ਜਲੰਧਰ – ਸ਼੍ਰੋਮਣੀ ਅਕਾਲੀ ਦਲ ਦੇ ਇਸਤਰੀ ਵਿੰਗ ਦੀ ਮੀਤ ਪ੍ਰਧਾਨ ਬੀਬੀ ਲਖਵਿੰਦਰ ਕੌਰ ਦੀ ਹਾਜ਼ਰੀ ਵਿਚ 2 ਦਰਜਨ ਮਹਿਲਾ ਆਗੂਆਂ ਨੇ ਅਕਾਲੀ ਦਲ ਤੋਂ ਅਸਤੀਫ਼ਾ ਦੇਣ ਦਾ ਐਲਾਨ ਕੀਤਾ। ਇਸ ਮੌਕੇ ਬੀਬੀ ਲਖਵਿੰਦਰ ਕੌਰ ਨੇ ਕਿਹਾ ਕਿ ਪਾਰਟੀ ਹਾਈ ਕਮਾਨ ਨੇ ਜ਼ਿਲ੍ਹਾ ਪ੍ਰਧਾਨ (ਸ਼ਹਿਰੀ) ਦੀ ਨਿਯੁਕਤੀ ਸਮੇਂ ਪਾਰਟੀ ਦੇ ਵਫ਼ਾਦਾਰ ਮਿਹਨਤੀ ਵਰਕਰਾਂ ਦੀਆਂ ਭਾਵਨਾਵਾਂ ਦੇ ਉਲਟ ਇਕਬਾਲ ਸਿੰਘ ਢੀਂਡਸਾ ਨੂੰ ਜ਼ਿਲ੍ਹਾ ਪ੍ਰਧਾਨ ਬਣਾ ਕੇ ਉਨ੍ਹਾਂ ਦੇ ਮਨੋਬਲ ਨੂੰ ਭਾਰੀ ਸੱਟ ਮਾਰੀ ਹੈ।
ਉਨ੍ਹਾਂ ਕਿਹਾ ਕਿ ਜਿਸ ਇਕਬਾਲ ਸਿੰਘ ਢੀਂਡਸਾ ਨੇ ਹਮੇਸ਼ਾ ਸ਼੍ਰੋਮਣੀ ਅਕਾਲੀ ਦਲ ਖ਼ਿਲਾਫ਼ ਸਾਰੀਆਂ ਚੋਣ ਲੜ ਕੇ ਪਿਛਲੇ ਸਮੇਂ ਵਿਚ ਪਾਰਟੀ ਦਾ ਕਾਫ਼ੀ ਨੁਕਸਾਨ ਕੀਤਾ ਅਤੇ ਨਾ ਹੀ ਹਲਕਾ ਸੈਂਟਰਲ ਦੇ ਵਰਕਰਾਂ ਨਾਲ ਰਾਬਤਾ ਬਣਾ ਕੇ ਪਾਰਟੀ ਲਈ ਕੋਈ ਵੀ ਕੰਮ ਕੀਤਾ, ਉਸ ਨੂੰ ਪਾਰਟੀ ਹਾਈ ਕਮਾਨ ਵੱਲੋਂ ਜ਼ਿਲ੍ਹਾ ਪ੍ਰਧਾਨ ਬਣਾਉਣਾ ਕਿਸੇ ਵੀ ਤਰ੍ਹਾਂ ਵਾਜਿਬ ਨਹੀਂ ਕਿਹਾ ਜਾ ਸਕਦਾ।
ਬੀਬੀ ਲਖਵਿੰਦਰ ਕੌਰ ਨੇ ਕਿਹਾ ਕਿ ਹਾਈ ਕਮਾਨ ਆਪਣੇ ਇਸ ਫ਼ੈਸਲੇ ’ਤੇ ਮੁੜ ਵਿਚਾਰ ਕਰੇ ਅਤੇ ਢੀਂਡਸਾ ਦੀਆਂ ਸਰਗਰਮੀਆਂ ਦੀ ਸਾਰੇ ਸ਼ਹਿਰ ਵਿਚੋਂ ਰਿਪੋਰਟ ਮੰਗਵਾ ਕੇ ਹੱਕ-ਸੱਚ ਦਾ ਨਿਤਾਰਾ ਕਰੇ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਤੋਂ ਅਸਤੀਫ਼ਾ ਦੇਣ ਵਾਲੀਆਂ ਮਹਿਲਾ ਆਗੂਆਂ ਵਿਚ ਬੀਬੀ ਸਤਨਾਮ ਕੌਰ ਕਮਲ ਵਿਹਾਰ, ਕੁਲਜੀਤ ਕੌਰ, ਤਜਿੰਦਰ ਕੌਰ, ਮਨਜੀਤ ਕੌਰ, ਪਰਮਿੰਦਰ ਕੌਰ, ਸਨੇਹ ਲਤਾ, ਸੰਗੀਤਾ ਰਾਣੀ, ਸ਼ਿਵਾਨੀ, ਊਸ਼ਾ ਰਾਣੀ, ਰੁਪਿੰਦਰ ਕੌਰ, ਜਸਬੀਰ ਕੌਰ, ਆਸ਼ਾ ਰਾਣੀ, ਨਰਿੰਦਰ ਕੌਰ, ਬਲਜੀਤ ਕੌਰ, ਸ਼ਰਨਜੀਤ ਕੌਰ, ਮਨਪ੍ਰੀਤ ਕੌਰ, ਅਰਚਨਾ ਚੌਧਰੀ ਅਤੇ ਮਨੀਸ਼ਾ ਰਾਣੀ ਸ਼ਾਮਲ ਹਨ।















