ਡਰੋਨ ਤੇ ਮਿਜ਼ਾਈਲਾਂ ਸਮੇਤ ਫੌਜ ਨੂੰ ਮਿਲਣਗੇ ਘਾਤਕ ਹਥਿਆਰ

ਨਵੀਂ ਦਿੱਲੀ- ਰੱਖਿਆ ਮੰਤਰਾਲਾ ਨੇ ਸਰਹੱਦ ਪਾਰ ਅੱਤਵਾਦ ਦਾ ਮੁਕਾਬਲਾ ਕਰਨ ਲਈ ਭਾਰਤੀ ਫੌਜ ਦੀ ਸਰਗਰਮ ਤਿਆਰੀ ਨੂੰ ਵਧਾਉਣ ਲਈ ਐਮਰਜੈਂਸੀ ਖਰੀਦ ਅਧੀਨ 1980 ਕਰੋੜ ਰੁਪਏ ਦੇ 13 ਸਮਝੌਤਿਆਂ ’ਤੇ ਹਸਤਾਖਰ ਕੀਤੇ ਹਨ। ਅਧਿਕਾਰੀਆਂ ਨੇ ਮੰਗਲਵਾਰ ਕਿਹਾ ਕਿ ਖਰੀਦ ਪ੍ਰੋਗਰਾਮ ਰਾਹੀਂ ਫੌਜ ਦੀ ਏਕੀਕ੍ਰਿਤ ਡਰੋਨ ਪਛਾਣ ਤੇ ਸਮਰੱਥਾ ਪ੍ਰਣਾਲੀ ਨੂੰ ਅਪਗ੍ਰੇਡ ਕੀਤਾ ਜਾ ਰਿਹਾ ਹੈ। ਭਾਰਤ ਜੰਮੂ-ਕਸ਼ਮੀਰ ’ਚ ਪਾਕਿ ਸਪਾਂਸਰ ਅੱਤਵਾਦ ਦਾ ਮੁਕਾਬਲਾ ਕਰਨ ਲਈ ਆਪਣੀ ਫੌਜ ਦੀ ਅੱਤਵਾਦ ਵਿਰੋਧੀ ਰਣਨੀਤੀ ਨੂੰ ਮਜ਼ਬੂਤ ​​ਕਰ ਰਿਹਾ ਹੈ। ਪਹਿਲਗਾਮ ’ਚ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ ਨੇ 7 ਮਈ ਨੂੰ ਪਾਕਿ ਤੇ ਪਾਕਿਸਤਾਨੀ ਕਬਜ਼ੇ ਵਾਲੇ ਕਸ਼ਮੀਰ ’ਚ 9 ਅੱਤਵਾਦੀ ਠਿਕਾਣਿਆਂ ’ਤੇ ਹਮਲਾ ਕੀਤਾ ਸੀ। ਰੱਖਿਆ ਮੰਤਰਾਲਾ ਨੇ ਕਿਹਾ ਕਿ ਉਹ ਹਲਕੇ ਰਾਡਾਰ, ਬਹੁਤ ਘੱਟ ਦੂਰੀ ਦੀਆਂ ਹਵਾਈ ਰੱਖਿਆ ਮਿਜ਼ਾਈਲਾਂ ਤੇ ਲਾਂਚਰ, ਰਿਮੋਟ-ਕੰਟਰੋਲ ਹਵਾਈ ਵਾਹਨ ਅਤੇ ਹੋਰ ਫੌਜੀ ਉਪਕਰਣ ਖਰੀਦ ਰਿਹਾ ਹੈ। ਮੰਤਰਾਲਾ ਨੇ ਕਿਹਾ ਕਿ ਐਮਰਜੈਂਸੀ ਖਰੀਦ ਪ੍ਰਣਾਲੀ ਅਧੀਨ ਵੱਖ-ਵੱਖ ਸ਼੍ਰੇਣੀਆਂ ਦੇ ਡਰੋਨ, ਬੁਲੇਟ-ਪਰੂਫ ਜੈਕਟਾਂ ਤੇ ਬੈਲਿਸਟਿਕ ਹੈਲਮੇਟ ਵੀ ਖਰੀਦੇ ਜਾ ਰਹੇ ਹਨ।
ਡੀ. ਆਰ. ਡੀ. ਓ. ਨੇ 28 ਸਵਦੇਸ਼ੀ ਹਥਿਆਰ ਪ੍ਰਣਾਲੀਆਂ ਖਰੀਦਣ ਦਾ ਦਿੱਤਾ ਪ੍ਰਸਤਾਵ
ਭਾਰਤ ਸਰਕਾਰ ਦੇਸ਼ ਦੀ ਫੌਜ ਨੂੰ ਹੋਰ ਵੀ ਸ਼ਕਤੀਸ਼ਾਲੀ ਬਣਾਉਣ ਲਈ ਲਗਾਤਾਰ ਕੋਸ਼ਿਸ਼ ਕਰ ਰਹੀ ਹੈ। ਨਾਲ ਹੀ ‘ਮੇਕ ਇਨ ਇੰਡੀਆ’ ਨੂੰ ਵੀ ਉਤਸ਼ਾਹਿਤ ਕਰ ਰਹੀ ਹੈ। ਇਸ ਸਬੰਧੀ ਭਾਰਤ ਦੇ ਰੱਖਿਆ ਖੋਜ ਸੰਗਠਨ ਡੀ. ਆਰ. ਡੀ. ਓ. ਨੇ ਜ਼ਮੀਨੀ ਫੌਜ, ਸਮੁੰਦਰੀ ਫੌਜ ਤੇ ਹਵਾਈ ਫੌਜ ਲਈ ਐਮਰਜੈਂਸੀ ’ਚ 28 ਸਵਦੇਸ਼ੀ ਹਥਿਆਰ ਪ੍ਰਣਾਲੀਆਂ ਖਰੀਦਣ ਦਾ ਪ੍ਰਸਤਾਵ ਰੱਖਿਆ ਹੈ। ਇਨ੍ਹਾਂ ’ਚ ਹਵਾ ਤੋਂ ਹਵਾ ਅਤੇ ਹਵਾ ਤੋਂ ਜ਼ਮੀਨ ਤਕ ਮਾਰ ਕਰਨ ਵਾਲੀਆਂ ਮਿਜ਼ਾਈਲਾਂ, ਲੇਜ਼ਰ ਗਾਈਡਡ ਬੰਬ ਤਾਰਪੀਡੋ, ਨਾਗ ਐਂਟੀ-ਟੈਂਕ ਮਿਜ਼ਾਈਲ, ਰੁਦਰਮ ਐਂਟੀ-ਰੇਡੀਏਸ਼ਨ ਮਿਜ਼ਾਈਲ, ਸਮੁੰਦਰੀ ਫੌਜ ਲਈ ਐਂਟੀ-ਸ਼ਿਪ ਮਿਜ਼ਾਈਲਾਂ, ਗ੍ਰੇਨੇਡ, ਤੋਪਾਂ ਦੇ 155 ਐੱਮ. ਐੱਮ. ਦੇ ਗੋਲੇ, ਸਮਾਰਟ ਐਂਟੀ-ਏਅਰਫੀਲਡ ਹਥਿਆਰ ਤੇ ਲੰਬੀ ਦੂਰੀ ਦੇ ਗਾਈਡਡ ਬੰਬ ਸ਼ਾਮਲ ਹਨ।