ਅਹਿਮਦਾਬਾਦ ‘ਚ ਕ੍ਰੈਸ਼ ਹੋਏ ਏਅਰ ਇੰਡੀਆ ਦੇ ਜਹਾਜ਼ ਦਾ ਖੁੱਲ੍ਹ ਗਿਆ Black Box

ਨੈਸ਼ਨਲ ਡੈਸਕ- ਬੀਤੀ 12 ਜੂਨ ਨੂੰ ਅਹਿਮਦਾਬਾਦ ਤੋਂ ਲੰਡਨ ਜਾਣ ਵਾਲੀ ਏਅਰ ਇੰਡੀਆ ਦੀ ਫਲਾਈਟ ਨੰਬਰ ਏ.ਆਈ.171 ਉਡਾਣ ਭਰਨ ਦੇ ਕੁਝ ਮਿੰਟਾਂ ਬਾਅਦ ਹੀ ਕ੍ਰੈਸ਼ ਹੋ ਗਈ ਸੀ, ਜਿਸ ਕਾਰਨ 275 ਤੋਂ ਵੱਧ ਲੋਕਾਂ ਦੀ ਜਾਨ ਚਲੀ ਗਈ ਸੀ। ਇਸ ਹਾਦਸੇ ਦੀ ਜਾਂਚ ਤੇਜ਼ੀ ਨਾਲ ਜਾਰੀ ਹੈ ਤੇ ਇਸ ਦਾ ਬਲੈਕ-ਬਾਕਸ, ਜੋ ਕਿ ਕ੍ਰੈਸ਼ ਸਾਈਟ (ਮੈਡੀਕਲ ਹੋਸਟਲ) ਦੀ ਛੱਤ ਤੋਂ ਮਿਲਿਆ ਸੀ, ਦੀ ਵੀ ਜਾਂਚ ਤੇਜ਼ੀ ਨਾਲ ਕੀਤੀ ਜਾ ਰਹੀ ਹੈ।
ਜ਼ਿਕਰਯੋਗ ਹੈ ਕਿ ਇੰਟਰਨੈਸ਼ਨਲ ਸਿਵਲ ਏਵੀਏਸ਼ਨ ਆਰਗੇਨਾਈਜ਼ੇਸ਼ਨ (ICAO), ਸ਼ਿਕਾਗੋ ਕਨਵੈਂਸ਼ਨ 1944 ਦੇ ਤਹਿਤ ਜਹਾਜ਼ ਹਾਦਸਿਆਂ ਦੀ ਜਾਂਚ ਲਈ ਏਅਰਕ੍ਰਾਫਟ ਐਕਸੀਡੈਂਟਸ ਇਨਵੈਸਟੀਗੇਸ਼ਨ ਬਿਊਰੋ ਦੀ ਸਥਾਪਨਾ ਕੀਤੀ ਗਈ ਸੀ, ਜਿਸ ਤਹਿਤ ਅਹਿਮਦਾਬਾਦ ਪਲੇਨ ਕ੍ਰੈਸ਼ ਦੀ ਜਾਂਚ ਵੀ AAIB ਕਰ ਰਹੀ ਹੈ।
ਇਸ ਹਾਦਸੇ ਮਗਰੋਂ ਜਹਾਜ਼ ਦੇ ਫਰੰਟ ਬਲੈਕ ਬਾਕਸ ਨੂੰ ਖੋਲ੍ਹ ਕੇ ਇਸ ‘ਚੋਂ ਕ੍ਰੈਸ਼ ਪ੍ਰੋਟੈਕਸ਼ਨ ਮਾਡਿਊਲ (ਸੀ.ਪੀ.ਐੱਮ.) ਨੂੰ 24 ਜੂਨ ਨੂੰ ਸੁਰੱਖਿਅਤ ਕੱਢ ਲਿਆ ਗਿਆ ਸੀ, ਜਦਕਿ ਇਸ ਦੇ ਮੈਮਰੀ ਮਾਡੀਊਲ ਨੂੰ 25 ਜੂਨ ਨੂੰ ਅਕਸੈੱਸ ਕੀਤਾ ਗਿਆ। ਇਸ ਮਗਰੋਂ ਇਸ ਵਿਚਲੇ ਡਾਟਾ ਨੂੰ ਏਅਰਕ੍ਰਾਫਟ ਐਕਸੀਡੈਂਟ ਇਨਵੈਸਟੀਗੇਸ਼ਨ ਬਿਊਰੋ (AAIB) ਦੀ ਲੈਬ ‘ਚ ਡਾਊਨਲੋਡ ਕੀਤਾ ਗਿਆ।
ਇਸ ਤੋਂ ਇਲਾਵਾ ਇਸ ਦੇ ਸੀ.ਵੀ.ਆਰ. (ਕੌਕਪਿਟ ਵਾਇਸ ਰਿਕਾਰਡਰ) ਤੇ ਐੱਫ਼.ਡੀ.ਆਰ. (ਫਲਾਈਟ ਡੇਟਾ ਰਿਕਾਰਡਰ) ਨੂੰ ਵੀ ਐਨਾਲਾਈਜ਼ ਕੀਤਾ ਜਾ ਰਿਹਾ ਹੈ। ਇਨ੍ਹਾਂ ਸਾਰੀਆਂ ਜਾਣਕਾਰੀਆਂ ਦੇ ਆਧਾਰ ‘ਤੇ ਉਡਾਣ ਤੋਂ ਲੈ ਕੇ ਕ੍ਰੈਸ਼ ਹੋਣ ਤੱਕ ਦੀਆਂ ਸਾਰੀਆਂ ਘਟਨਾਵਾਂ ਨੂੰ ਤਰਤੀਬਵਾਰ ਜੋੜ ਕੇ ਜਹਾਜ਼ ਹਾਦਸੇ ਦੇ ਕਾਰਨ ਦਾ ਪਤਾ ਲਗਾਇਆ ਜਾਵੇਗਾ ਤੇ ਅਜਿਹੇ ਹਾਦਸਿਆਂ ਨੂੰ ਭਵਿੱਖ ‘ਚ ਹੋਣ ਤੋਂ ਰੋਕਣ ਲਈ ਹੋਰ ਕਦਮ ਉਠਾਏ ਜਾਣਗੇ।