ਕਪੂਰਥਲਾ – ਡਿਪਟੀ ਕਮਿਸ਼ਨਰ ਅਮਿਤ ਕੁਮਾਰ ਪੰਚਾਲ ਨੇ ਲੋਕਾਂ ਨੂੰ ਸੱਦਾ ਦਿੱਤਾ ਹੈ ਕਿ ਉਹ ਯੋਗ ਨੂੰ ਆਪਣੇ ਜੀਵਨ ਦਾ ਅਹਿਮ ਹਿੱਸਾ ਬਣਾਉਣ, ਜਿਸ ਨਾਲ ਨਰੋਏ ਸਮਾਜ ਦੀ ਸਿਰਜਣਾ ਵੱਲ ਵਧਿਆ ਜਾ ਸਕਦਾ ਹੈ। ਅੱਜ ਇਥੇ ਧਰਮ ਸਭਾ ਵਿਖੇ ਅੰਤਰਰਾਸ਼ਟਰੀ ਯੋਗ ਦਿਵਸ ਮੌਕੇ ਕਰਵਾਏ ਗਏ ਜ਼ਿਲ੍ਹਾ ਪੱਧਰੀ ਸਮਾਗਮ ਦੌਰਾਨ ਬੋਲਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸਦੀਆਂ ਤੋਂ ਯੋਗ ਸਾਡੇ ਜੀਵਨ ਨੂੰ ਸੇਧ ਦਿੰਦਾ ਆ ਰਿਹਾ ਹੈ , ਜਿਸ ਨਾਲ ਨਾ ਸਿਰਫ਼ ਸਾਨੂੰ ਸਰੀਰਕ ਅਤੇ ਮਾਨਸਿਕ ਤੰਦਰੁਸਤੀ ਮਿਲਦੀ ਹੈ।
ਉਨ੍ਹਾਂ ਕਿਹਾ ਕਿ ਹੁਣ ਪੂਰੀ ਦੁਨੀਆ ਨੇ ਯੋਗ ਦੀ ਮਹੱਤਤਾ ਨੂੰ ਸਮਝਿਆ ਜਿਸ ਤਹਿਤ 21 ਜੂਨ ਨੂੰ ਅੰਤਰਰਾਸ਼ਟਰੀ ਯੋਗ ਦਿਵਸ ਵਜੋ ਮਨਾਇਆ ਜਾਂਦਾ ਹੈ , ਜਿਸ ਨਾਲ ਵਿਸ਼ਵ ਭਰ ਦੇ ਲੋਕ ਭਾਰਤ ਦੀ ਇਸ ਸਦੀਆਂ ਪੁਰਾਣੀ ਕਿਰਿਆ ਦਾ ਲਾਭ ਲੈ ਰਹੇ ਹਨ। ਡਿਪਟੀ ਕਮਿਸ਼ਨਰ ਨੇ ਲੋਕਾਂ ਨੂੰ ਸੀ. ਐੱਮ. ਦੀ ਯੋਗਸ਼ਾਲਾ ਦਾ ਲਾਭ ਲੈਣ ਦਾ ਸੱਦਾ ਦਿੰਦਿਆਂ ਕਿਹਾ ਕਿ ਜ਼ਿਲ੍ਹੇ ਵਿੱਚ ਵੱਖ-ਵੱਖ ਥਾਵਾਂ ਉੱਪਰ ਸੀ. ਐੱਮ. ਦੀ ਯੋਗਸ਼ਾਲਾ ਤਹਿਤ ਯੋਗ ਇੰਸਟਰਕਟਰਾਂ ਵੱਲੋਂ ਯੋਗ ਕਲਾਸਾਂ ਮੁਫ਼ਤ ਲਗਾਈਆਂ ਜਾਂਦੀਆਂ ਹਨ, ਜਿਸ ਦਾ ਲੋਕ ਵੱਧ ਤੋਂ ਵੱਧ ਲਾਭ ਲੈਣ ।
ਉਨ੍ਹਾਂ ਕਿਹਾ ਕਿ ਲੋਕ ਆਪਣੇ ਨੇੜੇ ਕਿਸੇ ਪਾਰਕ, ਹਾਲ ਵਿੱਚ ਮੁਫ਼ਤ ਯੋਗ ਕਲਾਸਾਂ ਲਵਾ ਸਕਦੇ ਹਨ, ਜਿਸ ਲਈ ਉਹ ਪੰਜਾਬ ਸਰਕਾਰ ਵੱਲੋਂ ਜਾਰੀ ਨੰਬਰ 76694-00500 ਉੱਪਰ ਸੰਪਰਕ ਕਰਕੇ ਯੋਗ ਇੰਸਟਰਕਟਰ ਦੀਆਂ ਮੁਫ਼ਤ ਸੇਵਾਵਾਂ ਲੈ ਸਕਦੇ ਹਨ । ਇਸ ਤੋਂ ਪਹਿਲਾਂ ਪੰਚਾਲ ਨੇ ਐੱਸ. ਐੱਸ. ਪੀ. ਗੌਰਵ ਤੂਰਾ, ਨਗਰ ਨਿਗਮ ਕਮਿਸ਼ਨਰ ਅਨੁਪਨ ਕਲੇਰ, ਵਧੀਕ ਡਿਪਟੀ ਕਮਿਸ਼ਨਰ ਜਨਰਲ ਨਵਨੀਤ ਕੌਰ ਬੱਲ, ਵਧੀਕ ਡਿਪਟੀ ਕਮਿਸ਼ਨਰ ਵਿਕਾਸ ਵਰਿੰਦਰਪਾਲ ਸਿੰਘ ਬਾਜਵਾ ਅਤੇ ਸੈਂਕੜੇ ਲੋਕਾਂ ਵੱਲੋਂ ਇਕ ਘੰਟਾ ਯੋਗ ਅਭਿਆਸ ਕੀਤਾ ਗਿਆ ।















