ਪਟਨਾ- ਰਾਸ਼ਟਰੀ ਜਨਤਾ ਦਲ (ਰਾਜਦ) ਦੇ ਨੇਤਾ ਤੇਜਸਵੀ ਯਾਦਵ ਦੇ ਭਾਸ਼ਣ ਦੌਰਾਨ ਇਕ ਡਰੋਨ ਸਟੇਜ ਨਾਲ ਟਕਰਾਅ ਗਿਆ ਪਰ ਉਨ੍ਹਾਂ ਤੁਰੰਤ ਝੁਕ ਕੇ ਆਪਣੇ ਆਪ ਨੂੰ ਬਚਾਅ ਲਿਆ। ਇਹ ਘਟਨਾ ਐਤਵਾਰ ਉਸ ਸਮੇਂ ਵਾਪਰੀ ਜਦੋਂ ਸਾਬਕਾ ਉਪ ਮੁੱਖ ਮੰਤਰੀ ਇੱਥੇ ਇਤਿਹਾਸਕ ਗਾਂਧੀ ਮੈਦਾਨ ’ਚ ‘ਵਕਫ਼ ਬਚਾਓ, ਸੰਵਿਧਾਨ ਬਚਾਓ’ ਰੈਲੀ ਨੂੰ ਸੰਬੋਧਨ ਕਰ ਰਹੇ ਸਨ।
ਪਟਨਾ ਦੇ ਪੁਲਸ ਸੁਪਰਡੈਂਟ (ਕੇਂਦਰੀ) ਦੀਕਸ਼ਾ ਨੇ ਕਿਹਾ ਕਿ ਅਸੀਂ ਘਟਨਾ ਦੀ ਜਾਂਚ ਕਰ ਰਹੇ ਹਾਂ। ਇਹ ਇਕ ਪਾਬੰਦੀਸ਼ੁਦਾ ਖੇਤਰ ਸੀ ਤੇ ਉੱਥੇ ਅਜਿਹੀ ਕੋਈ ਚੀਜ਼ ਨਹੀਂ ਆਉਣੀ ਚਾਹੀਦੀ ਸੀ। ਜਦੋਂ ਰੈਲੀ ਚੱਲ ਰਹੀ ਸੀ ਤਾਂ ਪੁਲਸ ਦੀ ਟੀਮ ਭੀੜ ਨੂੰ ਸੰਭਾਲਣ ’ਚ ਰੁੱਝੀ ਹੋਈ ਸੀ। ਮਾਮਲੇ ਦੀ ਯਕੀਨੀ ਤੌਰ ’ਤੇ ਚੰਗੀ ਤਰ੍ਹਾਂ ਜਾਂਚ ਕੀਤੀ ਜਾਵੇਗੀ।















