ਟਾਂਡਾ ਉੜਮੁੜ -ਪੰਜਾਬ ‘ਚ ਮੌਸਮ ਨੇ ਪੂਰੀ ਤਰ੍ਹਾਂ ਮਿਜਾਜ਼ ਬਦਲ ਲਿਆ ਹੈ। ਪਿਛਲੇ ਦੋ-ਤਿੰਨ ਦਿਨਾਂ ਤੋਂ ਲਗਾਤਾਰ ਰੁਕ-ਰੁਕ ਕੇ ਹੋ ਰਹੀ ਬਾਰਿਸ਼ ਨੇ ਜਿੱਥੇ ਮੌਸਮ ਨੂੰ ਸੁਹਾਵਣਾ ਕੀਤਾ ਹੈ। ਹੁਸ਼ਿਆਰਪੁਰ, ਜਲੰਧਰ ਸਮੇਤ ਕਈ ਜ਼ਿਲ੍ਹਿਆਂ ਵਿਚ ਹੋਈ ਬਾਰਿਸ਼ ਕਾਰਨ ਮੌਸਮ ਸੁਹਾਵਣਾ ਹੋ ਗਿਆ ਹੈ। ਹਾਲਾਂਕਿ ਮੌਸਮ ਵਿਭਾਗ ਨੇ ਭਾਰੀ ਬਾਰਿਸ਼ ਦਾ ਅਲਰਟ ਜਾਰੀ ਕਰਦੇ ਹੋਏ ਚਿਤਾਵਨੀ ਦਿੱਤੀ ਸੀ ਪਰ ਹਲਕੀ ਤੋਂ ਦਰਮਿਆਨੀ ਬਾਰਿਸ਼ ਦੇ ਕਾਰਨ ਲੋਕਾਂ ਨੂੰ ਅੱਤ ਦੀ ਗਰਮੀ ਤੋਂ ਰਾਹਤ ਮਿਲੀ ਹੈ, ਉੱਥੇ ਹੀ ਪੀ. ਐੱਸ. ਪੀ. ਸੀ. ਐੱਲ. ਬਿਜਲੀ ਵਿਭਾਗ ਪਾਵਰਕਾਮ ਨੂੰ ਵੀ ਵੱਡੀ ਰਾਹਤ ਮਿਲੀ ਹੈ ਕਿਉਂਕਿ ਲਗਾਤਾਰ ਗਰਮੀ ਵਧਣ ਕਾਰਨ ਬਿਜਲੀ ਦੀ ਮੰਗ ‘ਚ ਵੀ ਭਾਰੀ ਵਾਧਾ ਹੋਇਆ ਸੀ।
ਬਰਸਾਤ ਦੇ ਕਾਰਨ ਜਿੱਥੇ ਲੋਕਾਂ ਨੂੰ ਥੋੜ੍ਹੇ ਸਮੇਂ ਵਾਸਤੇ ਪ੍ਰਦੂਸ਼ਣ ਤੋਂ ਛੁਟਕਾਰਾ ਮਿਲਿਆ ਹੈ, ਉੱਥੇ ਹੀ ਬਾਰਿਸ਼ ਕਾਰਨ ਕੁਦਰਤ ਇਕ ਨਵੀਂ ਦਿੱਸ ਪ੍ਰਦਾਨ ਕਰ ਰਹੀ ਹੈ। ਜ਼ਿਕਰਯੋਗ ਹੈ ਕਿ ਕਿਸਾਨਾਂ ਵੱਲੋਂ ਹਾੜੀ ਸਾਉਣੀ ਦੀ ਪ੍ਰਮੁੱਖ ਝੋਨੇ ਦੀ ਫ਼ਸਲ ਦੇ ਇਨ੍ਹੀਂ ਦਿਨੀਂ ਲੁਆਈ ਅਤੇ ਬਿਜਾਈ ਕੀਤੀ ਜਾਂਦੀ ਹੈ ਅਤੇ ਝੋਨੇ ਦੀ ਬਿਜਾਈ ਦਾ ਕੰਮ ਹੁਣ ਲਗਭਗ ਮੁਕੰਮਲ ਹੋ ਚੁੱਕਾ ਹੈ ਅਤੇ ਹੁਣ ਬੀਜੀ ਗਈ ਫ਼ਸਲ ਨੂੰ ਵਧੇਰੇ ਪਾਣੀ ਦੀ ਲੋੜ ਹੈ ਅਤੇ ਕੁਦਰਤ ਵੱਲੋਂ ਇਹ ਲੋੜ ਹੁਣ ਪੂਰੀ ਕੀਤੀ ਜਾ ਰਹੀ ਹੈ।
