਦੀ ਪਾਰੀ ਖੇਡੀ। ਇਹ ਯੁਵਰਾਜ ਸਿੰਘ ਦਾ ਪਹਿਲਾ ਦਰਜਾ ਕ੍ਰਿਕਟ ਦਾ ਸਭ ਤੋਂ ਵੱਡਾ ਸਕੋਰ ਹੈ। ਇਸ ਤੋਂ ਪਹਿਲਾਂ ਯੁਵੀ ਦਾ ਬੈਸਟ ਸਕੋਰ 209 ਰਨ ਦਾ ਸੀ। ਯੁਵਰਾਜ ਸਿੰਘ ਨੇ 370 ਗੇਂਦਾਂ ‘ਤੇ 260 ਰਨ ਦੀ ਪਾਰੀ ਖੇਡੀ। ਯੁਵੀ ਦੀ ਪਾਰੀ ‘ਚ 26 ਚੌਕੇ ਅਤੇ 4 ਛੱਕੇ ਸ਼ਾਮਲ ਸਨ।