ਉਥੇ ਹੀ ਦੂਜੇ ਪਾਸੇ ਗੱਲ੍ਹ ਕਰੀਏ ਤਾਂ ਬਰਸਾਤ ਦੇ ਮੌਸਮ ਨੂੰ ਲੈ ਕੇ ਸਿਵਲ ਸਰਜਨ ਹੁਸ਼ਿਆਰਪੁਰ ਡਾ. ਪਵਨ ਕੁਮਾਰ ਅਤੇ ਸੀਨੀਅਰ ਮੈਡੀਕਲ ਅਫ਼ਸਰ ਸਰਕਾਰੀ ਹਸਪਤਾਲ ਟਾਂਡਾ ਡਾ. ਕਰਨ ਕੁਮਾਰ ਸੈਣੀ ਕਹਿਣਾ ਹੈ ਕਿ ਹੁਣ ਬਰਸਾਤ ਦਾ ਮੌਸਮ ਲਗਭਗ ਸ਼ੁਰੂ ਹੋ ਚੁੱਕਾ ਹੈ, ਜਿਸ ਕਾਰਨ ਲੋਕਾਂ ਨੂੰ ਆਪਣੀ ਸਿਹਤ ਦਾ ਖ਼ਾਸ ਖਿਆਲ ਰੱਖਣਾ ਪਵੇਗਾ ਕਿਉਂਕਿ ਬਰਸਾਤ ਕਾਰਨ ਵੱਖ-ਵੱਖ ਬੀਮਾਰੀਆਂ ਵੀ ਲਗਾਤਾਰ ਫ਼ੈਲਦੀਆਂ ਹਨ। ਉਨ੍ਹਾਂ ਦੱਸਿਆ ਕਿ ਬੇਸ਼ੱਕ ਸਿਹਤ ਵਿਭਾਗ ਵੱਲੋਂ ਹਰ ਸ਼ੁੱਕਰਵਾਰ ਡਰਾਈ ਡੇਅ ਮਨਾਉਂਦੇ ਹੋਏ ਲੋਕਾਂ ਨੂੰ ਬਰਸਾਤ ‘ਚ ਹੋਣ ਵਾਲੀਆਂ ਬੀਮਾਰੀਆਂ ਪ੍ਰਤੀ ਜਾਗਰੂਕ ਕੀਤਾ ਜਾਂਦਾ ਹੈ ਪਰ ਇਨ੍ਹਾਂ ਬੀਮਾਰੀਆਂ ਦੇ ਰੋਕਥਾਮ ਲਈ ਲੋਕਾਂ ਨੂੰ ਸਿਹਤ ਵਿਭਾਗ ਦਾ ਸਹਿਯੋਗ ਕਰਨਾ ਪਵੇਗਾ। ਜ਼ਿਕਰਯੋਗ ਹੈ ਕਿ ਤਪਦੀ ਗਰਮੀ ਤੋਂ ਬਾਅਦ ਸ਼ੁਰੂ ਹੋਇਆ ਬਰਸਾਤ ਦਾ ਮੌਸਮ ਧਾਰਮਿਕ ਅਤੇ ਰੂਹਾਨੀਅਤ ਪੱਖੋਂ ਵੀ ਵਿਸ਼ੇਸ਼ ਸਥਾਨ ਰੱਖਦਾ ਹੈ।
ਮੌਸਮ ਵਿਭਾਗ ਵਲੋਂ ਅੱਜ ਲਈ ਭਾਰੀ ਤੋਂ ਭਾਰੀ ਮੀਂਹ ਦਾ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਵਿਭਾਗ ਮੁਤਾਬਕ ਅੱਜ ਸੰਗਰੂਰ, ਰੂਪਨਗਰ ਅਤੇ ਪਟਿਆਲਾ ‘ਚ ਭਾਰੀ ਮੀਂਹ ਦੇ ਨਾਲ ਬਿਜਲੀ ਚਮਕਣ ਦਾ ਅਲਰਟ ਜਾਰੀ ਕੀਤਾ ਗਿਆ ਹੈ। ਇਸ ਦੇ ਨਾਲ ਹੀ ਪਠਾਨਕੋਟ, ਗੁਰਦਾਸਪੁਰ, ਹੁਸ਼ਿਆਰਪੁਰ, ਨਵਾਂਸ਼ਹਿਰ, ਲੁਧਿਆਣਾ, ਸੰਗਰੂਰ, ਮਲੇਰਕੋਟਲਾ, ਫਤਿਹਗੜ੍ਹ ਸਾਹਿਬ, ਰੂਪਨਗਰ, ਤਰਨਤਾਰਨ ਅਤੇ ਮੋਗਾ ‘ਚ ਮੀਂਹ ਪੈਣ ਦੀ ਸੰਭਾਵਨਾ ਜਤਾਈ ਗਈ ਹੈ। ਇਸ ਤੋਂ ਇਲਾਵਾ 1 ਅਤੇ 3 ਜੁਲਾਈ ਨੂੰ ਵੀ ਸੂਬੇ ਦੇ ਕਈ ਜ਼ਿਲ੍ਹਿਆਂ ‘ਚ ਮੀਂਹ ਪੈਣ ਦਾ ਅਲਰਟ ਮੌਸਮ ਵਿਭਾਗ ਵਲੋਂ ਜਾਰੀ ਕੀਤਾ ਗਿਆ ਹੈ।















